ਕੌਸਟਕੋ ਦੀ ਮੈਂਬਰਸ਼ਿਪ ਫੀਸ ਤੋਂ ਭੱਜਣ ਵਾਲਿਆਂ ਦੀ ਹੁਣ ਖੈਰ ਨਹੀਂ

ਕੌਸਟਕੋ ਦੀ ਮੈਂਬਰਸ਼ਿਪ ਫੀਸ ਤੋਂ ਭੱਜਣ ਵਾਲਿਆਂ ਦੀ ਹੁਣ ਖੈਰ ਨਹੀਂ

ਔਟਵਾ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੌਸਟਕੋ ਦੇ ਸਟੋਰਾਂ ’ਤੇ ਡਿਜੀਟਲ ਕਾਰਡ ਸਕੈਨਰ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਰਵਾਇਤੀ ਕਾਰਡ ਚੈਕਿੰਗ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਸ਼ੁਰੂਆਤ ਔਟਵਾ ਦੇ ਕੁਝ ਸਟੋਰਾਂ ਤੋਂ ਕੀਤੀ ਗਈ ਹੈ ਅਤੇ ਹੁਣ ਮੈਂਬਰਸ਼ਿਪ ਫੀਸ ਅਦਾ ਨਾ ਕਰਨ ਵਾਲਿਆਂ ਦੀ ਖੈਰ ਨਹੀਂ। ਕੌਸਟਕੋ ਦੀ ਗਾਹਕ ਡੈਬੀ ਲਸੈਲ ਨੇ ਕਿਹਾ ਕਿ ਉਹ ਪਹਿਲਾਂ ਮੈਰੀਵੇਲ ਰੋਡ ’ਤੇ ਸਥਿਤ ਸਟੋਰ ਵਿਚ ਜਾਂਦੀ ਸੀ ਪਰ ਹੁਣ ਉਥੇ ਡਿਜੀਟਲ ਕਾਰਡ ਸਕੈਨਰ ਲੱਗ ਚੁੱਕਾ ਹੈ।

ਸਟੋਰਾਂ ’ਤੇ ਡਿਜੀਟਲ ਕਾਰਡ ਸਕੈਨਰ ਲੱਗਣੇ ਸ਼ੁਰੂ

ਸਟੋਰ ਵਿਚ ਦਾਖਲ ਹੋਣ ਲਈ ਸਭ ਤੋਂ ਪਹਿਲਾਂ ਮੈਂਬਰਸ਼ਿਪ ਕਾਰਡ ਸਕੈਨ ਕਰਨਾ ਪੈਂਦਾ ਹੈ ਅਤੇ ਤੁਹਾਡੀ ਤਸਵੀਰ ਸਕ੍ਰੀਨ ’ਤੇ ਆ ਜਾਂਦੀ ਹੈ ਤਾਂਕਿ ਯਕੀਨੀ ਬਣਾਇਆ ਜਾ ਸਕੇ ਕਿ ਸਹੀ ਮੈਂਬਰ ਹੀ ਅੰਦਰ ਆ ਰਿਹਾ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਇਸ ਬਾਰੇ ਕੌਸਟਕੋ ਕੈਨੇਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਠੋਸ ਜਵਾਬ ਨਹੀਂ ਦਿਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਆਪਣੇ ਸਟੋਰਾਂ ’ਤੇ ਡਿਜੀਟਲ ਸਕੈਨਰ ਲਾਉਣ ਦਾ ਤਜਰਬਾ ਕੌਸਟਕੋ ਵੱਲੋਂ ਕੈਨੇਡਾ ਵਿਚ ਵੀ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੌਸਟਕੋ ਦੇ ਮੁਨਾਫੇ ਦਾ ਵੱਡਾ ਹਿੱਸਾ, ਇਸ ਦੀ ਮੈਂਬਰਸ਼ਿਪ ਫੀਸ ਵਿਚੋਂ ਆਉਂਦਾ ਹੈ ਅਤੇ ਨਵੇਂ ਸਕੈਨਿੰਗ ਸਿਸਟਮ ਰਾਹੀਂ ਅਦਾਇਗੀ ਨਾ ਕਰਨ ਵਾਲੇ ਮੈਂਬਰ ਪੱਕੇ ਤੌਰ ’ਤੇ ਬਾਹਰ ਹੋ ਜਾਣਗੇ।

Related post