ਹੁਣ ਹੋਰ ਬੁਰਾ ਘਿਰੇਗਾ ਅਕਾਲੀ ਦਲ!

ਹੁਣ ਹੋਰ ਬੁਰਾ ਘਿਰੇਗਾ ਅਕਾਲੀ ਦਲ!

ਚੰਡੀਗੜ੍ਹ, 27 ਸਤੰਬਰ : ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਹੋ ਚੁੱਕੀ ਐ, ਸਾਰੀਆਂ ਸਿਆਸੀ ਪਾਰਟੀਆਂ ਇਸੇ ਤਿਕੜਮਬਾਜ਼ੀ ਵਿਚ ਲੱਗੀਆਂ ਹੋਈਆਂ ਨੇ ਕਿ ਜਿੱਤ ਉਨ੍ਹਾਂ ਦੀ ਝੋਲੀ ਪਵੇ ਪਰ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੁੱਝ ਡਾਂਵਾਂਡੋਲ ਦਿਖਾਈ ਦੇ ਰਹੀ ਐ ਕਿਉਂਕਿ ਇੰਡੀਆ ਗਠਜੋੜ ਵਿਚ ਉਹ ਜਾ ਨਹੀਂ ਸਕਦਾ ਅਤੇ ਐਨਡੀਏ ਵਿਚ ਉਸ ਨੂੰ ਸੱਦਿਆ ਨਹੀਂ ਗਿਆ। ਭਾਵੇਂ ਕਿ ਅਕਾਲੀ ਦਲ ਨੇ ਬਸਪਾ ਨਾਲ ਹੱਥ ਮਿਲਾਇਆ ਹੋਇਆ ਏ ਪਰ ਖ਼ੁਦ ਮਝਧਾਰ ਵਿਚ ਫਸੀ ਬਸਪਾ ਅਕਾਲੀ ਦਲ ਦਲ ਬੇੜੀ ਨੂੰ ਬੰਨੇ ਨਹੀਂ ਲਗਾ ਸਕਦੀ। ਬਲਕਿ ਕਨਸੋਆਂ ਤਾਂ ਇਹ ਵੀ ਮਿਲ ਰਹੀਆਂ ਨੇ ਕਿ ਵਿਰੋਧੀ ਪਾਰਟੀਆਂ ਵੱਲੋਂ ਜਿਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਐ, ਉਸ ਤੋਂ ਬਾਅਦ ਅਕਾਲੀ ਦਲ ਦੀ ਹਾਲਤ ਇਸ ਤੋਂ ਵੀ ਮਾੜੀ ਹੋ ਸਕਦੀ ਐ। ਸੋ ਆਓ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਚੱਲ ਰਹੀਆਂ ਚਰਚਾਵਾਂ ’ਤੇ ਇਕ ਝਾਤ ਮਾਰਦੇ ਆਂ।

ਪੰਜਾਬ ਦੀ ਸੱਤਾ ’ਤੇ ਲੰਬਾ ਸਮਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਏ ਪਰ ਮੌਜੂਦਾ ਸਮੇਂ ਅਕਾਲੀ ਦਲ ਦੀ ਹਾਲਤ ਕਾਫ਼ੀ ਜ਼ਿਆਦਾ ਪਤਲੀ ਹੋ ਚੁੱਕੀ ਐ। ਪੰਜਾਬ ਦੇ ਮੌਜੂਦਾ ਸਿਆਸੀ ਘਟਨਾਕ੍ਰਮ ’ਤੇ ਝਾਤ ਮਾਰੀ ਜਾਵੇ ਤਾਂ ਅਕਾਲੀ ਦਲ ਨੂੰ ਲੈ ਕੇ ਅੱਗੇ ਵੀ ਕੋਈ ਜ਼ਿਆਦਾ ਚਾਨਣ ਦਿਖਾਈ ਨਹੀਂ ਦੇ ਰਿਹਾ ਏ। ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਅੰਦਰਖ਼ਾਤੇ ਉਮੀਦਵਾਰਾਂ ਦੀ ਤਿਆਰੀ ਕਰ ਰਹੀਆਂ ਨੇ।

ਕੁੱਝ ਪਾਰਟੀਆਂ ਨੇ ਅੰਦਰਖ਼ਾਤੇ ਆਪਣੇ ਉਮੀਦਵਾਰਾਂ ਨੂੰ ਥਾਪੜਾ ਵੀ ਦੇ ਦਿੱਤਾ ਏ, ਜਿਸ ਤੋਂ ਬਾਅਦ ਉਹ ਆਪੋ ਆਪਣੇ ਹਲਕਿਆਂ ਵਿਚ ਸਰਗਰਮ ਹੋ ਚੁੱਕੇ ਨੇ ਪਰ ਅਕਾਲੀ ਦਲ ਨੂੰ ਲੈ ਕੇ ਇਹ ਚਰਚਾ ਸਾਹਮਣੇ ਆ ਰਹੀ ਐ ਕਿ ਪਾਰਟੀ ਦੇ ਵੱਡੇ ਲੀਡਰ ਚੋਣ ਲੜਨ ਲਈ ਤਿਆਰ ਨਹੀਂ, ਜਦਕਿ ਨੌਜਵਾਨ ਆਗੂਆਂ ਦਾ ਇੰਨਾ ਆਧਾਰ ਨਹੀਂ ਕਿ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਜਾ ਸਕੇ। ਉਂਝ ਇਹ ਵੀ ਕਿਹਾ ਜਾ ਰਿਹਾ ਏ ਕਿ ਅੰਦਰਖ਼ਾਤੇ ਸੁਖਬੀਰ ਬਾਦਲ ਦੀ ਭਾਜਪਾ ਨਾਲ ਗੱਲਬਾਤ ਚੱਲ ਰਹੀ ਐ ਪਰ ਇਹ ਕਿਹਾ ਜਾ ਰਿਹਾ ਏ ਕਿ ਕਿਸੇ ਵੱਡੀ ਸ਼ਰਤ ਨੂੰ ਲੈ ਕੇ ਦੋਵਾਂ ਵਿਚਾਲੇ ਪੇਚ ਫਸਿਆ ਹੋਇਆ ਏ।

ਉਂਝ ਕੁੱਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਏ ਕਿ ਜੇਕਰ ਸੁਖਬੀਰ ਬਾਦਲ ਅਕਾਲੀ ਦਲ ਤੋਂ ਅਸਤੀਫ਼ਾ ਦੇਵੇਗਾ ਤਾਂ ਉਹ ਅਕਾਲੀ ਦਲ ਨਾਲ ਗਠਜੋੜ ਦੇ ਲਈ ਤਿਆਰ ਐ। ਜੇਕਰ ਵਾਕਈ ਕੋਈ ਅਜਿਹੀ ਗੱਲ ਐ ਤਾਂ ਫਿਰ ਇਸ ਗਠਜੋੜ ਨੂੰ ਨਾਂਹ ਹੀ ਸਮਝਿਆ ਜਾਵੇਗਾ ਕਿਉਂਕਿ ਨਾ ਸੁਖਬੀਰ ਬਾਦਲ ਅਸਤੀਫ਼ਾ ਦੇਵੇਗਾ ਅਤੇ ਨਾ ਹੀ ਗਠਜੋੜ ਹੋਵੇਗਾ।

ਪੰਜਾਬ ਦੀ ਸੱਤਾ ’ਤੇ ਲੰਬਾ ਸਮਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਏ ਪਰ ਜ਼ਿਆਦਾਤਰ ਲੋਕਾਂ ਦਾ ਮੰਨਣਾ ਏ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਆਈ ਐ, ਅਕਾਲੀ ਦਲ ਨਿਘਾਰ ਵੱਲ ਹੀ ਵਧਦਾ ਜਾ ਰਿਹਾ ਏ। ਉਂਝ ਇਸ ਗੱਲ ਦਾ ਅਹਿਸਾਸ ਸੁਖਬੀਰ ਬਾਦਲ ਦੇ ਕਰੀਬੀਆਂ ਨੂੰ ਵੀ ਹੋ ਰਿਹਾ ਏ ਪਰ ‘ਕੌਣ ਰਾਣੀ ਨੂੰ ਆਖੇ ਅੱਗਾ ਢਕ’ ਦੀ ਕਹਾਵਤ ਅਨੁਸਾਰ ਕੋਈ ਸੁਖਬੀਰ ਦੇ ਮੂੰਹ ਦੇ ਕਹਿਣ ਲਈ ਤਿਆਰ ਨਹੀਂ।
ਪੂਰੀ ਖ਼ਬਰ ਦੇਖਣ ਲਈ ਸਾਡੇ ਯੂ ਟਿਊਬ ਚੈਨਲ ’ਤੇ ਕਲਿੱਕ ਕਰੋ :

ਇਹ ਵੀ ਕਿਹਾ ਜਾ ਰਿਹਾ ਏ ਕਿ ਕੋਰ ਕਮੇਟੀ ਨੇ ਤਾਂ ਇਕ ਵਾਰ ਸੁਖਬੀਰ ਸਿੰਘ ਬਾਦਲ ਕੋਲੋਂ ਅਸਤੀਫ਼ਾ ਲੈਣ ਦੀ ਠਾਣ ਲਈ ਸੀ ਪਰ ਐਨ ਮੌਕੇ ’ਤੇ ਇਹ ਫ਼ੈਸਲਾ ਟਲ ਗਿਆ। ਇਹ ਗੱਲ ਉਸ ਸਮੇਂ ਦੀ ਐ ਜਦੋਂ ਵੱਡੇ ਬਾਦਲ ਸਾਬ੍ਹ ਜਿਉਂਦੇ ਸਨ। ਕਿਹਾ ਜਾਂਦਾ ਏ ਕਿ ਵੱਡੇ ਬਾਦਲ ਸਾਬ੍ਹ ਨੇ ਹੀ ਕੋਰ ਕਮੇਟੀ ਅੱਗੇ ਸੁਖਬੀਰ ਨੂੰ ਇਕ ਮੌਕਾ ਹੋਰ ਦੇਣ ਦੀ ਬੇਨਤੀ ਕੀਤੀ ਸੀ। ਸੁਖਬੀਰ ਬਾਦਲ ਨੂੰ ਜ਼ਰੂਰ ਮੌਕਾ ਮਿਲ ਗਿਆ ਪਰ ਇਸ ਸਮੇਂ ਅਕਾਲੀ ਦਲ ਕੋਲ ਕੋਈ ਮੌਕਾ ਨਹੀਂ ਬਚਿਆ, ਜਿਸ ਦੇ ਸਹਾਰੇ ਉਹ ਮੁੜ ਤੋਂ ਆਪਣੀ ਸ਼ਾਖ਼ ਮਜ਼ਬੂਤ ਕਰ ਸਕੇ।

ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਸਮਝ ਰਹੇ ਨੇ ਕਿ ਜੇਕਰ ਪੰਜਾਬ ਵਿਚ ਆਪ ਅਤੇ ਕਾਂਗਰਸ ਦਾ ਗਠਜੋੜ ਹੋਇਆ ਤਾਂ ਇਸ ਦਾ ਫ਼ਾਇਦਾ ਅਕਾਲੀ ਦਲ ਨੂੰ ਜ਼ਰੂਰ ਮਿਲੇਗਾ, ਜਦਕਿ ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਇਹ ਸੁਖਬੀਰ ਬਾਦਲ ਦਾ ਭੁਲੇਖਾ ਏ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਕਿਉਂਕਿ ਕੇਂਦਰ ਵਿਚ ਭਾਵੇਂ ਜੋ ਮਰਜ਼ੀ ਸਮਝੌਤਾ ਹੋਇਆ ਹੋਵੇ ਪਰ ਇਹ ਸਮਝਿਆ ਜਾ ਰਿਹਾ ਏ ਕਿ ਪੰਜਾਬ ਵਿਚ ਇਹ ਗਠਜੋੜ ਆਪ ਦੀਆਂ ਸ਼ਰਤਾਂ ਦੇ ਆਧਾਰ ’ਤੇ ਹੋਵੇਗਾ ਤਾਂ ਜੋ ਕਿਸੇ ਤਰ੍ਹਾਂ ਦੇ ਸਿਆਸੀ ਨੁਕਸਾਨ ਤੋਂ ਬਚਿਆ ਜਾ ਸਕੇ।

ਇਸ ਸਮੇਂ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਏ ਜੋ ਅਕਾਲੀ ਦਲ ਲਈ ਵੱਡੀ ਸੁਪੋਰਟ ਐ ਪਰ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਕੋਲੋਂ ਇਹ ਵੱਡੀ ਸੁਪੋਰਟ ਵੀ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਐ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਪੰਥਕ) ਬਣਾਉਣ ਵਾਲੀ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ। ਇਹ ਦੋਵੇਂ ਸੀਨੀਅਰ ਆਗੂ ਤਾਂ ਸਿੱਧੇ ਤੌਰ ’ਤੇ ਆਖ ਚੁੱਕੇ ਨੇ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਏ ਤਾਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਵੱਲੋਂ ਜਿਹੜਾ ਯੂਥ ਅਕਾਲੀ ਦਲ ਬਣਾਇਆ ਗਿਆ ਏ, ਉਨ੍ਹਾਂ ਦੇ ਆਗੂਆਂ ਨੂੰ ਅਕਾਲੀ ਦਲ ਦਾ ਮਤਲਬ ਵੀ ਪਤਾ ਨਹੀਂ। ਇਸੇ ਕਰਕੇ ਅਕਾਲੀ ਦਲ ਫੇਲ੍ਹ ਹੋਇਆ ਏ।

ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਜੇਕਰ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੇ ਗਈ ਤਾਂ ਸੁਖਬੀਰ ਬਾਦਲ ਦੇ ਹੱਥ ਪੱਲੇ ਕੁੱਝ ਨਹੀਂ ਰਹਿ ਜਾਵੇਗਾ ਅਤੇ ਇਕ ਤਰ੍ਹਾਂ ਨਾਲ ਅਕਾਲੀ ਦਲ ਖ਼ਤਮ ਹੋ ਜਾਵੇਗਾ। ਵਿਰੋਧੀਆਂ ਵੱਲੋਂ ਲੋਕ ਸਭਾ ਦੇ ਨਾਲ ਇਹੀ ਵੱਡੀ ਤਿਆਰੀ ਕੀਤੀ ਜਾ ਰਹੀ ਐ। ਬੀਬੀ ਜਗੀਰ ਕੌਰ ਦਾ ਕਹਿਣਾ ਏ ਕਿ ਉਸ ਨੂੰ ਪ੍ਰਧਾਨ ਬਣਨ ਦਾ ਕੋਈ ਸ਼ੌਕ ਨਹੀਂ ਪਰ ਉਹ ਚਾਹੁੰਦੀ ਐ ਕਿ ਸਿੱਖਾਂ ਦੀ ਸਰਵਉਚ ਸੰਸਥਾ ਦਾ ਅਜਿਹਾ ਪ੍ਰਧਾਨ ਨਾ ਬਣੇ ਜੋ ਸੁਖਬੀਰ ਬਾਦਲ ਦੀ ਕਠਪੁਤਲੀ ਹੋਵੇ।

ਬੀਬੀ ਜਗੀਰ ਕੌਰ ਕੋਲ ਇਸ ਸਮੇਂ 42 ਮੈਂਬਰ ਮੌਜੂਦ ਨੇ, ਉਨ੍ਹਾਂ ਨੂੰ 30 ਹੋਰ ਮੈਂਬਰਾਂ ਦੀ ਲੋੜ ਐ, ਜਿਨ੍ਹਾਂ ਲਈ ਬੀਬੀ ਜਗੀਰ ਕੌਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬੀਬੀ ਦਾ ਕਹਿਣਾ ਏ ਕਿ ਉਹ ਸਿਰਫ਼ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਚਾਉਣਾ ਚਾਹੁੰਦੇ ਨੇ, ਜੋ ਸਿੱਖਾਂ ਨੇ ਸੈਂਕੜੇ ਕੁਰਬਾਨੀਆਂ ਕਰਕੇ ਬਣਾਈ ਐ। ਇਸ ਮਾਮਲੇ ਵਿਚ ਬੀਬੀ ਜਗੀਰ ਕੌਰ ਵੱਲੋਂ ਸਿੱਖ ਵਿਦਵਾਨਾਂ, ਪੱਤਰਕਾਰਾਂ ਅਤੇ ਹੋਰ ਸਿਆਸੀ ਮਾਹਿਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਮਾਮਲੇ ਵਿਚ ਉਨ੍ਹਾਂ ਦਾ ਸਾਥ ਮੰਗਿਆ ਜਾ ਰਿਹਾ ਏ।

ਇਸੇ ਤਰ੍ਹਾਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸਿੱਧੇ ਤੌਰ ’ਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰ ਚੁੱਕੇ ਨੇ। ਉਹ ਆਪਣੀਆਂ ਕਈ ਇੰਟਰਵਿਊ ਵਿਚ ਆਖ ਚੁੱਕੇ ਨੇ ਕਿ ਜਦੋਂ ਤੱਕ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਰਹੇਗਾ, ਉਦੋਂ ਤੱਕ ਅਕਾਲੀ ਦਲ ਦਾ ਕੁੱਝ ਨਹੀਂ ਹੋ ਸਕਦਾ। ਇੱਥੇ ਹੀ ਬਸ ਨਹੀਂ, ਇਕ ਇੰਟਰਵਿਊ ਦੌਰਾਨ ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਅਕਾਲੀ ਦਲ ਦਾ ਵਾਰਿਸ ਮੰਨਦੇ ਨੇ। ਉਨ੍ਹਾਂ ਦਾ ਕਹਿਣਾ ਏ ਕਿ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਆਪਣੇ ਮੂੰਹੋਂ ਐਨਡੀਏ ਦੀ ਵਰ੍ਹੇਗੰਢ ਦੌਰਾਨ ਆਖੀ ਸੀ, ਜਿਸ ਵਿਚ ਸੁਖਬੀਰ ਬਾਦਲ ਨੂੰ ਨਹੀਂ ਬਲਕਿ ਉਨ੍ਹਾਂ ਨੂੰ ਬੁਲਾਇਆ ਗਿਆ ਸੀ।

ਕੁੱਝ ਲੋਕ ਇਹ ਵੀ ਆਖ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੀਆਂ ਕਥਿਤ ਮਨਮਾਨੀਆਂ ਤੋਂ ਪਾਰਟੀ ਦੇ ਕਈ ਲੀਡਰ ਦੁਖੀ ਨੇ। ਇਸੇ ਦੌਰਾਨ ਕੁੱਝ ਲੋਕਾਂ ਵੱਲੋਂ ਪਾਰਟੀ ਫੰਡ ਵਿਚ ਘਪਲਾ ਕੀਤੇ ਜਾਣ ਦੀ ਗੱਲ ਦਬੀ ਜ਼ੁਬਾਨ ਵਿਚ ਆਖੀ ਜਾ ਰਹੀ ਐ। ਕਿਹਾ ਜਾ ਰਿਹਾ ਏ ਕਿ ਸੁਖਬੀਰ ਬਾਦਲ ਵੱਲੋਂ ਪਾਰਟੀ ਫੰਡ ਵਿਚੋਂ ਦੋ ਵੱਡੀ ਅਮਾਊਂਟ ਦੇ ਚੈੱਕ ਕੱਟੇ ਗਏ ਸੀ, ਜਿਸ ਨੂੰ ਲੈ ਕੇ ਕਾਫ਼ੀ ਲੀਡਰਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਐ। ਇਕ ਗੱਲ ਇਹ ਵੀ ਸਾਹਮਣੇ ਆ ਰਹੀ ਐ ਕਿ ਸੁਖਬੀਰ ਬਾਦਲ ਵੱਲੋਂ ਚੋਣਾਂ ਤੋਂ ਪਹਿਲਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਕੋਲੋਂ 5-5 ਲੱਖ ਰੁਪਏ ਫੰਡ ਮੰਗਿਆ ਜਾ ਰਿਹਾ ਏ, ਜਿਨ੍ਹਾਂ ਵਿਚੋਂ ਬਹੁਤ ਸਾਰੇ ਆਗੂ ਇਸ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਨੇ। ਹਾਲਾਂਕਿ ਇਸ ਵਿਚ ਕਿੰਨੀ ਕੁ ਸੱਚਾਈ ਐ, ਇਸ ਬਾਰੇ ਪੁਖ਼ਤਾ ਤੌਰ ’ਤੇ ਕੁੱਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਕਿਹਾ ਜਾ ਰਿਹਾ ਏ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਗਠਜੋੜ ਕਰਨ ਦੇ ਲਈ ਬਹੁਤ ਹੱਥ ਪੈਰ ਮਾਰੇ ਗਏ ਪਰ ਭਾਜਪਾ ਵੱਲੋਂ ਅਜਿਹੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਜੋ ਸੁਖਬੀਰ ਬਾਦਲ ਦੇ ਗਲੇ ਨਹੀਂ ਉਤਰ ਰਹੀਆਂ। ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਪਾਰਲੀਮੈਂਟ ਦੇ ਅੰਦਰ ਭਾਜਪਾ ਦੇ ਕਈ ਕੰਮਾਂ ਦਾ ਸਮਰਥਨ ਵੀ ਕੀਤਾ ਗਿਆ ਤਾਂ ਜੋ ਭਾਜਪਾ ਹਾਈਕਮਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਸਕੇ ਪਰ ਭਾਜਪਾ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਮੌਜੂਦਾ ਸਮੇਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਤੋਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਇਹ ਗੱਲ ਸਾਫ਼ ਤੌਰ ’ਤੇ ਆਖ ਚੁੱਕੇ ਨੇ ਕਿ ਉਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੋਵੇਗਾ।

ਸੋ ਪੰਜਾਬ ਵਿਚ ਚੱਲ ਰਹੇ ਸਾਰੇ ਸਿਆਸੀ ਘਟਨਾਕ੍ਰਮ ਨੂੰ ਦੇਖਣ ’ਤੇ ਇਹ ਪਤਾ ਚਲਦਾ ਏ ਕਿ ਮੌਜੂਦਾ ਸਮੇਂ ਸੁਖਬੀਰ ਬਾਦਲ ਭਾਵੇਂ ਕਿੰਨੇ ਹੀ ਜਿੱਤ ਦੇ ਦਮਗਜ਼ੇ ਮਾਰੀ ਜਾਣ ਪਰ ਅਕਾਲੀ ਦਲ ਲਈ ਆਉਣ ਵਾਲਾ ਸਮਾਂ ਹੋਰ ਵੀ ਔਖਾ ਜਾਪ ਰਿਹਾ ਏ। ਜੇਕਰ ਇਸ ਦੇ ਬਾਵਜੂਦ ਅਕਾਲੀ ਦਲ ਨੂੰ ਲੋਕ ਸਭਾ ਵਿਚ ਕੁੱਝ ਸੀਟਾਂ ਹਾਸਲ ਹੋਈਆਂ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ…

ਨਵੀਂ ਦਿੱਲੀ, 18 ਮਈ, ਨਿਰਮਲ : ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ…
ਸੁਖਬੀਰ ਬਾਦਲ ਨੇ ਕਾਂਗਰਸੀ ਤੇ ਆਪ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ’ਚ ਸ਼ਾਮਲ ਕਰਵਾਇਆ

ਸੁਖਬੀਰ ਬਾਦਲ ਨੇ ਕਾਂਗਰਸੀ ਤੇ ਆਪ ਵਰਕਰਾਂ ਨੂੰ ਸ਼੍ਰੋਮਣੀ…

ਚੰਡੀਗੜ੍ਹ, 18 ਮਈ, ਨਿਰਮਲ : ਜਲੰਧਰ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਕਾਂਗਰਸੀ ਅਤੇ ਆਪ…
ਸਾਬਕਾ ਡਿਪਟੀ ਮੇਅਰ ਸਣੇ ਕਈ ਆਪ ਨੇਤਾ ਬੀਜੇਪੀ ਵਿਚ ਸ਼ਾਮਲ

ਸਾਬਕਾ ਡਿਪਟੀ ਮੇਅਰ ਸਣੇ ਕਈ ਆਪ ਨੇਤਾ ਬੀਜੇਪੀ ਵਿਚ…

ਜਲੰਧਰ, 17 ਮਈ, ਨਿਰਮਲ : ਆਮ ਆਦਮੀ ਪਾਰਟੀ ਦੇ ਕਈ ਨੇਤਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਨੇਤਾਵਾਂ…