ਅਰਾਈਵਕੈਨ ਐਪ ’ਤੇ ਕਰੋੜਾਂ ਡਾਲਰ ਬਰਬਾਦ, ਨਜ਼ਲਾ ਸੀ.ਬੀ.ਐਸ.ਏ. ’ਤੇ ਡਿੱਗਿਆ

ਅਰਾਈਵਕੈਨ ਐਪ ’ਤੇ ਕਰੋੜਾਂ ਡਾਲਰ ਬਰਬਾਦ, ਨਜ਼ਲਾ ਸੀ.ਬੀ.ਐਸ.ਏ. ’ਤੇ ਡਿੱਗਿਆ

ਔਟਵਾ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਰਾਈਵਕੈਨ ਐਪ ’ਤੇ ਕਰੋੜਾਂ ਡਾਲਰ ਬਰਬਾਦ ਕੀਤੇ ਜਾਣ ਤੋਂ ਗੁੱਸੇ ਆਡੀਟਰ ਜਨਰਲ ਦਾ ਨਜ਼ਲਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ’ਤੇ ਡਿੱਗਿਆ ਹੈ ਜਦਕਿ ਪਬਲਿਕ ਹੈਲਥ ਏਜੰਸੀ ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰਕਿਓਰਮੈਂਟ ਵਿਭਾਗ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ।

ਆਡੀਟਰ ਜਨਰਨ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਕੀਤੀ ਰਿਪੋਰਟ

ਸੰਸਦ ਦੀ ਲੋਕ ਲੇਖਾ ਕਮੇਟੀ ਅੱਗੇ ਪੇਸ਼ ਰਿਪੋਰਟ ਮੁਤਾਬਕ ਅਰਾਈਵਕੈਨ ਐਪ ’ਤੇ 5 ਕਰੋੜ 95 ਲੱਖ ਡਾਲਰ ਖਰਚ ਹੋਏ ਪਰ ਇਸ ਦੇ ਨਾਲ ਹੀ ਰਿਪੋਰਟ ਸੁਚੇਤ ਕਰਦੀ ਹੈ ਕਿ ਸੀ.ਬੀ.ਐਸ. ਏ. ਵੱਲੋਂ ਮੁਕੰਮਲ ਵਿੱਤੀ ਰਿਕਾਰਡ ਨਾ ਰੱਖੇ ਜਾਣ ਕਰ ਕੇ ਅਸਲ ਖਰਚੇ ਦਾ ਅੰਦਾਜ਼ਾ ਲਾਉਣਾ ਸੰਭਵ ਹੀ ਨਹੀਂ। ਕੈਰਨ ਹੋਗਨ ਨੇ ਕਿਹਾ ਕਿ ਉਹ ਵਹੀ ਖਾਤਿਆਂ ਦੀ ਡੂੰਘਾਈ ਨਾਲ ਪੁਣਛਾਣ ਤੋਂ ਬਾਅਦ ਵੀ ਅਸਲ ਅੰਕੜਾ ਸਾਹਮਣੇ ਨਹੀਂ ਆ ਸਕਿਆ। ਇਹ ਗੱਲ ਚਿੰਤਾਵਾਂ ਪੈਦਾ ਕਰਦੀ ਹੈ। ਆਡੀਟਰ ਜਨਰਲ ਨੇ ਆਖਿਆ ਕਿ ਉਨ੍ਹਾਂ ਦੇ ਪੇਸ਼ੇਵਰ ਸਫਰ ਦੌਰਾਨ ਵਹੀ ਖਾਤਿਆਂ ਵਿਚ ਅੰਕੜੇ ਦਰਜ ਕਰਨ ਵਿਚ ਅਣਗਹਿਲੀ ਵਰਤਣ ਦੇ ਇਹ ਸਭ ਤੋਂ ਬਦਤਰ ਮਿਸਾਲ ਹੈ।

ਐਪ ’ਤੇ ਹੋਇਆ ਅਸਲ ਖਰਚਾ ਸ਼ਾਇਦ ਕਦੇ ਸਾਹਮਣੇ ਨਾ ਸਕੇ : ਰਿਪੋਰਟ

ਅਰਾਈਵਕੈਨ ਐਪ ਦਾ ਕੰਮ ਕਿਸ ਦੀ ਜ਼ਿੰਮੇਵਾਰੀ ਸੀ ਜਾਂ ਠੇਕਾ ਦੇਣ ਬਾਰੇ ਫੈਸਲੇ ਕਿਹੜੇ ਅਧਿਕਾਰੀਆਂ ਨੇ ਲਏ, ਇਨ੍ਹਾਂ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਅਰਾਈਵਕੈਨ ਐਪ ਨਾਲ ਸਬੰਧਤ ਖਰਚੇ ਬਾਰੇ ਜਾਣਕਾਰੀ ਦੀ ਘਾਟ ਜਵਾਬਦੇਹੀ ਨਾਲ ਸਮਝੌਤਾ ਕਰਨ ਵਾਂਗ ਹੈ। ਕੈਨੇਡਾ ਵਾਸੀਆਂ ਅਤੇ ਪਾਰਲੀਮੈਂਟ ਮੈਂਬਰਾਂ ਵੱਲੋਂ ਉਠਾਏ ਜਾ ਰਹੇ ਕਈ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਨਹੀਂ ਦਿਤੇ ਜਾ ਸਕਣਗੇ।

Related post