ਕੈਨੇਡਾ ਦੀ ਵਸੋਂ 9 ਮਹੀਨੇ ਵਿਚ 10 ਲੱਖ ਵਧੀ

ਕੈਨੇਡਾ ਦੀ ਵਸੋਂ 9 ਮਹੀਨੇ ਵਿਚ 10 ਲੱਖ ਵਧੀ

ਟੋਰਾਂਟੋ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਚਾਰ ਕਰੋੜ ਦਾ ਅੰਕੜਾ ਪਾਰ ਕਰਨ ਮਗਰੋਂ ਕੈਨੇਡਾ ਦੀ ਵਸੋਂ ਸਿਰਫ 9 ਮਹੀਨੇ ਵਿਚ 10 ਲੱਖ ਹੋਰ ਵਧ ਗਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰ ਤੱਕ ਮੁਲਕ ਦੀ ਅੰਦਾਜ਼ਨ ਆਬਾਦੀ 41 ਮਿਲੀਅਨ ਹੋ ਚੁੱਕੀ ਸੀ ਅਤੇ ਇਸ ਵਾਧੇ ਪਿੱਛੇ ਵੱਡਾ ਯੋਗਦਾਨ ਇੰਮੀਗ੍ਰੇਸ਼ਨ ਦਾ ਮੰਨਿਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਹਿਲੀ ਜਨਵਰੀ 2023 ਤੋਂ ਪਹਿਲੀ ਜਨਵਰੀ 2024 ਦਰਮਿਆਨ ਕੈਨੇਡੀਅਨ ਵਸੋਂ ਵਿਚ 12,71,872 ਦਾ ਵਾਧਾ ਹੋਇਆ ਜੋ 1957 ਤੋਂ ਬਾਅਦ ਸਭ ਤੋਂ ਉਚਾ ਵਾਧਾ ਬਣਦਾ ਹੈ।

ਇਕ ਸਾਲ ’ਚ 12.71 ਲੱਖ ਲੋਕ ਕੈਨੇਡਾ ’ਚ ਹੋਏ ਦਾਖਲ

ਤਾਜ਼ਾ ਵਾਧੇ ਦੀ ਦਰ 3.2 ਫੀ ਸਦੀ ਦੱਸੀ ਜਾ ਰਹੀ ਹੈ ਅਤੇ ਇਸ ਵਿਚੋਂ ਇੰਮੀਗ੍ਰੇਸ਼ਨ ਦਾ ਅੰਕੜਾ ਕੱਢ ਦਿਤਾ ਜਾਵੇ ਤਾਂ ਵਸੋਂ ਵਿਚ ਵਾਧੇ ਦੀ ਰਫਤਾਰ ਸਿਰਫ 1.2 ਫੀ ਸਦੀ ਰਹਿ ਜਾਂਦੀ ਹੈ। ਪਹਿਲੀ ਅਕਤੂਬਰ 2023 ਤੋਂ 31 ਦਸੰਬਰ 2023 ਦਰਮਿਆਨ ਕੈਨੇਡੀਅਨ ਵਸੋਂ ਵਿਚ 241,494 ਦਾ ਵਾਧਾ ਹੋਇਆ ਜੋ ਚੌਥੀ ਤਿਮਾਹੀ ਦੇ ਹਿਸਾਬ ਨਾਲ 1956 ਮਗਰੋਂ ਸਭ ਤੋਂ ਤੇਜ਼ ਵਾਧਾ ਦੱਸਿਆ ਜਾ ਰਿਹਾ ਹੈ। ਰਾਜਾਂ ਦੇ ਆਧਾਰ ’ਤੇ ਵਸੋਂ ਵਿਚ ਵਾਧਾ ਦੇਖਿਆ ਜਾਵੇ ਤਾਂ ਐਲਬਰਟਾ ਨੂੰ ਫਾਇਦਾ ਹੋਇਆ ਹੈ ਅਤੇ ਉਨਟਾਰੀਓ ਨੁਕਸਾਨ ਵਿਚ ਰਿਹਾ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ 55 ਹਜ਼ਾਰ ਤੋਂ ਵੱਧ ਲੋਕਾਂ ਨੇ ਐਲਬਰਟਾ ਨੂੰ ਆਪਣਾ ਘਰ ਬਣਾਇਆ ਅਤੇ 1972 ਮਗਰੋਂ ਇਹ ਸਭ ਤੋਂ ਉਚਾ ਅੰਕੜਾ ਬਣਦਾ ਹੈ। ਇਸ ਦੇ ਉਲਟ 2016 ਤੋਂ 2021 ਦਰਮਿਆਲ ਐਲਬਰਟਾ ਵਿਚ ਨਵੇਂ ਆ ਰਹੇ ਲੋਕਾਂ ਦੇ ਮੁਕਾਬਲੇ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। 2023 ਦੌਰਾਨ ਤਕਰੀਬਨ 3 ਲੱਖ 30 ਹਜ਼ਾਰ ਕੈਨੇਡੀਅਨਜ਼ ਇਕ ਸੂਬਾ ਛੱਡ ਦੇ ਦੂਜੇ ਸੂਬੇ ਵਿਚ ਜਾ ਵਸੇ। ਬੀ.ਸੀ. ਵਿਚ 2012 ਮਗਰੋਂ ਪਹਿਲੀ ਵਾਰ ਨਾਂਹਪੱਖੀ ਅੰਕੜੇ ਸਾਹਮਣੇ ਆਏ ਅਤੇ ਸੂਬੇ ਵਿਚ ਆਉਣ ਵਾਲਿਆਂ ਦੇ ਮੁਕਾਬਲੇ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ 8,624 ਵੱਧ ਰਹੀ।

1957 ਮਗਰੋਂ ਦਰਜ ਕੀਤਾ ਸਭ ਤੋਂ ਤੇਜ਼ ਵਾਧਾ

ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉਨਟਾਰੀਓ ਨੂੰ 36 ਹਜ਼ਾਰ ਲੋਕਾਂ ਦਾ ਨੁਕਸਾਨ ਹੋਇਆ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਨਵੇਂ ਆਉਣ ਵਾਲਿਆਂ ਦੇ ਮੁਕਾਬਲੇ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਬੇਹੱਦ ਉਪਰ ਰਹੀ। ਐਲਬਰਟਾ ਤੋਂ ਇਲਾਵਾ ਨੋਵਾ ਸਕੋਸ਼ੀਆ, ਨਿਊ ਬ੍ਰਨਜ਼ਵਿਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੀ ਆਬਾਦੀ ਵਿਚ ਵੀ ਹਾਂਪੱਖੀ ਵਾਧਾ ਹੋਇਆ। ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਵਿਚ ਇੰਮੀਗ੍ਰੇਸ਼ਨ ਅਤੇ ਵਸੇਬਾ ਮਾਮਲਿਆਂ ਦੀ ਪ੍ਰੋਫੈਸਰ ਊਸ਼ਾ ਜਾਰਜ ਨੇ ਕਿਹਾ ਕਿ ਆਬਾਦੀ ਵਿਚ ਵਾਧੇ ਨਾਲ ਕੈਨੇਡੀਅਨ ਆਰਥਿਕਤਾ ਨੂੰ ਫਾਇਦਾ ਹੋ ਸਕਦਾ ਹੈ। ਕਿਰਤੀ ਬਾਜ਼ਾਰ ਵਿਚ ਖਾਲੀ ਆਸਾਮੀਆਂ ਭਰਨ ਲਈ ਇਸ ਵਾਧੇ ਦਾ ਲਾਹਾ ਲਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਹੁਨਰਮੰਦ ਕਾਮੇ ਪੁੱਜ ਰਹੇ ਹਨ ਜਿਨ੍ਹਾਂ ਤੋਂ ਵੱਖ ਵੱਖ ਉਦਯੋਗਿਕ ਖੇਤਰ ਫਾਇਦਾ ਲੈ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਦੀ ਗਿਣਤੀ ਘਟਾਉਣ ਬਾਰੇ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ। ਇਸ ਵੇਲੇ ਕੈਨੇਡਾ ਵਿਚ 25 ਲੱਖ ਵਿਦੇਸ਼ੀ ਨਾਗਰਿਕ ਟੈਂਪਰੇਰੀ ਰੈਜ਼ੀਡੈਂਟ ਵਜੋਂ ਰਹਿ ਰਹੇ ਹਨ ਅਤੇ ਫੈਡਰਲ ਸਰਕਾਰ ਇਹ ਅੰਕੜਾ 20 ਲੱਖ ’ਤੇ ਲਿਆਉਣਾ ਚਾਹੁੰਦੀ ਹੈ।

Related post

ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼

ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼

ਮੁਹਾਲੀ, 27 ਅਪ੍ਰੈਲ, ਨਿਰਮਲ : ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਮੁਹਾਲੀ ਤੋਂ ਫਲਾਈਟ ਫੜ ਸਕਣਗੇ। ਹਵਾਈ…
ਬਠਿੰਡਾ ਵਿਚ ਖਾਲਿਤਸਾਨ ਦੇ ਨਾਅਰੇ ਲਿਖੇ

ਬਠਿੰਡਾ ਵਿਚ ਖਾਲਿਤਸਾਨ ਦੇ ਨਾਅਰੇ ਲਿਖੇ

ਬਠਿੰਡਾ, 27 ਅਪ੍ਰੈਲ, ਨਿਰਮਲ : ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਸੁਰੱਖਿਆ ਵਿਚ ਵੱਡੀ ਲਾਪਰਵਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ। ਅਣਪਛਾਤੇ ਲੋਕਾਂ…
ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਲੰਡਨ, 27 ਅਪ੍ਰੈਲ, ਨਿਰਮਲ : ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ…