ਜਾਣੋ, ਧਨੀ ਰਾਮ ਕਿਵੇਂ ਬਣਿਆ ਅਮਰ ਸਿੰਘ ਚਮਕੀਲਾ?

ਜਾਣੋ, ਧਨੀ ਰਾਮ ਕਿਵੇਂ ਬਣਿਆ ਅਮਰ ਸਿੰਘ ਚਮਕੀਲਾ?

ਚੰਡੀਗੜ੍ਹ, 7 ਸਤੰਬਰ (ਸ਼ਾਹ) : ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆਂ ਤੋਂ ਗਏ ਭਾਵੇਂ ਕਈ ਦਹਾਕੇ ਬੀਤ ਚੁੱਕੇ ਨੇ ਪਰ ਅੱਜ ਵੀ ਲੋਕ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਪਸੰਦ ਕਰਦੇ ਹਨ। 8 ਮਾਰਚ 1988 ਨੂੰ ਜਲੰਧਰ ਦੇ ਪਿੰਡ ਮਹਿਸਮਪੁਰ ਵਿਚ ਚਮਕੀਲਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜੋ ਉਥੇ ਇਕ ਐਨਆਰਆਈ ਪਰਿਵਾਰ ਦੇ ਵਿਆਹ ਵਿਚ ਅਖਾੜਾ ਲਾਉਣ ਲਈ ਗਏ ਹੋਏ ਸਨ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਛੋਟੇ ਜਿਹੇ ਪਿੰਡ ਦਾ ਧਨੀ ਰਾਮ ਕਿਵੇਂ ਬਣਿਆ ਸੀ ਅਮਰ ਸਿੰਘ ਚਮਕੀਲਾ ਅਤੇ ਕਿਵੇਂ ਉਸ ਨੇ ਗਾਇਕੀ ਦੇ ਅੰਬਰਾਂ ਨੂੰ ਛੂਹਿਆ?

ਮਨਹੂਸ ਘੜੀ
8 ਮਾਰਚ 1988, ਉਹ ਮਨਹੂਸ ਘੜੀ ਜਦੋਂ ਕੁੱਝ ਲੋਕਾਂ ਨੇ ਅਮਰ ਸਿੰਘ ਚਮਕੀਲਾ ਅਤੇ ਉਸ ਦੇ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦਰਅਸਲ ਅਮਰ ਸਿੰਘ ਚਮਕੀਲਾ ਜਲੰਧਰ ਦੇ ਪਿੰਡ ਮਹਿਸਮਪੁਰ ਵਿਖੇ ਇਕ ਐਨਆਰਆਈ ਦੇ ਘਰ ਵਿਚ ਵਿਆਹ ਮੌਕੇ ਅਖਾੜਾ ਲਾਉਣ ਲਈ ਆਏ ਹੋਏ ਸੀ।

ਆਖ਼ਰੀ ਦਿਨ
ਪ੍ਰਸਾਦਾ ਪਾਣੀ ਛਕਣ ਮਗਰੋਂ ਜਦੋਂ ਚਮਕੀਲਾ ਆਪਣੇ ਸਾਥੀਆਂ ਸਮੇਤ ਅੰਬੈਸਡਰ ਗੱਡੀ ਵਿਚ ਬੈਠ ਕੇ ਅਖਾੜੇ ਵਾਲੀ ਥਾਂ ਲਈ ਰਵਾਨਾ ਹੋਏ ਤਾਂ ਕੁੱਝ ਦੂਰੀ ’ਤੇ ਜਾ ਕੇ ਕੁੱਝ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਅਮਰ ਸਿੰਘ ਚਮਕੀਲਾ, ਬੀਬਾ ਅਮਨਜੋਤ ਕੌਰ, ਹਰਜੀਤ ਸਿੰਘ ਗਿੱਲ ਅਤੇ ਬਲਦੇਵ ਸਿੰਘ ਢੋਲਕੀ ਮਾਸਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਹਿਸਮਪੁਰ ਵਿਚ ਚਮਕੀਲੇ ਦਾ ਆਖ਼ਰੀ ਦਿਨ ਸੀ, ਇੰਨਾ ਫੇਮਸ ਕਲਾਕਾਰ ਹੋਣ ਦੇ ਬਾਵਜੂਦ ਅੱਜ ਤੱਕ ਉਸ ਦੇ ਕਾਤਲਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ ਕਿ ਕੌਣ ਸਨ?

ਅਸਲੀ ਨਾਮ ਧਨੀ ਰਾਮ ਸੀ
ਭਾਵੇਂ ਕਿ ਅਮਰ ਸਿੰਘ ਚਮਕੀਲਾ ਨੇ ਕਾਫ਼ੀ ਲੰਬਾ ਸਮਾਂ ਪੰਜਾਬੀ ਗਾਇਕੀ ਦੇ ਖੇਤਰ ਵਿਚ ਆਪਣਾ ਕਬਜ਼ਾ ਜਮਾ ਕੇ ਰੱਖਿਆ ਅਤੇ ਉਸ ਦੇ ਗੀਤ ਪੰਜਾਬੀਆਂ ਦੇ ਜ਼ੁਬਾਨ ’ਤੇ ਚੜ੍ਹੇ ਹੋਏ ਸਨ ਪਰ ਇਹ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਅਸਲੀ ਨਾਮ ਧਨੀ ਰਾਮ ਸੀ।

ਚਮਕੀਲੇ ਦਾ ਜਨਮ
ਚਮਕੀਲੇ ਦਾ ਜਨਮ 1960 ਵਿਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁੱਗਰੀ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਧਨੀ ਰਾਮ ਯਾਨੀ ਚਮਕੀਲੇ ਦੇ ਸਿਰ ’ਤੇ ਛੇਤੀ ਹੀ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ, ਜਿਸ ਦੇ ਚਲਦਿਆਂ ਉਹ ਲੁਧਿਆਣਾ ਦੀ ਇਕ ਹੌਜ਼ਰੀ ਵਿਚ ਕੰਮ ਕਰਨ ਲੱਗਾ। ਚਮਕੀਲੇ ਨੂੰ ਬਚਪਨ ਤੋਂ ਹੀ ਗੀਤ ਲਿਖਣ ਦਾ ਕਾਫ਼ੀ ਸ਼ੌਕ ਸੀ, ਉਹ ਆਪਣੀਆਂ ਕਾਪੀਆਂ ਵਿਚ ਗੀਤ ਲਿਖਦਾ ਰਹਿੰਦਾ।


ਉਹ ਆਪਣੇ ਇਸ ਸ਼ੌਕ ਨੂੰ ਅੱਗੇ ਲਿਜਾਣ ਲਈ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਕੋਈ ਉਸ ਨੂੰ ਮੌਕਾ ਮਿਲੇ ਅਤੇ ਉਹ ਆਪਣੀ ਇਸ ਕਲਾ ਨੂੰ ਅੰਬਰਾਂ ਤਾਈਂ ਪਹੁੰਚਾ ਸਕੇ। ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਹੀ ਦੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਇਆ ਸੀ। ਕਿੱਸਾ ਕੁੱਝ ਇਸ ਤਰ੍ਹਾਂ ਹੈ ਕਿ ਸੁਰਿੰਦਰ ਛਿੰਦਾ ਆਪਣੇ ਇਕ ਦੋਸਤ ਨਾਲ ਮੋਗਾ ਵਿਚ ਬੈਠੇ ਸਨ, ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਨੇ ਛਿੰਦੇ ਨੂੰ ਆਖਿਆ ਕਿ ਇਕ ਮੁੰਡਾ ਥੋਨੂੰ ਮਿਲਣਾ ਚਾਹੁੰਦੈ ਜੋ ਬਹੁਤ ਸੋਹਣੇ ਗੀਤ ਲਿਖਦੈ।

ਛਿੰਦੇ ਨੂੰ ਆਪਣੇ ਸ਼ੌਕ ਬਾਰੇ ਦੱਸਿਆ
ਛਿੰਦੇ ਨੇ ਉਸ ਨੂੰ ਕੋਲ ਬੁਲਾਇਆ ਤਾਂ ਦੇਖਿਆ ਕਿ ਬਿਲਕੁਲ ਦੇਸੀ ਜਿਹਾ ਮੁੰਡਾ ਸੀ ਜੋ ਰੋਟੀ ਵੀ ਝੋਲੇ ਵਿਚ ਨਾਲ ਹੀ ਸਾਇਕਲ ’ਤੇ ਟੰਗੀਂ ਫਿਰਦਾ ਸੀ। ਧਨੀ ਰਾਮ ਯਾਨੀ ਚਮਕੀਲੇ ਨੇ ਛਿੰਦੇ ਨੂੰ ਆਪਣੇ ਸ਼ੌਕ ਬਾਰੇ ਦੱਸਿਆ। ਇਸ ਮਗਰੋਂ ਚੰਡੀਗੜ੍ਹ ਦੇ ਬੁੜੈਲ ਵਿਚ ਇਕ ਪ੍ਰੋਗਰਾਮ ਦੌਰਾਨ ਉਹ ਚਮਕੀਲੇ ਨੂੰ ਹੈਲਪਰ ਵਜੋਂ ਨਾਲ ਲੈ ਗਏ, ਜਿੱਥੇ ਚਮਕੀਲੇ ਨੇ ਉਨ੍ਹਾਂ ਦੀ ਕਾਫ਼ੀ ਸੇਵਾ ਕੀਤੀ, ਛਿੰਦੇ ਨੇ ਇਸ ਤੋਂ ਖ਼ੁਸ਼ ਹੋ ਕੇ ਉਸ ਦਾ ਨਾਮ ਅਮਰ ਸਿੰਘ ਚਮਕੀਲਾ ਰੱਖ ਦਿੱਤਾ।


ਪੰਜਾਬੀ ਗਾਇਕ ਛਿੰਦੇ ਨੇ ਉਸ ਦਾ ਮੱਥਾ ਪੜ੍ਹ ਲਿਆ ਅਤੇ ਆਖਿਆ ਕਿ ਇਹ ਮੁੰਡਾ ਜ਼ਰੂਰ ਨਾਮ ਚਮਕਾਏਗਾ। ਛਿੰਦੇ ਦੇ ਅਖਾੜਿਆਂ ਵਿਚ ਸਟੇਜ ਲਾਉਣ ਤੋਂ ਲੈ ਕੇ ਦਰੀਆਂ ਵਿਛਾਉਣ ਤੱਕ ਦੀ ਜ਼ਿੰਮੇਵਾਰੀ ਚਮਕੀਲੇ ਦੇ ਹੱਥ ਹੁੰਦੀ ਸੀ। ਹੌਲੀ ਹੌਲੀ ਉਹ ਛਿੰਦੇ ਦੇ ਅਖਾੜਿਆਂ ਵਿਚ ਗਾਉਣ ਲੱਗਿਆ। ਸੰਨ 1977 ਦੀ ਗੱਲ ਐ ਜਦੋਂ ਸੁਰਿੰਦਰ ਛਿੰਦਾ ਕੈਨੇਡਾ ਗਏ ਹੋਏ ਸਨ ਪਰ ਭਾਰਤ ਵਿਚ ਐਮਐਮਵੀ ਕੰਪਨੀ ਨੇ ਉਨ੍ਹਾਂ ਦੇ ਗੀਤ ਰਿਕਾਰਡ ਕਰਨੇ ਸਨ, ਪੂਰੀ ਤਿਆਰੀ ਹੋ ਚੁੱਕੀ ਸੀ ਪਰ ਛਿੰਦੇ ਦਾ ਕੈਨੇਡਾ ਤੋਂ ਪਰਤਣਾ ਸੰਭਵ ਨਹੀਂ ਸੀ।

ਚਮਕੀਲੇ ਦੀ ਪਹਿਲੀ ਕੈਸੇਟ
ਇਸੇ ਦੌਰਾਨ ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਸਾਰੇ ਗੀਤ ਚਮਕੀਲੇ ਦੇ ਲਿਖੇ ਹੋਏ ਨੇ ਕਿਉਂ ਨਾ ਉਸ ਨੂੰ ਹੀ ਕੈਸੇਟ ਰਿਕਾਰਡ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਕੰਪਨੀ ਨੂੰ ਚਮਕੀਲੇ ਦੀ ਆਵਾਜ਼ ਪਸੰਦ ਆਈ ਅਤੇ ਰਿਕਾਰਡਿੰਗ ਹੋ ਗਈ। ਇਹ ਚਮਕੀਲੇ ਦੀ ਪਹਿਲੀ ਕੈਸੇਟ ਸੀ। ਚਮਕੀਲੇ ਦੀਆਂ ਜੋੜੀਆਂ ਭਾਵੇਂ ਕਈ ਗਾਇਕਾਵਾਂ ਦੇ ਨਾਲ ਬਣੀਆਂ ਪਰ ਅਮਰਜੋਤ ਦੇ ਨਾਲ ਉਨ੍ਹਾਂ ਦੀ ਜੋੜੀ ਕਾਫ਼ੀ ਹਿੱਟ ਹੋਈ।

ਅੱਜ ਅਮਰ ਸਿੰਘ ਚਮਕੀਲੇ ਨੂੰ ਇਸ ਦੁਨੀਆਂ ਤੋਂ ਗਇਆਂ ਭਾਵੇਂ 35 ਵਰ੍ਹੇ ਹੋ ਚੁੱਕੇ ਨੇ ਪਰ ਅੱਜ ਵੀ ਪੰਜਾਬ ਵਿਚ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲੇ ਵੱਡੀ ਗਿਣਤੀ ਲੋਕ ਮੌਜੂਦ ਨੇ ਪਰ ਅਫ਼ਸੋਸ ਚਮਕੀਲੇ ਦੇ ਕਾਤਲਾਂ ਦੀ ਅੱਜ ਤੱਕ ਕੋਈ ਉੱਘ ਸੁੱਘ ਨਹੀਂ ਨਿਕਲ ਸਕੀ, ਪਤਾ ਨਹੀਂ ਉਨ੍ਹਾਂ ਆਸਮਾਨ ਖਾ ਗਿਆ ਜਾਂ ਫਿਰ ਜ਼ਮੀਨ ਨਿਗਲ ਗਈ। ਚਮਕੀਲੇ ਦੇ ਪ੍ਰਸੰਸ਼ਕਾਂ ਵਿਚ ਅੱਜ ਵੀ ਇਸ ਗੱਲ ਦਾ ਰੰਜ਼ ਐ।

Related post

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬਾਰੇ ਕੀਤਾ ਜਾਗਰੂਕ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ…

ਸੰਗਰੂਰ,14 ਮਈ, ਪਰਦੀਪ ਸਿੰਘ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ…
ਕੇਜਰੀਵਾਲ ‘ਤੇ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਲੱਗੇ ਗੰਭੀਰ ਇਲਜ਼ਾਮ, LG ਨੇ ਗ੍ਰਹਿ ਮੰਤਰਾਲੇ ਤੋਂ ਜਾਂਚ ਦੀ ਕੀਤੀ ਮੰਗ

ਕੇਜਰੀਵਾਲ ‘ਤੇ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਲੱਗੇ ਗੰਭੀਰ…

ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ:- ਐੱਲਜੀ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ…