'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ 15 ਭਾਰਤੀ ਕਲਾਕਾਰਾਂ ਦੀ ਭਾਲ਼, ਹੋਲ਼ੀ ਦੇ ਜਸ਼ਨਾਂ ਲਈ ਪੁੱਜੇ ਸਨ 18 ਭਾਰਤੀ ਕਲਾਕਾਰ
'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ ਹੁਣ ਉਨ੍ਹਾਂ ਭਾਰਤੀ ਕਲਾਕਾਰਾਂ ਦੀ ਭਾਲ਼ ਹੈ, ਜਿਹੜੇ ਹੋਲੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਖ਼ਾਸ ਤੌਰ ਉਤੇ ਨਿਊਜ਼ੀਲੈਂਡ ਪੁੱਜੇ ਸਨ। ਵੀਜ਼ਾ ਡਾਇਰੈਕਟਰ ਜੌਨ ਗਿਲਰੇਅ ਨੇ ਦੱਸਿਆ ਕਿ ਭਾਰਤ ਤੋਂ ਕੁੱਲ 18 ਕਲਾਕਾਰ ਨਿਊਜ਼ੀਲੈਂਡ ਪੁੱਜੇ ਸਨ
15 ਕਲਾਕਾਰ ਅਚਾਨਕ ਹੋਏ ਗ਼ਾਇਬ, ਅਧਿਕਾਰੀ ਚਿੰਤਤ
ਆਕਲੈਂਡ: 'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ ਹੁਣ ਉਨ੍ਹਾਂ ਭਾਰਤੀ ਕਲਾਕਾਰਾਂ ਦੀ ਭਾਲ਼ ਹੈ, ਜਿਹੜੇ ਹੋਲੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਖ਼ਾਸ ਤੌਰ ਉਤੇ ਨਿਊਜ਼ੀਲੈਂਡ ਪੁੱਜੇ ਸਨ। ਵੀਜ਼ਾ ਡਾਇਰੈਕਟਰ ਜੌਨ ਗਿਲਰੇਅ ਨੇ ਦੱਸਿਆ ਕਿ ਭਾਰਤ ਤੋਂ ਕੁੱਲ 18 ਕਲਾਕਾਰ ਨਿਊਜ਼ੀਲੈਂਡ ਪੁੱਜੇ ਸਨ। ਉਨ੍ਹਾਂ 'ਚੋਂ ਸਿਰਫ਼ ਚਾਰ ਕੋਲ਼ ਹੀ ਵੈਧ ਵਿਜ਼ਿਟਰ ਵੀਜ਼ਾ ਸਨ। ਇਨ੍ਹਾਂ ਕੋਲ਼ ਸਿਰਫ਼ 6 ਮਾਰਚ ਤੱਕ ਹੀ ਵੀਜ਼ਾ ਸਨ ਪਰ ਉਨ੍ਹਾਂ 'ਚੋਂ ਸਿਰਫ਼ ਤਿੰਨ ਜਣੇ ਹੀ ਭਾਰਤ ਪਰਤੇ ਹਨ। ਬਾਕੀ ਦੇ 15 ਕਲਾਕਾਰਾਂ ਦੀ 'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ ਤਲਾਸ਼ ਹੈ।
ਵੀਜ਼ਾ ਅਧਿਕਾਰੀ ਗਿਲਰੇਅ ਨੇ ਦੱਸਿਆ ਕਿ ਅਜਿਹੇ ਹਰੇਕ ਮਾਮਲੇ ਦੀ ਜਾਂਚ ਵਿਅਕਤੀਗਤ ਆਧਾਰ ਉਤੇ ਹੀ ਕੀਤੀ ਜਾਂਦੀ ਹੈ। ਉਨ੍ਹਾਂ ਇਸ ਮਾਮਲੇ ਦੇ ਹੋਰ ਕੋਈ ਬਹੁਤੇ ਵੇਰਵੇ ਸਾਂਝੇ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇੱਕ ਰਿਪੋਰਟ ਮੁਤਾਬਕ 'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ ਪਹਿਲਾਂ ਭਾਰਤੀਆਂ ਦੀਆਂ 27 ਵੀਜ਼ਾ ਅਰਜ਼ੀਆਂ ਮਿਲ਼ੀਆਂ ਸਨ। ਇਹ ਅਰਜ਼ੀਆਂ ਸ਼ਿਵਾਨੀ ਕੱਸ਼ਯਪ ਨਾਲ਼ ਸਮੂਹਕ ਤੌਰ ਉਤੇ ਹੋਲ਼ੀ ਦੇ ਜਸ਼ਨ ਮਨਾਉਣ ਦੇ ਮੰਤਵ ਨਾਲ਼ ਪੁੱਜੀਆਂ ਸਨ।
ਇਸ ਗਰੁੱਪ ਦਾ ਸਮਾਰੋਹ ਪਿਛਲੇ ਮਹੀਨੇ ਪੁਕੇਕੋਹੇ ਦੇ ਇੱਕ ਪਾਰਕ 'ਚ ਹੋਇਆ ਸੀ। 'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੇ ਪੁਸ਼ਟੀ ਕੀਤੀ ਹੈ ਕਿ ਇਹ ਸਮਾਰੋਹ ਹੋਇਆ ਸੀ। ਇਸ ਮਾਮਲੇ ਬਾਰੇ ਆਕਲੈਂਡ ਦੇ ਭਾਰਤੀ ਕੌਂਸਲ ਜਨਰਲ ਨੇ ਵੀ ਆਖਿਆ ਸੀ ਕਿ ਉਹ ਹੋਲੀ ਦੇ ਇਸ ਈਵੈਂਟ ਨੂੰ ਆਪਣਾ ਸਮਰਥਨ ਦੇ ਰਹੇ ਹਨ। ਗਿਲਰੇਅ ਨੇ ਦੱਸਿਆ ਕਿ ਇਸ ਗਰੁੱਪ ਲਈ ਸੱਤ ਵਿਜ਼ਿਟਰ ਵੀਜ਼ਾ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਸਨ। ਹਰੇਕ ਵੀਜ਼ਾ ਸਿਰਫ਼ ਇੱਕ ਮਹੀਨੇ ਲਈ ਵੈਧ ਸੀ। ਚਾਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਤਿੰਨ ਨੂੰ ਵਾਪਸ ਲੈ ਲਿਆ ਗਿਆ ਸੀ।
13 ਥੋੜ੍ਹ–ਚਿਰੇ ਸੀਮਤ ਵੀਜ਼ੇ ਨਿਊਜ਼ੀਲੈਂਡ ਦੇ ਹੋਲੀ ਸਮਾਰੋਹ ਲਈ ਪ੍ਰਵਾਨ ਕੀਤੇ ਗਏ ਸਨ। ਅਧਿਕਾਰੀਆਂ ਨੇ ਸੋਚਿਆ ਸੀ ਕਿ ਇਸ ਨਾਲ਼ ਜੋਖਮ ਘਟੇਗਾ। ਕੁੱਲ ਪ੍ਰਵਾਨਿਤ 20 ਅਰਜ਼ੀਆਂ ਵਿੱਚੋਂ 18 ਕਲਾਕਾਰ ਬੀਤੀ 11 ਫ਼ਰਵਰੀ ਤੇ 24 ਫ਼ਰਵਰੀ ਨੂੰ ਭਾਰਤ ਤੋਂ ਆ ਗਏ ਸਨ। ਇੱਕ ਵੀਜ਼ਾ ਧਾਰਕ ਤਾਂ ਆਇਆ ਹੀ ਨਹੀਂ ਸੀ, ਜਦ ਕਿ ਇੱਕ ਹੋਰ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਉਣ ਹੀ ਨਹੀਂ ਸੀ ਦਿੱਤਾ ਗਿਆ।
'ਇਮੀਗ੍ਰੇਸ਼ਨ ਨਿਊਜ਼ੀਲੈਂਡ' ਦਾ ਕਹਿਣਾ ਹੈ ਕਿ ਭਾਰਤੀ ਹਾਈ ਕਮਿਸ਼ਨ ਨੂੰ ਇਸ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਹੁਣ ਜਿਹੜੇ ਭਾਰਤੀ ਕਲਾਕਾਰ ਆਪਣੀ ਵੀਜ਼ਾ ਮਿਆਦ ਪੁੱਗਣ ਦੇ ਬਾਵਜੂਦ ਗ਼ੈਰ–ਕਾਨੂੰਨੀ ਢੰਗ ਨਾਲ਼ ਨਿਊਜ਼ੀਲੈਂਡ 'ਚ ਹੀ ਰਹਿ ਰਹੇ ਹਨ, ਉਨ੍ਹਾਂ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਵਾਨੀ ਕੱਸ਼ਯਪ ਪਿਛਲੇ ਸਾਲ ਨਿਊ ਜ਼ੀਲੈਂਡ ਆਈ ਸੀ ਤੇ ਉਸ ਨੇ ਦਿੱਲੀ ਸਥਿਤ ਸੀਡੀ ਫ਼ਾਊਂਡੇਸ਼ਨ ਵੱਲੋਂ ਆਯੋਜਤ ਆਜ਼ਾਦੀ ਦਿਵਸ ਸਮਾਰੋਹਾਂ ਵਿੱਚ ਭਾਗ ਲਿਆ ਸੀ।