America ਦੇ ਵੀਜ਼ੇ ਨੇ ਭਾਰਤੀ ਨੂੰ ਬਣਾਇਆ ਕਾ.ਤਲ
ਅਮਰੀਕਾ ਦਾ ਵੀਜ਼ਾ ਖ਼ਤਮ ਹੋਣ ਮਗਰੋਂ ਪਲਕ ਪਟੇਲ ਇੰਡੀਆ ਜਾਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਭਦਰੇਸ਼ ਸੁੁਪਨਿਆਂ ਦਾ ਮੁਲਕ ਛੱਡ ਕੇ ਜਾਣ ਨੂੰ ਬਿਲਕੁਲ ਰਾਜ਼ੀ ਨਾ ਹੋਇਆ
ਨਿਊ ਯਾਰਕ : ਅਮਰੀਕਾ ਦਾ ਵੀਜ਼ਾ ਖ਼ਤਮ ਹੋਣ ਮਗਰੋਂ ਪਲਕ ਪਟੇਲ ਇੰਡੀਆ ਜਾਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਭਦਰੇਸ਼ ਸੁੁਪਨਿਆਂ ਦਾ ਮੁਲਕ ਛੱਡ ਕੇ ਜਾਣ ਨੂੰ ਬਿਲਕੁਲ ਰਾਜ਼ੀ ਨਾ ਹੋਇਆ। ਗੁਜਰਾਤੀ ਪਤੀ-ਪਤਨੀ ਵਿਚਾਲੇ ਤਣਾਅ ਐਨਾ ਵਧ ਗਿਆ ਕਿ ਭਦਰੇਸ਼ ਕੁਮਾਰ ਨੇ ਪਲਕ ਪਟੇਲ ਦੇ ਟੋਟੇ ਕਰ ਦਿਤੇ। ਜੀ ਹਾਂ, ਇਹ ਕਹਾਣੀ ਹੈ ਕਿ ਐਫ਼.ਬੀ.ਆਈ. ਵੱਲੋਂ ਐਲਾਨੇ ਅਮਰੀਕਾ ਦੇ 10 ਚੋਟੀ ਦੇ ਭਗੌੜਿਆਂ ਵਿਚ ਸ਼ਾਮਲ 35 ਸਾਲਾ ਭਦਰੇਸ਼ ਕੁਮਾਰ ਚੇਤਨ ਭਾਈ ਪਟੇਲ ਦੀ ਜਿਸ ਦੇ ਸਿਰ ’ਤੇ ਇਨਾਮੀ ਰਕਮ ਵਧਾ ਕੇ 10 ਲੱਖ ਡਾਲਰ ਕਰ ਦਿਤੀ ਗਈ ਹੈ। ਮੈਰੀਲੈਂਡ ਸੂਬੇ ਦੇ ਹੈਨੋਵਰ ਸ਼ਹਿਰ ਵਿਚ 12 ਅਪ੍ਰੈਲ 2015 ਨੂੰ ਵਾਪਰੀ ਹੌਲਨਾਕ ਵਾਰਦਾਤ ਦੇ ਦੋਸ਼ੀ ਨੂੰ ਪੁਲਿਸ ਅੱਜ ਤੱਕ ਕਾਬੂ ਨਹੀਂ ਕਰ ਸਕੀ ਅਤੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ। ਭਦਰੇਸ਼ ਨੂੰ ਆਖਰੀ ਵਾਰ ਨਿਊ ਜਰਸੀ ਸੂਬੇ ਦੇ ਨਿਊ ਅਰਕ ਸ਼ਹਿਰ ਵਿਚ ਦੇਖਿਆ ਗਿਆ ਅਤੇ 20 ਅਪ੍ਰੈਲ 2015 ਨੂੰ ਬੈਲਟੀਮੋਰ ਦੀ ਜ਼ਿਲ੍ਹਾ ਅਦਾਲਤ ਨੇ ਉਸ ਵਿਰੁੱਧ ਅਮਰੀਕਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ। ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਭਦਰੇਸ਼ ਅਤੇ ਉਸ ਦੀ ਪਤਨੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੀ ਮਾਲਕੀ ਵਾਲੀ ਡੋਨਟ ਸ਼ੌਪ ਵਿਚ ਕੰਮ ਕਰਦੇ ਸਨ।
ਚੋਟੀ ਦੇ 10 ਭਗੌੜਿਆਂ ਵਿਚ ਸ਼ਾਮਲ ਹੋਇਆ ਗੁਜਰਾਤੀ
ਵਾਰਦਾਤ ਵਾਲੀ ਰਾਤ ਭਦਰੇਸ਼ ਨੇ ਤੇਜ਼ਧਾਰ ਹਥਿਆਰ ਨਾਲ ਪਲਕ ਉਤੇ ਕਈ ਵਾਰ ਕੀਤੇ ਅਤੇ ਦੁਕਾਨ ਦੇ ਪਿਛਲੇ ਦਰਵਾਜ਼ੇ ਤੋਂ ਫ਼ਰਾਰ ਹੋ ਗਿਆ। ਇਸ ਮਗਰੋਂ ਉਹ ਆਪਣੇ ਅਪਾਰਟਮੈਂਟ ਵਿਚ ਪੁੱਜਾ ਅਤੇ ਕੁਝ ਨਕਦ ਰਕਮ ਸਣੇ ਜ਼ਰੂਰੀ ਚੀਜ਼ਾਂ ਲੈ ਕੇ ਬਾਹਰ ਨਿਕਲ ਗਿਆ। ਭਦਰੇਸ਼ ਨੇ ਇਕ ਟੈਕਸੀ ਸੱਦੀ ਅਤੇ ਨਿਊ ਅਰਕ ਦੇ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਨੇੜੇ ਇਕ ਹੋਟਲ ਵਿਚ ਦਾਖਲ ਹੋਇਆ। ਸਵੇਰੇ ਤਕਰੀਬਨ 10 ਵਜੇ ਉਹ ਹੋਟਲ ਵਿਚੋਂ ਬਾਹਰ ਆਇਆ ਅਤੇ ਨਿਊ ਅਰਕ ਦੇ ਪੈੱਨ ਸਟੇਸ਼ਨ ਵੱਲ ਰਵਾਨਾ ਹੋ ਗਿਆ। ਉਸ ਦਿਨ ਤੋਂ ਬਅਦ ਭਦਰੇਸ਼ ਕਦੇ ਨਜ਼ਰ ਨਹੀਂ ਆਇਆ। ਐਫ਼.ਬੀ.ਆਈ. ਦੀ ਬੈਲਟੀਮੋਰ ਡਵੀਜ਼ਨ ਦੇ ਸਪੈਸ਼ਲ ਏਜੰਟ ਜੌਨਾਥਨ ਸ਼ੈਫ਼ਰ ਮੁਤਾਬਕ ਭਦਰੇਸ਼ ਵੱਲੋਂ ਕਤਲ ਤੋਂ ਬਾਅਦ ਵਰਤੇ ਠਰੰਮੇ ਅਤੇ ਚਾਲਾਕੀ ਨੇ ਜਾਂਚਕਰਤਾਵਾਂ ਨੂੰ ਵੀ ਹੈਰਾਨ ਕਰ ਦਿਤਾ। ਮੰਨਿਆ ਜਾ ਰਿਹਾ ਹੈ ਕਿ ਪਲਕ ਪਟੇਲ ਦੀ ਇੰਡੀਆ ਵਾਪਸੀ ਨੂੰ ਭਦਰੇਸ਼ ਆਪਣੀ ਹੇਠੀ ਸਮਝ ਰਿਹਾ ਸੀ। ਇਥੇ ਦਸਣਾ ਬਣਦਾ ਹੈ ਕਿ ਡੋਨਟ ਸ਼ੌਪ ਵਿਚ ਦਾਖਲ ਹੋਏ ਇਕ ਗਾਹਕ ਦਾ ਆਰਡਰ ਲੈਣ ਜਦੋਂ ਕੋਈ ਨਾ ਪੁੱਜਾ ਤਾਂ ਉਸ ਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ ਅਤੇ ਪੁਲਿਸ ਨੂੰ ਕਾਲ ਕਰ ਦਿਤੀ।
ਭਦਰੇਸ਼ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ 10 ਲੱਖ ਡਾਲਰ
ਪੁਲਿਸ ਅਫ਼ਸਰਾਂ ਨੂੰ ਲਹੂ-ਲੁਹਾਣ ਹਾਲਤ ਵਿਚ ਪਲਕ ਪਟੇਲ ਦੀ ਲਾਸ਼ ਮਿਲੀ ਅਤੇ ਸ਼ੱਕੀ ਦੀ ਭਾਲ ਆਰੰਭੀ ਗਈ। ਪਲਕ ਦਾ ਪਤੀ ਵੀ ਗਾਇਬ ਨਜ਼ਰ ਆਇਆ ਤਾਂ ਸ਼ੱਕ ਯਕੀਨ ਵਿਚ ਬਦਲ ਗਿਆ ਅਤੇ ਪੁਲਿਸ ਨੇ ਐਫ਼.ਬੀ.ਆਈ. ਨਾਲ ਸੰਪਰਕ ਕਰਦਿਆਂ ਭਦਰੇਸ਼ ਨੂੰ ਮੁਲਕ ਤੋਂ ਬਾਹਰ ਜਾਣ ਤੋਂ ਰੋਕਣ ਵਾਸਤੇ ਮਦਦ ਮੰਗੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਅਮਰੀਕਾ ਵਿਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਹੋ ਸਕਦਾ ਹੈ ਜਾਂ ਕੈਨੇਡਾ ਫ਼ਰਾਰ ਹੋ ਗਿਆ ਅਤੇ ਉਥੋਂ ਇੰਡੀਆ ਦਾ ਜਹਾਜ਼ ਚੜ੍ਹ ਗਿਆ। ਫ਼ਿਲਹਾਲ ਕੈਨੇਡਾ ਦੇ ਕਿਸੇ ਹਵਾਈ ਅੱਡੇ ਤੋਂ ਭਦਰੇਸ਼ ਦੇ ਇੰਡੀਆ ਜਾਣ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਅਤੇ ਇੰਡੀਆ ਰਹਿੰਦੇ ਉਸ ਦੇ ਪਰਵਾਰਕ ਮੈਂਬਰਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਐਫ਼.ਬੀ.ਆਈ. ਵੱਲੋਂ ਭਦਰੇਸ਼ ਦੀਆਂ ਚਾਰ ਵੱਖ ਵੱਖ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜੋ ਪਹਿਲੇ ਦਰਜੇ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਹੈ।