ਪੁਰਾਣੇ ਸਮੇਂ ਵਿੱਚ ਵਿਆਹ ਅਨੇਕ ਰਸਮਾਂ ਨਾਲ ਕਈ ਦਿਨਾਂ ਵਿੱਚ ਸੰਪੂਰਨ ਹੁੰਦਾ ਸੀ। ਵਿਆਹ ਧਾਰਮਿਕ ਤੇ ਸਮਾਜਿਕ ਰਸਮਾਂ ਦਾ ਸੰਗ੍ਰਹਿ ਹੀ ਹੁੰਦਾ ਹੈ। ਸਮੇਂ ਨਾਲ ਇਹ ਰਸਮਾਂ ਘਟ ਰਹੀਆਂ ਹਨ, ਕੁਝ ਖ਼ਤਮ ਹੋ ਗਈਆਂ ਹਨ ਤੇ ਕੁਝ ਅੱਧ ਅਧੂਰੀਆਂ ਰਹਿ ਗਈਆਂ ਹਨ। ਸਾਲੀਆਂ ਵੱਲੋਂ ਬਾਰ ਰੋਕਣ ਦੀ ਨਵੀਂ ਰਸਮ ਸ਼ੁਰੂ ਹੋ ਗਈ ਹੈ। ਅੱਜ ਇੱਥੇ ਉਨ੍ਹਾਂ ਰਸਮਾਂ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਹਨ।

ਰੋਪਣਾ ਪੈਣੀ:
ਰਿਸ਼ਤਾ ਪੱਕਾ ਕਰਨ ਸਮੇਂ ਰੋਪਣਾ ਦੀ ਰਸਮ ਕੀਤੀ ਜਾਂਦੀ ਸੀ। ਮੁੰਡੇ ਨੂੰ ਚੌਂਕੀ ਉੱਤੇ ਬਿਠਾ ਕੇ ਵਿਚੋਲਾ ਜਾਂ ਨਾਈ ਉਸ ਦੀ ਝੋਲੀ ਵਿੱਚ ਇੱਕ ਚਾਂਦੀ ਦਾ ਰੁਪਈਆ ਅਤੇ ਸ਼ੱਕਰ ਪਾ ਕੇ ਮੂੰਹ ਮਿੱਠਾ ਕਰਾ ਦਿੰਦਾ ਸੀ। ਘਰਾਂ ਦੀਆਂ ਔਰਤਾਂ ਸ਼ਗਨ ਵਾਲੇ ਘਰ ਆਉਣ ਵੇਲੇ ਛੰਨੇ ਵਿੱਚ ਦਾਣੇ ਲੈ ਕੇ ਆਉਂਦੀਆਂ ਸਨ। ਵਾਪਸੀ ਸਮੇਂ ਔਰਤਾਂ ਦੇ ਛੰਨੇ ਵਿੱਚ ਸ਼ੱਕਰ ਪਾ ਦਿੱਤੀ ਜਾਂਦੀ ਸੀ। ਰਿਸ਼ਤਾ ਪੱਕਾ ਹੋਣ ਦੀ ਖੁਸ਼ੀ ਵਿੱਚ ਚੌਲ ਉਬਾਲ ਕੇ ਪੁਣ ਕੇ ਉੱਤੇ ਸ਼ੱਕਰ ਪਾ ਕੇ ਸ਼ਰੀਕੇ ਵਿੱਚ ਵੰਡੇ ਜਾਂਦੇ ਸਨ। ਇਹ ਰਸਮ ਅਕਸਰ ਵਿਆਹ ਤੋਂ ਕਈ ਸਾਲ ਪਹਿਲਾਂ ਹੀ ਕੀਤੀ ਜਾਂਦੀ ਸੀ। ਸੱਦਾ ਪੱਤਰ:ਵਿਆਹ ਦਾ ਸੱਦਾ ਪੱਤਰ ਦੇਣ ਲਈ ਨਾਈ ਰਿਸ਼ਤੇਦਾਰੀਆਂ ਵਿੱਚ ਜਾਂਦਾ ਸੀ। ਸੱਦੇ ਪੱਤਰ ਵਜੋਂ ਇੱਕ ਚਿੱਠੀ ਲਿਖ ਕੇ ਉੱਤੇ ਹਲਦੀ ਧੂੜ ਕੇ ਖੱਮਣੀ ਬੰਨ੍ਹੀ ਜਾਂਦੀ ਸੀ। ਜਿਹੜੀ ਵੀ ਰਿਸ਼ਤੇਦਾਰੀ ਵਿੱਚ ਲਾਗੀ ਜਾਂਦਾ ਸੀ, ਉਥੋਂ ਉਸ ਨੂੰ ਖੇਸ ਜਾਂ ਪੈਸੇ ਜਾਂ ਦੋਵੇ ਦਿੱਤੇ ਜਾਂਦੇ ਸਨ। ਗੰਢ ਤਿਓਰ – ਵਿਆਹ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਦੀ ਮਾਂ ਲਈ ਕੱਪੜੇ ਤੇ ਕੋਈ ਗਹਿਣਾ ਭੇਜਦੇ ਸਨ। ਆਮ ਕਰਕੇ ਇਸ ਵਿੱਚ ਸਾਟਿਨ ਦਾ ਘੱਗਰਾ, ਕੁੜਤੀ, ਦੁਪੱਟਾ, ਪੰਜ ਮੋਹਰਾਂ ਨਾਲਾ ਪਾਉਣੀ ਤੇ ਸ਼ਿੰਗਾਰ ਦਾ ਸਾਮਾਨ ਸ਼ਾਮਲ ਹੁੰਦਾ ਸੀ।