America : ਵਾ-ਵਰੋਲਿਆਂ ਨੇ ਦੂਜੀ ਵਾਰ ਮਚਾਈ ਤਬਾਹੀ

ਅਮਰੀਕਾ ਵਿਚ ਵਾ-ਵਰੋਲਿਆਂ ਨੇ ਦੂਜੀ ਵਾਰ ਤਬਾਹੀ ਮਚਾ ਦਿਤੀ ਜਦੋਂ ਇਲੀਨੌਇ ਅਤੇ ਇੰਡਿਆਨਾ ਰਾਜਾਂ ਵਿਚ ਘਰਾਂ ਦੀਆਂ ਛੱਤਾਂ ਉਡ ਗਈਆਂ, ਦਰੱਖਤ ਜੜੋਂ ਪੁੱਟੇ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ

Update: 2026-03-11 12:41 GMT

ਸ਼ਿਕਾਗੋ : ਅਮਰੀਕਾ ਵਿਚ ਵਾ-ਵਰੋਲਿਆਂ ਨੇ ਦੂਜੀ ਵਾਰ ਤਬਾਹੀ ਮਚਾ ਦਿਤੀ ਜਦੋਂ ਇਲੀਨੌਇ ਅਤੇ ਇੰਡਿਆਨਾ ਰਾਜਾਂ ਵਿਚ ਘਰਾਂ ਦੀਆਂ ਛੱਤਾਂ ਉਡ ਗਈਆਂ, ਦਰੱਖਤ ਜੜੋਂ ਪੁੱਟੇ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਸ਼ਿਕਾਗੋ ਦੇ ਦੱਖਣ ਵੱਲ ਕੈਨਕਕੀ ਕਾਊਂਟੀ ਵਿਚ ਆਏ ਟੌਰਨੈਡੋ ਨੇ ਵੱਡਾ ਨੁਕਸਾਨ ਕੀਤਾ ਅਤੇ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਦੂਜੇ ਪਾਸੇ ਇੰਡਿਆਨਾ ਦੀ ਨਿਊਟਨ ਕਾਊਂਟੀ ਵਿਚ ਵੱਖਰੇ ਟੌਰਨੈਡੋ ਨੇ ਲੋਕਾਂ ਦੇ ਸਾਹ ਸੂਤ ਦਿਤੇ। ਨਿਊਟਨ ਕਾਊਂਟੀ ਦੀ ਸ਼ੈਰਿਫ਼ ਸ਼ੈਨਨਲ ਕੌਥਰਨ ਮੁਤਾਬਕ ਵੱਡੀ ਗਿਣਤੀ ਵਿਚ ਘਰ ਨੁਕਸਾਨੇ ਗਏ ਅਤੇ ਸਭ ਤੋਂ ਵੱਧ ਮਾਰ ਲੇਕ ਵਿਲੇਜ ਵਿਖੇ ਨਜ਼ਰ ਆਈ। 10 ਰਾਜਾਂ ਦੇ 80 ਮਿਲੀਅਨ ਲੋਕਾਂ ਨੂੰ ਬੇਹੱਦ ਖ਼ਰਾਬ ਮੌਸਮ ਦੀ ਚਿਤਾਵਨੀ ਦੇ ਘੇਰੇ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਵਿਚ ਮਿਸ਼ੀਗਨ, ਓਹਾਇਓ, ਵਿਸਕੌਨਸਿਨ, ਓਕਲਾਹੋਮਾ, ਮਜ਼ੂਰੀ, ਆਇਓਵਾ, ਟੈਨੇਸੀ ਅਤੇ ਟੈਕਸਸ ਦੇ ਇਲਾਕੇ ਸ਼ਾਮਲ ਹਨ। ਮੌਸਮ ਵਿਗਿਆਨੀਆਂ ਮੁਤਾਬਕ ਅਮਰੀਕਾ ਦੇ ਕੇਂਦਰੀ ਇਲਾਕਿਆਂ ਵਿਚ ਆਉਣ ਵਾਲੇ ਵਾਵਰੋਲਿਆਂ ਦੌਰਾਨ ਹਵਾਵਾਂ ਦੀ ਰਫ਼ਤਾਰ 110 ਮੀਲ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਜਦਕਿ ਟੈਕਸਸ ਵਰਗੇ ਦੱਖਣੀ ਇਲਾਕਿਆਂ ਵਿਚ ਹਾਲਾਤ ਵਧੇਰੇ ਖ਼ਤਰਨਾਕ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਤੇਜ਼ ਹਵਾਵਾਂ ਨੇ ਪਲਟਾਏ ਟਰੱਕ, ਘਰਾਂ ਦਾ ਵੱਡਾ ਨੁਕਸਾਨ

ਟੈਕਸਸ ਦੇ ਪੱਛਮੀ ਇਲਾਕਿਆਂ ਵਿਚ ਉਠ ਰਹੇ ਤੂਫ਼ਾਨ ਦਾ ਘੇਰਾ ਕਿਸੇ ਵਾਵਰੋਲੇ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ ਅਤੇ ਇਸ ਦੌਰਾਨ ਗੌਲਫ ਬੌਲ ਦੇ ਸਾਈਜ਼ ਬਰਾਬਰ ਗੜੇ ਵੀ ਡਿੱਗ ਸਕਦੇ ਹਨ। ਓਕਲਾਹੋਮਾ ਅਤੇ ਕੈਨਸਸ ਵਿਖੇ ਉਠਣ ਵਾਲੇ ਤੂਫ਼ਾਨ ਵੀ ਗੜੇਮਾਰੀ ਦਾ ਕਾਰਨ ਬਣ ਸਕਦੇ ਹਨ ਅਤੇ ਹਾਈਵੇਜ਼ ’ਤੇ ਮੁਸਾਫ਼ਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਗਿਆਨੀ ਐਡਮ ਡੂਟੀ ਦਾ ਕਹਿਣਾ ਸੀ ਕਿ ਮੌਜੂਦਾ ਵਰ੍ਹੇ ਦੌਰਾਨ ਗਰਮੀਆਂ ਆਉਣ ਤੋਂ ਪਹਿਲਾਂ ਹੀ ਵਾਵਰੋਲੇ ਅਤੇ ਤੂਫ਼ਾਨ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਇਹ ਲੰਮਾ ਸਮਾਂ ਜਾਰੀ ਰਹਿ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਆਏ ਵਾ-ਵਰੋਲਿਆਂ ਨੇ ਗੱਡੀਆਂ ਮੂਧੀਆਂ ਮਾਰ ਦਿਤੀਆ ਪਰ ਤਾਜ਼ਾ ਹਵਾਵਾਂ ਵੀ ਘੱਟ ਤਾਕਤਵਰ ਨਹੀਂ ਸਨ ਅਤੇ ਕਈ ਥਾਵਾਂ ’ਤੇ ਖੜ੍ਹੇ ਟਰੱਕ ਪਲਟ ਗਏ। ਨੈਸ਼ਨਲ ਵੈਦਰ ਸਰਵਿਸ ਦਾ ਕਹਿਣਾ ਹੈ ਕਿ ਮਿਸ਼ੀਗਨ ਵਿਚ ਸਾਲਾਨਾ 15 ਟੌਰਨੈਡੋ ਆਉਂਦੇ ਹਨ ਅਤੇ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਇਸ ਵਾਰ ਟੌਰਨੈਡੋ ਦੀ ਤੀਬਰਤਾ ਕੁਝ ਜ਼ਿਆਦਾ ਹੀ ਦਰਜ ਕੀਤੀ ਗਈ।

10 ਰਾਜਾਂ ਦੇ 82 ਮਿਲੀਅਨ ਲੋਕਾਂ ਨੂੰ ਚਿਤਾਵਨੀ

ਦੂਜੇ ਪਾਸੇ ਟੈਕਸਸ ਵਰਗੇ ਰਾਜਾਂ ਵਿਚ ਇਕ ਸਾਲ ਦੌਰਾਨ ਔਸਤਨ 155 ਵਾਵਰੋਲੇ ਵੀ ਆ ਸਕਦੇ ਹਨ। ਓਕਲਾਹੋਮਾ ਦਾ ਜ਼ਿਕਰ ਕੀਤਾ ਜਾਵੇ ਤਾਂ ਇਥੇ 4 ਮੀਲ ਦੇ ਘੇਰੇ ਵਾਲੇ ਟੌਰਨੈਡੋ ਨੇ ਤਬਾਹੀ ਮਚਾਈ। ਤੂਫ਼ਾਨ ਅਤੇ ਵਾ ਵਰੋਲਿਆਂ ਨੇ ਜਿਥੇ ਵੱਡਾ ਨੁਕਸਾਨ ਕੀਤਾ, ਉਥੇ ਹੀ ਕੁਝ ਥਾਵਾਂ ’ਤੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਵੀ ਮਿਲੀ। ਅਮਰੀਕਾ ਦੇ ਦੱਖਣੀ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਉਤੇ ਦਰਜ ਕੀਤਾ ਗਿਆ ਹੈ ਪਰ ਮੌਜੂਦਾ ਮੌਸਮੀ ਖਰਾਬੀ ਗਰਮੀ ਨੂੰ ਕਿਸੇ ਤੱਕ ਠੱਲ੍ਹਣ ਵਿਚ ਕਾਮਯਾਬ ਰਹੀ।

Tags:    

Similar News