ਕੈਨੇਡਾ ਸਰਕਾਰ ਨੂੰ ਮਹਿੰਗੇ ਪਏ ਥੋਕ ਦੇ ਭਾਅ ਵਿਜ਼ਟਰ ਵੀਜ਼ਾ ਜਾਰੀ ਕਰਨੇ

ਕੈਨੇਡਾ ਸਰਕਾਰ ਨੂੰ ਮਹਿੰਗੇ ਪਏ ਥੋਕ ਦੇ ਭਾਅ ਵਿਜ਼ਟਰ ਵੀਜ਼ਾ ਜਾਰੀ ਕਰਨੇ

ਟੋਰਾਂਟੋ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਵਿਚ ਢਿੱਲ ਦੇਣੀ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੂੰ ਸੰਭਾਵਤ ਤੌਰ ’ਤੇ ਮਹਿੰਗੀ ਪਈ ਅਤੇ ਹੁਣ ਇਸ ਦੇ ਅਣਕਿਆਸੇ ਸਿੱਟੇ ਸਾਹਮਣੇ ਆ ਰਹੇ ਹਨ। ‘ਟੋਰਾਂਟੋ ਸਟਾਰ’ ਵੱਲੋਂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 152,400 ਜਣਿਆਂ ਵਿਚੋਂ 19,400 ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿਤਾ। ਸਿਰਫ ਇਥੇ ਹੀ ਬੱਸ ਨਹੀਂ ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ’ਤੇ ਇਥੇ ਰਹਿਣਾ ਚਾਹੁੰਦੇ ਹਨ।

ਪਨਾਹ ਦੇ ਦਾਅਵਿਆਂ ਵਿਚ ਹੋਇਆ ਮੋਟਾ ਵਾਧਾ

ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 58,378 ਨੇ ਮੁਲਕ ਵਿਚ ਪਨਾਹ ਮੰਗੀ। ਇਸ ਅੰਕੜੇ ਵਿਚ ਇੰਟਰਨੈਸ਼ਨਲ ਸਟੂਡੈਂਟ, ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਸਨ ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਾ ’ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ। ਕੈਨੇਡਾ ਵਿਚ 2023 ਦੌਰਾਨ ਇਕ ਲੱਖ 38 ਹਜ਼ਾਰ ਅਸਾਇਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀ ਸਦੀ ਬਣਦੇ ਹਨ। ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਫਿਊਜੀ ਕਲੇਮ ਦਾਇਰ ਕਰਨਗੇ। ਕੈਲਗਰੀ ਦੇ ਇੰਮੀਗ੍ਰੇਸ਼ਨ ਵਕੀਲ ਰਾਜ ਸ਼ਰਮਾ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਦਾ ਸਪੈਸ਼ਲ ਪ੍ਰੋਗਰਾਮ ਦਸੰਬਰ ਵਿਚ ਖਤਮ ਹੋ ਗਿਆ ਅਤੇ ਇਸ ਤਹਿਤ ਛੇ ਮਹੀਨੇ ਦਾ ਵੀਜ਼ਾ ਦਿਤਾ ਜਾਂਦਾ ਸੀ। ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖਤਮ ਹੋਣਗੇ ਅਤੇ ਅਸਾਇਲਮ ਦੇ ਦਾਅਵਿਆਂ ਵਿਚ ਮੋਟਾ ਵਾਧਾ ਹੋ ਸਕਦਾ ਹੈ।

14 ਫੀ ਸਦੀ ਲੋਕ ਵਾਪਸ ਜਾਣ ਨੂੰ ਤਿਆਰ ਨਹੀਂ

ਚੇਤੇ ਰਹੇ ਕਿ 28 ਫਰਵਰੀ 2023 ਤੋਂ 7 ਦਸੰਬਰ 2023 ਤੱਕ ਲਾਗੂ ਰਹੇ ਸਪੈਸ਼ਲ ਪ੍ਰੋਗਰਾਮ ਦੌਰਾਨ ਵਿੱਤੀ ਸਰੋਤਾਂ ਦੇ ਸਬੂਤ ਪੇਸ਼ ਕਰਨ ਦੀ ਕੋਈ ਬੰਦਿਸ਼ ਨਹੀਂ ਸੀ। ਸਪੈਸ਼ਲ ਪ੍ਰੋਗਰਾਮ ਲਾਗੂ ਕਰਦਿਆਂ ਇੰਮੀਗ੍ਰੇਸ਼ਨ ਮੰਤਰੀ ਨੇ ਇਕ ਸਰਕਾਰੀ ਨੋਟ ਵਿਚ ਲਿਖਿਆ ਸੀ, ‘‘ਕੋਰੋਨਾ ਮਹਾਂਮਾਰੀ ਲੰਘ ਚੁੱਕੀ ਹੈ ਅਤੇ ਕੌਮਾਂਤਰੀ ਆਵਾਜਾਈ ਵਿਚ ਤੇਜ਼ੀ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਮੁਲਕ ਦੇ ਅਰਥਚਾਰੇ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਸੈਲਾਨੀਆਂ, ਕਾਰੋਬਾਰੀਆਂ ਅਤੇ ਫੈਮਿਲੀ ਵਿਜ਼ਟਰਜ਼ ਦੀ ਆਵਾਜਾਈ ਦਾ ਫਾਇਦਾ ਲੈਣ ਵਾਸਤੇ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਘਟਾਇਆ ਜਾ ਰਿਹਾ ਹੈ।’’ ਦੂਜੇ ਪਾਸੇ ਕੈਨੇਡੀਅਨ ਐਸੋਸੀਏਸ਼ਨ ਆਫ ਰਫਿਊਜੀ ਲਾਅਇਰਜ਼ ਦੇ ਬੁਲਾਰੇ ਅਤੇ ਇੰਮੀਗ੍ਰੇਸ਼ਨ ਵਕੀਲ ਐਡਮ ਸੈਡਿੰਸਕੀ ਨੇ ਕਿਹਾ ਅਸਲੀਅਤ ਇਹ ਹੈ ਕਿ ਜਦੋਂ ਲੋਕ ਆਵਾਜਾਈ ਕਰਨ ਤੋਂ ਅਸਮਰੱਥ ਸਨ ਤਾਂ ਉਨ੍ਹਾਂ ਨੂੰ ਆਪਣੇ ਜੱਦੀ ਮੁਲਕ ਵਿਚ ਵਧੀਕੀਆਂ ਬਰਦਾਸ਼ਤ ਕਰਨੀਆਂ ਪਈਆਂ। ਆਖਰਕਾਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੈਨੇਡਾ ਵਿਚ ਆ ਕੇ ਪਨਾਹ ਮੰਗ ਲਈ। ਇਹ ਕੁਦਰਤੀ ਵਰਤਾਰਾ ਹੀ ਹੈ ਕਿ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆਉਣ ਵਾਲਿਆਂ ਵਿਚੋਂ ਕਈਆਂ ਦਾ ਮਕਸਦ ਇਥੇ ਪਨਾਹ ਹਾਸਲ ਕਰਨਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਵਿਜ਼ਟਰ ਵੀਜ਼ਾਂ ਦੇ ਨਿਯਮਾਂ ਵਿਚ ਢਿੱਲ ਦਿਤੀ ਗਈ, ਉਦੋਂ ਹੀ ਔਟਵਾ ਅਤੇ ਵਾਸ਼ਿੰਗਟਨ ਵੱਲੋਂ ਦੁਵੱਲੇ ਸਰਹੱਦੀ ਸਮਝੌਤੇ ਦਾ ਘੇਰਾ ਵਧਾ ਦਿਤਾ ਗਿਆ ਜਦਕਿ ਇਸ ਤੋਂ ਪਹਿਲਾਂ ਜ਼ਮੀਨੀ ਰਸਤੇ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਰਾਜ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਫੈਡਰਲ ਸਰਕਾਰ ਕੋਲ ਕਈ ਰਾਹ ਮੌਜੂਦ ਹੁੰਦੇ ਹਨ ਜਿਨ੍ਹਾਂ ਵਿਚ ਅਰਜ਼ੀਆਂ ਵਾਪਸ ਕਰਨਾ ਅਤੇ ਬੈਕਲਾਗ ਵਿਚ ਫਸੇ ਬਿਨੈਕਾਰਾਂ ਨੂੰ ਵੀਜ਼ਾ ਫੀਸ ਵਾਪਸ ਕਰਨੀ ਸ਼ਾਮਲ ਹੈ ਜਾਂ ਸਿੱਧੇ ਤੌਰ ’ਤੇ ਐਲਾਲ ਕਰ ਦਿਤਾ ਜਾਵੇ ਕਿ ਬੈਕਲਾਗ ਕਾਫੀ ਵਧ ਚੁੱਕਾ ਹੈ ਅਤੇ ਜੇ ਕੋਈ ਉਡੀਕ ਕਰ ਸਕਦਾ ਹੈ ਤਾਂ ਠੀਕ। ਇਸ ਵੇਲੇ ਕੈੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ 11 ਲੱਖ 44 ਹਜ਼ਾਰ ਅਰਜ਼ੀਆਂ ਬਕਾਇਆ ਹਨ ਅਤੇ ਇਹ ਅੰਕੜਾ ਫਰਵਰੀ 2023 ਦੇ ਮੁਕਾਬਲੇ 64 ਫੀ ਸਦੀ ਹੇਠਾਂ ਆਇਆ ਹੈ।

Related post

ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ ਝੰਡੇ, ਫਰਿਜ਼ਨੋ ’ਚ ਪਹਿਲੇ ਸਿੱਖ ਜੱਜ ਵਜੋਂ ਹੋਈ ਨਿਯੁਕਤੀ

ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ…

ਫਰਿਜ਼ਨੋ, 5 ਮਈ, ਪਰਦੀਪ ਸਿੰਘ: ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ…
ਆਸਟ੍ਰੇਲੀਆਈ ਮਹਿਲਾ ਸਾਂਸਦ ਦੇ ਬਿਆਨ ਨੇ ਮਚਾਇਆ ਤਹਿਲਕਾ, “ਡਰੱਗ ਦੇ ਕੇ ਕੀਤਾ ਯੌਨ ਸੋਸ਼ਣ”

ਆਸਟ੍ਰੇਲੀਆਈ ਮਹਿਲਾ ਸਾਂਸਦ ਦੇ ਬਿਆਨ ਨੇ ਮਚਾਇਆ ਤਹਿਲਕਾ, “ਡਰੱਗ…

ਆਸਟ੍ਰੇਲੀਆ, 5 ਮਈ, ਪਰਦੀਪ ਸਿੰਘ: ਆਸਟ੍ਰੇਲੀਆ ਦੀ ਇਕ ਮਹਿਲਾ ਸਾਂਸਦ ਵੱਲੋਂ ਦਿੱਤੇ ਗਏ ਬਿਆਨ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ।…
Agniveer Recruitment 2024: ਇੰਡੀਅਨ ਨੇਵੀ SSR-MR ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਸ਼ੁਰੂ ਹੋਵੇਗੀ ਭਰਤੀ

Agniveer Recruitment 2024: ਇੰਡੀਅਨ ਨੇਵੀ SSR-MR ਭਰਤੀ ਲਈ ਨੋਟੀਫਿਕੇਸ਼ਨ…

ਨਵੀਂ ਦਿੱਲੀ, 5 ਮਈ, ਪਰਦੀਪ ਸਿੰਘ: ਭਾਰਤੀ ਜਲ ਸੈਨਾ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ…