ਹਿਮਾਚਲ ਦੀ ਸੁੱਖੂ ਸਰਕਾਰ ’ਚ ਪਿਆ ਹੁਣ ਨਵਾਂ ਪੰਗਾ

ਹਿਮਾਚਲ ਦੀ ਸੁੱਖੂ ਸਰਕਾਰ ’ਚ ਪਿਆ ਹੁਣ ਨਵਾਂ ਪੰਗਾ

ਸ਼ਿਮਲਾ, 2 ਮਾਰਚ : ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ, ਵਿਧਾਇਕਾਂ ਦੀ ਨਾਰਾਜ਼ਗੀ ਤੋਂ ਬਾਅਦ ਹੁਣ ਮੰਤਰੀਆਂ ਵੱਲੋਂ ਵੀ ਸੀਐਮ ਸੁੱਖੂ ਦੇ ਵਿਰੁੱਧ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਐ। ਇਹ ਗੱਲ ਕੈਬਨਿਟ ਮੀਟਿੰਗ ਦੌਰਾਨ ਉਸ ਸਮੇਂ ਜੱਗ ਜ਼ਾਹਿਰ ਹੋ ਗਈ ਜਦੋਂ ਸਿੱਖਿਆ ਮੰਤਰੀ ਰੋਹਿਤ ਠਾਕੁਰ ਅਚਾਨਕ ਮੀਟਿੰਗ ਵਿਚੋਂ ਉਠ ਕੇ ਬਾਹਰ ਚਲੇ ਗਏ ਜੋ ਕਾਫ਼ੀ ਨਾਰਾਜ਼ ਦਿਖਾਈ ਦੇ ਰਹੇ ਸੀ, ਜਿਵੇਂ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਸਿਹਤ ਮੰਤਰੀ ਨੂੰ ਭੇਜਿਆ ਜੋ ਉਨ੍ਹਾਂ ਨੂੰ ਤੁਰੰਤ ਮਨਾ ਕੇ ਵਾਪਸ ਮੀਟਿੰਗ ਵਿਚ ਲਿਆਏ।

ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਿਚ ਪਹਿਲਾਂ ਵਾਲਾ ਵਿਵਾਦ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਸੁੱਖੂ ਸਰਕਾਰ ਲਈ ਇਕ ਹੋਰ ਮੁਸੀਬਤ ਖੜ੍ਹੀ ਦਿਖਾਈ ਦੇ ਰਹੀ ਐ। ਦਰਅਸਲ ਵਿਧਾਇਕਾਂ ਤੋਂ ਬਾਅਦ ਹੁਣ ਮੰਤਰੀਆਂ ਵੀ ਸੀਐਮ ਸੁਖਵਿੰਦਰ ਸਿੰਘ ਸੁੱਖੂ ਤੋਂ ਨਾਰਾਜ਼ ਦਿਖਾਈ ਦੇ ਰਹੇ ਨੇ। ਦਰਅਸਲ ਅੱਜ ਕੈਬਨਿਟ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਿੱਖਿਆ ਮੰਤਰੀ ਰੋਹਿਤ ਠਾਕੁਰ ਭਾਰੀ ਨਾਰਾਜ਼ਗੀ ਦੇ ਮੂਡ ਵਿਚ ਮੀਟਿੰਗ ਵਿਚਾਲੇ ਛੱਡ ਕੇ ਬਾਹਰ ਚਲੇ ਗਏ।

ਇਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਦੌੜੇ ਅਤੇ ਉਨ੍ਹਾਂ ਨੂੰ ਤੁਰੰਤ ਮਨਾ ਕੇ ਵਾਪਸ ਮੀਟਿੰਗ ਵਿਚ ਲਿਆਏ। ਇਸ ਤੋਂ ਪਹਿਲਾਂ ਮੰਤਰੀ ਜਗਤ ਨੇਗੀ ਵੀ ਮੀਟਿੰਗ ਛੱਡ ਕੇ ਬਾਹਰ ਨਿਕਲ ਗਏ ਸੀ। ਹਾਲਾਂਕਿ ਬਾਅਦ ਵਿਚ ਨੇਗੀ ਨੇ ਇਹ ਆਖਿਆ ਕਿ ਉਨ੍ਹਾਂ ਦਾ ਟੂਰ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਇਸ ਕਰਕੇ ਉਹ ਮੁੱਖ ਮੰਤਰੀ ਨੂੰ ਦੱਸ ਕੇ ਕਾਫ਼ੀ ਪਹਿਲਾਂ ਹੀ ਮੀਟਿੰਗ ਤੋਂ ਬਾਹਰ ਆ ਗਏ ਸਨ, ਬਾਅਦ ਵਿਚ ਮੀਟਿੰਗ ਵਿਚ ਕੀ ਕੁੱਝ ਹੋਇਆ, ਇਸ ਬਾਰੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ।

ਭਾਵੇਂ ਕਿ ਸਿੱਖਿਆ ਮੰਤਰੀ ਰੋਹਿਤ ਠਾਕੁਰ ਦੇ ਚਿਹਰੇ ’ਤੇ ਕਿਸੇ ਗੱਲ ਦੀ ਨਾਰਾਜ਼ਗੀ ਸਾਫ਼ ਦਿਖਾਈ ਦੇ ਰਹੀ ਸੀ ਪਰ ਸਿਹਤ ਮੰਤਰੀ ਧਨੀ ਰਾਮ ਸ਼ਾਂਡਿਲ ਨੇ ਇਸ ਸਾਰੇ ਘਟਨਾਕ੍ਰਮ ’ਤੇ ਪੋਚਾ ਫੇਰਨ ਦੀ ਕੋਸ਼ਿਸ਼ ਕਰਦਿਆਂ ਆਖਿਆ ਕਿ ਰੋਹਿਤ ਠਾਕੁਰ ਦੀ ਕੋਈ ਨਾਰਾਜ਼ਗੀ ਨਹੀਂ, ਉਹ ਤਾਂ ਕੁੱਝ ਦਸਤਾਵੇਜ਼ ਭੁੱਲ ਗਏ ਸੀ, ਬਸ ਉਹ ਲੈਣ ਲਈ ਹੀ ਬਾਹਰ ਆਏ ਸੀ।

ਉਧਰ ਖੇਤੀ ਮੰਤਰੀ ਚੰਦਰ ਕੁਮਾਰ ਨੇ ਵੀ ਆਖਿਆ ਕਿ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ, ਇਹ ਖ਼ਬਰਾਂ ਜਾਣਬੁੱਝ ਕੇ ਫੈਲਾਈਆਂ ਜਾ ਰਹੀਆਂ ਨੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਏ, ਜਦੋਂ ਮੰਤਰੀ ਵਿਕਰਮਾਦਿੱਤਿਆ ਪਹਿਲਾਂ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੋਂ ਨਾਰਾਜ਼ ਚੱਲ ਰਹੇ ਨੇ ਅਤੇ ਮੀਟਿੰਗ ਵਿਚ ਸ਼ਾਮਲ ਹੋਣ ਦੀ ਬਜਾਏ ਦਿੱਲੀ ਗਏ ਹੋਏ ਨੇ। ਇਸ ਤੋਂ ਪਹਿਲਾਂ ਵਾਲੀ ਮੀਟਿੰਗ ਦੌਰਾਨ ਵੀ ਉਹ ਮੀਟਿੰਗ ਵਿਚਾਲੇ ਛੱਡ ਕੇ ਬਾਗ਼ੀ ਵਿਧਾਇਕਾਂ ਨੂੰ ਮਿਲਣ ਲਈ ਚਲੇ ਗਏ ਸਨ।

ਉਧਰ ਹਿਮਾਚਲ ਦੀ ਰਾਜ ਸਭਾ ਚੋਣ ਵਿਚ ਬਾਗ਼ੀ ਹੋਏ ਕਾਂਗਰਸੀ ਵਿਧਾਇਕ ਰਾਜੇਂਦਰ ਰਾਣਾ ਪਹਿਲੀ ਵਾਰ ਕੈਮਰੇ ਸਾਹਮਣੇ ਆਏ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਜਲਦ ਡਿੱਗੇਗੀ, ਕਈ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਨੇ, ਜਿਨ੍ਹਾਂ ਨੂੰ ਰੋਕਣ ਲਈ ਡਰੇ ਹੋਏ ਸੀਐਮ ਨੇ ਉਨ੍ਹਾਂ ’ਤੇ ਛੇ ਛੇ ਪੁਲਿਸ ਵਾਲਿਆਂ ਦਾ ਪਹਿਰਾ ਲਗਾ ਦਿੱਤਾ ਏ।

ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਕਈ ਵਾਰ ਹਾਈਕਮਾਨ ਕੋਲ ਸ਼ਿਕਾਇਤ ਕਰ ਚੁੱਕੇ ਆਂ ਕਿ ਸੀਐਮ ਸਾਡੇ ਕੰਮ ਨਹੀਂ ਕਰ ਰਹੇ, ਸੁੱਖੂ ਸਰਕਾਰ ਸਿਰਫ਼ ਮਿੱਤਰਾਂ ਦੀ ਸਰਕਾਰ ਬਣ ਕੇ ਰਹਿ ਗਈ ਐ, ਜਿਸ ਵਿਚ ਸੀਐਮ ਸੁੱਖੂ ਦੇ ਮਿੱਤਰਾਂ ਦੇ ਹੀ ਕੰਮ ਹੁੰਦੇ ਨੇ, ਹੋਰ ਕਿਸੇ ਦੇ ਨਹੀਂ।

ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੇ ਕੋਲ ਬਹੁਮਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਉਮੀਦਵਾਰ ਅਭਿਸ਼ੇਕ ਮਨੂੰ ਸਿੰਘਵੀ ਰਾਜ ਸਭਾ ਚੋਣ ਹਾਰ ਗਏ ਜਦਕਿ ਭਾਜਪਾ ਦੇ ਹਰਸ਼ ਮਹਾਜਨ ਕਾਂਗਰਸ ਦੇ ਛੇ ਬਾਗ਼ੀ ਵਿਧਾਇਕਾਂ ਅਤੇ 3 ਅਜ਼ਾਦ ਵਿਧਾਇਕਾਂ ਦੀ ਮਦਦ ਨਾਲ ਚੋਣ ਜਿੱਤ ਗਏ।
ਇਸ ਤੋਂ ਬਾਅਦ ਸੁੱਖੂ ਸਰਕਾਰ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ ਪਰ ਹਾਈਕਮਾਨ ਦੇ ਦਖ਼ਲ ਤੋਂ ਬਾਅਦ ਮਾਮਲਾ ਕੁੱਝ ਸ਼ਾਂਤ ਹੋਇਆ ਸੀ ਪਰ ਹੁਣ ਮੰਤਰੀਆਂ ਵੱਲੋਂ ਦਿਖਾਈ ਜਾ ਰਹੀ ਨਾਰਾਜ਼ਗੀ ਤੋਂ ਇੰਝ ਜਾਪਦਾ ਏ ਕਿ ਸੁੱਖੂ ਸਰਕਾਰ ਅਜੇ ਵੀ ਡੈਂਜ਼ਰ ਜ਼ੋਨ ਵਿਚ ਚੱਲ ਰਹੀ ਐ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…