ਕੀ ਚਿੜੀਆਂ ਮਹਿਜ਼ ਕਹਾਣੀਆਂ ਤਕ ਸੀਮਤ ਹੋ ਕੇ ਰਹਿ ਜਾਣਗੀਆਂ?

ਕੀ ਚਿੜੀਆਂ ਮਹਿਜ਼ ਕਹਾਣੀਆਂ ਤਕ ਸੀਮਤ ਹੋ ਕੇ ਰਹਿ ਜਾਣਗੀਆਂ?

ਚੰਡੀਗੜ੍ਹ, 7 ਸਤੰਬਰ (ਸ਼ਾਹ) : ਕੋਈ ਸਮਾਂ ਸੀ ਜਦੋਂ ਸਾਡੇ ਵਿਹੜਿਆਂ ਵਿਚ ਚਿੜੀਆਂ ਆਮ ਹੀ ਚਹਿਕਦੀਆਂ ਨਜ਼ਰ ਆਉਂਦੀਆਂ ਸਨ ਪਰ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਇਹ ਛੋਟਾ ਜਿਹਾ ਪੰਛੀ ਸਾਨੂੰ ਕਿਤੇ ਲੱਭਿਆਂ ਵੀ ਨਹੀਂ ਮਿਲਦਾ। ਮਨੁੱਖ ਵੱਲੋਂ ਕੀਤੀ ਜਾ ਰਹੀ ਬੇਤਹਾਸ਼ਾ ਤਰੱਕੀ ਨੇ ਚਿੜੀਆਂ ਸਮੇਤ ਹੋਰ ਬਾਕੀ ਜੀਵਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਏ।

ਹਾਲਾਤ ਇਹ ਬਣ ਗਏ ਨੇ ਕਿ ਮੌਜੂਦਾ ਸਮੇਂ ਪੰਛੀਆਂ ਦੀਆਂ 87 ਪ੍ਰਜਾਤੀਆਂ ਖ਼ਤਮ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਨੇ, ਜਿਨ੍ਹਾਂ ਵਿਚ ਚਿੜੀਆਂ ਦਾ ਨਾਮ ਵੀ ਸ਼ਾਮਲ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਚਿੜੀਆਂ ਨੂੰ ਕਿਹੜੀ ਚੀਜ਼ ਕਰ ਰਹੀ ਐ ਪ੍ਰਭਾਵਿਤ ਅਤੇ ਕਿਵੇਂ ਕੀਤਾ ਜਾ ਸਕਦਾ ਏ ਇਸ ਦਾ ਬਚਾਅ।

ਇਸ ਦੇ ਕਈ ਕਾਰਨ ਹਨ-ਫ਼ੈਕਟਰੀਆਂ ਤੇ ਆਵਾਜਾਈ ਦੇ ਸਾਧਨਾਂ ਦੇ ਪ੍ਰਦੂਸ਼ਣ ਕਾਰਨ, ਕੈਮੀਕਲਾਂ ਤੇ ਖੇਤਾਂ ਵਿਚ ਵਰਤੀਆਂ ਜਾਦੀਆਂ ਜ਼ਹਿਰੀਲੀਆਂ ਨਦੀਨਨਾਸ਼ਕ ਦਵਾਈਆਂ, ਅੰਧਾਧੁੰਦ ਸ਼ੋਰ ਆਦਿ। ਕੁੱਝ ਮਾਹਰਾਂ ਅਨੁਸਾਰ ਮੋਬਾਈਲ ਟਾਵਰਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਤਰੰਗਾਂ ਵੀ ਇਨ੍ਹਾਂ ਚਿੜੀਆਂ ਨੂੰ ਬੇਹੱਦ ਪ੍ਰਭਾਵਤ ਕਰਦੀਆਂ ਹਨ ਜਿਸ ਕਾਰਨ ਵੀ ਇਨ੍ਹਾਂ ਦੀ ਪ੍ਰਜਾਤੀ ਅਲੋਪ ਹੋਣ ਕਿਨਾਰੇ ਪੁੱਜ ਗਈ ਹੈ। ਪੰਜਾਬ ਵਿਚੋਂ ਲਗਾਤਾਰ ਘਟ ਰਹੀ ਚਿੜੀਆਂ ਦੀ ਗਿਣਤੀ ਭਾਵੇਂ ਕਿ ਵੱਡੀ ਇਕ ਚਿੰਤਾ ਦਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਦੇ ਵੀ ਸਰਕਾਰ ਜਾਂ ਸਬੰਧਤ ਵਿਭਾਗ ਨੇ ਇਸ ਗੰਭੀਰ ਮਸਲੇ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਨਹੀਂ ਸਮਝੀ।


ਪੰਜਾਬ ਵਿਚ ਜੇਕਰ ਪਿਛਲੇ 2 ਦਹਾਕਿਆਂ ’ਤੇ ਝਾਤ ਮਾਰੀ ਜਾਵੇ ਤਾਂ ਦੇਸੀ ਚਿੜੀਆਂ ਦੀ ਗਿਣਤੀ ਪੰਜਾਬ ਵਿਚ ਬਹੁਤ ਜ਼ਿਆਦਾ ਸੀ ਪਰ ਪਿਛਲੇ 5-10 ਸਾਲਾਂ ਤੋਂ ਇਨ੍ਹਾਂ ਦੀ ਗਿਣਤੀ ਲਗਾਤਾਰ ਇੰਨੀ ਘਟ ਚੁਕੀ ਹੈ ਕਿ ਚਿੜੀਆਂ ਘਰਾਂ ’ਚ ਤਾਂ ਕੀ ਖੇਤਾਂ ਵਿਚ ਵੀ ਨਹੀਂ ਦਿਸਦੀਆਂ। ਵਾਤਰਵਾਣ ਵਿਚ ਆ ਰਹੇ ਬਦਲਾਅ ਦੀ ਇਨ੍ਹਾਂ ਨੰਨ੍ਹੇ ਪੰਛੀਆਂ ’ਤੇ ਅਜਿਹੀ ਮਾਰ ਪਈ ਕਿ ਪਤਾ ਨਹੀਂ ਇਹ ਚਿੜੀਆਂ ਕਿਥੇ ਅਲੋਪ ਹੋ ਗਈਆਂ ਤੇ ਵਿਚਾਰੀਆਂ ਚਿੜੀਆਂ ਕਿਧਰ ਖੰਭ ਲਾ ਕੇ ਉੜ ਗਈਆਂ। ਹੁਣ ਸਾਡੇ ਵਿਹੜੇ ਚਿੜੀਆਂ ਦੀ ਚੀਂ-ਚੀਂ ਤੋਂ ਸੱਖਣੇ ਹੋ ਗਏ ਹਨ।

ਕਈ ਪੰਛੀਆਂ ਨੂੰ ਰੈਣ ਬਸੇਰੇ ਲਈ ਜਗ੍ਹਾ ਨਹੀਂ ਮਿਲ ਰਹੀ ਜਿਸ ਕਾਰਨ ਜਾਂ ਤਾਂ ਉਹ ਪਰਵਾਸ ਕਰ ਰਹੇ ਹਨ ਜਾਂ ਫਿਰ ਉਹ ਅਪਣੀ ਹੋਂਦ ਖ਼ਤਮ ਕਰ ਰਹੇ ਹਨ। ਭਾਰਤ ਵਿਚ ਇਸ ਸਮੇਂ ਛੋਟੀ ਚਿੜੀ ਦੀ ਹੋਂਦ ਸੱਭ ਤੋਂ ਵੱਧ ਖ਼ਤਰੇ ਵਿਚ ਹੈ। 14 ਤੋਂ 16 ਸੈਟੀਮੀਟਰ ਲੰਮੀ ਚਿੜੀ ਜਿਸ ਨੂੰ ਗੌਰੀਆ ਵੀ ਕਿਹਾ ਜਾਂਦਾ ਹੈ ਕਿਸੇ ਵੇਲੇ ਮਨੁੱਖ ਦੇ ਸੱਭ ਤੋਂ ਨੇੜੇ ਰਹਿੰਦੇ ਸੀ। ਚਿੜੀਆਂ ਨੇ ਬੜੀ ਰੀਝ ਨਾਲ ਘਰਾਂ ਦੀਆਂ ਛੱਤਾਂ, ਆਲਿਆਂ ਵਿਚ ਆਲ੍ਹਣੇ ਪਾਉਣੇ ਤੇ ਫਿਰ ਉਨ੍ਹਾਂ ਆਲ੍ਹਣਿਆਂ ਵਿਚੋਂ ਚੀਂ-ਚੀਂ ਕਰਦੇ ਛੋਟੇ ਛੋਟੇ ਬੋਟ ਨਿਕਲਣੇ ਜੋ ਆਲੇ ਦੁਆਲੇ ਨੂੰ ਮਦਹੋਸ਼ ਕਰ ਦਿੰਦੇ।


ਜਦੋਂ ਹੀ ਮਨੁੱਖ ਨੇ ਉਚੀਆਂ ਉਚੀਆਂ ਇਮਾਰਤਾਂ ਉਸਾਰਨੀਆਂ ਸ਼ੁਰੂ ਕਰ ਦਿਤੀਆਂ ਉਦੋਂ ਤੋਂ ਹੀ ਉਨ੍ਹਾਂ ਨੂੰ ਮਨੁੱਖ ਬਿਗਾਨਾ ਲੱਗਣ ਲੱਗ ਪਿਆ ਤੇ ਉਨ੍ਹਾਂ ਦੀ ਜਗ੍ਹਾ ਕਬੂਤਰਾਂ ਨੇ ਮੱਲ ਲਈ ਕਿਉਂਕਿ ਕਬੂਤਰਾਂ ਨੂੰ ਉਚੀਆਂ ਇਮਾਰਤਾਂ ’ਤੇ ਰਹਿਣਾ ਪਸੰਦ ਹੁੰਦਾ ਹੈ। ਪੰਛੀਆਂ ਦਾ ਮਨੁੱਖ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਜਿਥੇ ਇਹ ਪੰਛੀ ਫ਼ਸਲਾਂ ਵਿਚੋਂ ਖ਼ਤਰਨਾਕ ਕੀੜਿਆਂ ਨੂੰ ਖਾ ਕੇ ਕਿਸਾਨਾਂ ਨਾਲ ਅਪਣੀ ਮਿੱਤਰਤਾ ਨਿਭਾਉਂਦੇ ਹਨ ਉਥੇ ਹੀ ਸਵੇਰ ਹੁੰਦਿਆਂ ਇਨ੍ਹਾਂ ਪੰਛੀਆਂ ਦਾ ਚਹਿਕਣਾ ਮਨ ਨੂੰ ਅਜਿਹੀ ਸ਼ਾਂਤੀ ਬਖਸ਼ਦਾ ਹੈ ਜੋ ਕਿਧਰੇ ਹੋਰ ਨਹੀਂ ਮਿਲ ਸਕਦੀ।


ਇਸ ਤੋਂ ਇਲਾਵਾ ਦਾਦੀਆਂ ਅਪਣੇ ਪੋਤੇ-ਪੋਤੀਆਂ ਨੂੰ ਚਿੜੀ ਦੀ ਬਾਤ ਸੁਣਾਉਂਦੀਆਂ ਅਤੇ ਕਦੇ ਮਾਵਾਂ ਅਪਣੇ ਬੱਚਿਆਂ ਨੂੰ ਖੇਡਣ ਲਈ ਆਟੇ ਦੀ ਚਿੜੀ ਬਣਾ ਕੇ ਦਿੰਦੀਆਂ ਸਨ ਤੇ ਕਦੇ ਸਾਡੇ ਗੀਤਾਂ ਵਿਚ ਚਿੜੀਆਂ ਦੀ ਤੁਲਨਾ ਕੁੜੀਆਂ ਨਾਲ ਕੀਤੀ ਜਾਂਦੀ ਸੋ ਇਸ ਤਰ੍ਹਾਂ ਸਾਡੇ ਸਮਾਜ ਨਾਲ ਪੰਛੀਆਂ ਦਾ ਗੂੜ੍ਹਾ ਸਬੰਧ ਹੈ। ਹਲਕੇ ਭੂਰੇ ਰੰਗ ਦੀ ਚਿੜੀ ਹੁਣ ਘਰਾਂ ਵਿਚ ਤਾਂ ਕੀ ਪਿੰਡਾਂ-ਸ਼ਹਿਰਾਂ ਦੇ ਨੇੜਲੇ ਦਰੱਖ਼ਤਾਂ ’ਤੇ ਵੀ ਚੀਂ-ਚੀਂ ਨਹੀਂ ਕਰਦੀ।


ਭਾਵੇਂ ਅੱਜ ਕੁੱਝ ਪੰਛੀ ਪ੍ਰੇਮੀ ਇਨ੍ਹਾਂ ਦੀ ਵਾਪਸੀ ਲਈ ਹੰਭਲਾ ਮਾਰ ਰਹੇ ਹਨ, ਉਨ੍ਹਾਂ ਲਈ ਆਲ੍ਹਣੇ ਬਣਾ ਕੇ ਦੇ ਰਹੇ ਹਨ, ਉਨ੍ਹਾਂ ਲਈ ਪਾਣੀ-ਚੋਗੇ ਦਾ ਪ੍ਰਬੰਧ ਕਰਦੇ ਹਨ ਪਰ ਇਹ ਸਾਰਾ ਕੁੱਝ ਕਾਰਗਰ ਸਾਬਤ ਨਹੀਂ ਹੋ ਰਿਹਾ। ਅੱਜ ਲੋੜ ਹੈ ਕਿ ਵੱਡੀ ਪੱਧਰ ’ਤੇ ਅਜਿਹੇ ਕਦਮ ਚੁੱਕੇ ਜਾਣ ਜਿਸ ਨਾਲ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ।


ਜੇਕਰ ਪਹਿਲਾਂ ਵਾਂਗ ਚਹਿਕਦੀਆਂ ਚਿੜੀਆਂ ਵਾਲੀ ਸਵੇਰ ਦੇਖਣੀ ਚਾਹੁੰਦੇ ਹੋ ਤਾਂ ਆਉ ਪ੍ਰਣ ਕਰੋ ਕਿ ਚਿੜੀਆਂ ਸਮੇਤ ਸਾਰੇ ਪੰਛੀਆਂ ਨੂੰ ਬਚਾਉਣ ਲਈ ਤਹਈਆ ਕਰਾਂਗੇ। ਸੋ ਸਾਨੂੰ ਇਸ ਪੰਛੀ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਹੰਭਲਾ ਮਾਰਨ ਦੀ ਲੋੜ ਹੈ ਨਹੀਂ ਤਾਂ ਇਹ ਪੰਛੀ ਮਹਿਜ਼ ਕਹਾਣੀਆਂ ਤਕ ਹੀ ਸੀਮਤ ਹੋ ਕੇ ਰਹਿ ਜਾਵੇਗਾ।

Related post

ਕੇਜਰੀਵਾਲ ‘ਤੇ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਲੱਗੇ ਗੰਭੀਰ ਇਲਜ਼ਾਮ, LG ਨੇ ਗ੍ਰਹਿ ਮੰਤਰਾਲੇ ਤੋਂ ਜਾਂਚ ਦੀ ਕੀਤੀ ਮੰਗ

ਕੇਜਰੀਵਾਲ ‘ਤੇ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਲੱਗੇ ਗੰਭੀਰ…

ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ:- ਐੱਲਜੀ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ…
ਪੰਜਾਬ ‘ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ,ਕਾਲਜ ਤੇ ਸਰਕਾਰੀ ਦਫ਼ਤਰ, ਜਾਣੋ ਵਜ੍ਹਾ

ਪੰਜਾਬ ‘ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ,ਕਾਲਜ ਤੇ ਸਰਕਾਰੀ…

ਚੰਡੀਗੜ੍ਹ, 6 ਮਈ, ਪਰਦੀਪ ਸਿੰਘ:- ਪੰਜਾਬ ਵਿੱਚ 10 ਮਈ ਨੂੰ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ…
ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ ਗਿਆ ਪੰਗਾ, ਵੀਡੀਓ ਵਾਇਰਲ

ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ…

ਜਲੰਧਰ, 3 ਮਈ, ਪਰਦੀਪ ਸਿੰਘ: ਜਲੰਧਰ ਦੀ ਤਾਜ ਮਾਰਕੀਟ ਦੇ ਕੋਲ ਇਕ ਨਿੱਜੀ ਹੋਟਲ ਵਿੱਚ ਮਹਿਲਾ ਨੇ ਆਪਣੇ ਪਤੀ ਨੂੰ ਪ੍ਰੇਮਿਕਾ…