PBKS vs MI : ਆਕਾਸ਼ ਮਧਵਾਲ ਨੇ ਕੀਤੀ ਹਾਰਦਿਕ ਪੰਡਯਾ ਦੀ ਸ਼ਰੇਆਮ ਬੇਇੱਜ਼ਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ Video

PBKS vs MI : ਆਕਾਸ਼ ਮਧਵਾਲ ਨੇ ਕੀਤੀ ਹਾਰਦਿਕ ਪੰਡਯਾ ਦੀ ਸ਼ਰੇਆਮ ਬੇਇੱਜ਼ਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ Video

ਮੁੱਲਾਂਪੁਰ (19 ਅਪ੍ਰੈਲ), ਰਜਨੀਸ਼ ਕੌਰ: IPL 2024 ਦਾ 33ਵਾਂ ਮੈਚ 18 ਅਪ੍ਰੈਲ ਨੂੰ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦੋਵਾਂ ਵਿਚਾਲੇ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਹਾਲਾਂਕਿ ਮੁੰਬਈ ਇੰਡੀਅਨਜ਼ 9 ਦੌੜਾਂ ਨਾਲ ਜਿੱਤ ਗਈ। ਹੁਣ ਇਸ ਮੈਚ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ ਆਪਣੇ ਕਪਤਾਨ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਰੋਹਿਤ ਸ਼ਰਮਾ ਨਾਲ ਫੀਲਡਿੰਗ ਬਾਰੇ ਗੱਲਬਾਤ ਕੀਤੀ।

ਆਕਾਸ਼ ਮਧਵਾਲ ਨੇ ਕੀਤਾ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼

ਅਸਲ ‘ਚ ਪੰਜਾਬ ਕਿੰਗਜ਼ ਨੂੰ ਆਖਰੀ ਓਵਰ ‘ਚ ਜਿੱਤ ਲਈ 12 ਦੌੜਾਂ ਦੀ ਲੋੜ ਸੀ। ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਮੁੰਬਈ ਇੰਡੀਅਨਜ਼ ਲਈ ਆਖਰੀ ਓਵਰ ਸੁੱਟਣ ਆ ਰਹੇ ਸਨ। ਓਵਰ ਸ਼ੁਰੂ ਹੋਣ ਤੋਂ ਪਹਿਲਾਂ ਆਕਾਸ਼ ਨੂੰ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨਾਲ ਖੜ੍ਹੇ ਵੇਖਿਆ ਗਿਆ। ਹਾਲਾਂਕਿ ਜੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਵੇਖਦੇ ਹੋ ਤਾਂ ਆਕਾਸ਼ ਕੈਪਟਨ ਹਾਰਦਿਕ ਦੀ ਗੱਲ ਬਿਲਕੁਲ ਨਹੀਂ ਸੁਣ ਰਹੇ ਸਨ। ਉਹਨਾਂ ਨੇ ਪੰਡਯਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਹ ਸਿਰਫ਼ ਰੋਹਿਤ ਸ਼ਰਮਾ ਦੀ ਸਲਾਹ ਲੈ ਰਿਹਾ ਸੀ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਕੁੱਝ ਅਜਿਹਾ ਰਿਹਾ ਮੈਚ ਦਾ ਹਾਲ

ਆਸ਼ੂਤੋਸ਼ ਸ਼ਰਮਾ ਦੀ 28 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਨੂੰ ਤਜਰਬੇਕਾਰ ਜਸਪ੍ਰੀਤ ਬੁਮਰਾਹ (21 ਦੌੜਾਂ, ਚਾਰ ਓਵਰਾਂ ਵਿੱਚ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 9 ਦੌੜਾਂ ਨਾਲ ਹਰਾਇਆ। ਸੂਰਿਆਕੁਮਾਰ ਯਾਦਵ ਦੀ 53 ਗੇਂਦਾਂ ‘ਚ 78 ਦੌੜਾਂ ਦੀ ਹਮਲਾਵਰ ਪਾਰੀ ਨਾਲ ਸੱਤ ਵਿਕਟਾਂ ‘ਤੇ 192 ਦੌੜਾਂ ਬਣਾਉਣ ਤੋਂ ਬਾਅਦ ਪੰਜਾਬ ਦੀ ਟੀਮ 19.1 ਓਵਰਾਂ ‘ਚ 183 ਦੌੜਾਂ ‘ਤੇ ਆਊਟ ਕਰ ਦਿੱਤਾ।

ਇਸ ਜਿੱਤ ਨਾਲ ਮੁੰਬਈ ਸੱਤ ਮੈਚਾਂ ‘ਚ ਤਿੰਨ ਜਿੱਤਾਂ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਪੰਜਾਬ ਸੱਤ ਮੈਚਾਂ ‘ਚ ਪੰਜਵੀਂ ਹਾਰ ਤੋਂ ਬਾਅਦ ਨੌਵੇਂ ਸਥਾਨ ‘ਤੇ ਖਿਸਕ ਗਿਆ ਹੈ। ਪੰਜਾਬ ਦੀ ਟੀਮ 14 ਦੌੜਾਂ ‘ਤੇ ਚਾਰ ਵਿਕਟਾਂ ਗੁਆ ਚੁੱਕੀ ਸੀ। ਪਰ ਆਸ਼ੂਤੋਸ਼ ਅਤੇ ਸ਼ਸ਼ਾਂਕ ਸਿੰਘ (25 ਗੇਂਦਾਂ ਵਿੱਚ 41 ਦੌੜਾਂ) ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਸ਼ੂਤੋਸ਼ ਨੇ ਆਪਣੀ ਪਾਰੀ ਵਿੱਚ ਸੱਤ ਸ਼ਾਨਦਾਰ ਛੱਕੇ ਅਤੇ ਦੋ ਚੌਕੇ ਜੜੇ। ਉਸ ਨੇ ਹਰਪ੍ਰੀਤ ਬਰਾੜ (21) ਨਾਲ ਅੱਠਵੀਂ ਵਿਕਟ ਲਈ 32 ਗੇਂਦਾਂ ਵਿੱਚ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਸ਼ਾਂਕ ਨੇ ਵੀ ਤਿੰਨ ਅਹਿਮ ਸਾਂਝੇਦਾਰੀਆਂ ਬਣਾ ਕੇ ਪੰਜਾਬ ਲਈ ਮੁਕਾਮ ਤੈਅ ਕੀਤਾ। ਉਸ ਨੇ ਪੰਜਵੇਂ ਵਿਕਟ ਲਈ ਹਰਪ੍ਰੀਤ ਸਿੰਘ (13) ਨਾਲ 28 ਗੇਂਦਾਂ ਵਿੱਚ 35 ਦੌੜਾਂ, ਛੇਵੇਂ ਵਿਕਟ ਲਈ ਜਿਤੇਸ਼ ਸ਼ਰਮਾ (9) ਨਾਲ 15 ਗੇਂਦਾਂ ਵਿੱਚ 28 ਦੌੜਾਂ ਅਤੇ ਆਸ਼ੂਤੋਸ਼ ਨਾਲ 17 ਗੇਂਦਾਂ ਵਿੱਚ 34 ਦੌੜਾਂ ਜੋੜੀਆਂ। ਗੇਰਾਲਡ ਕੋਏਟਜ਼ੀ ਨੇ ਵੀ ਤਿੰਨ ਵਿਕਟਾਂ ਲਈਆਂ।

ਆਕਾਸ਼ ਮਧਵਾਲ, ਕਪਤਾਨ ਹਾਰਦਿਕ ਪੰਡਯਾ ਅਤੇ ਸ਼੍ਰੇਅਸ ਗੋਪਾਲ ਨੂੰ ਇੱਕ-ਇੱਕ ਸਫਲਤਾ ਮਿਲੀ। ਮੁੰਬਈ ਲਈ ਸੂਰਿਆ ਕੁਮਾਰ ਨੇ ਆਪਣੀ ਪਾਰੀ ਵਿੱਚ ਸੱਤ ਚੌਕੇ ਅਤੇ ਤਿੰਨ ਛੱਕੇ ਜੜੇ ਅਤੇ ਆਪਣਾ 250ਵਾਂ ਆਈਪੀਐਲ ਮੈਚ ਖੇਡ ਰਹੇ ਰੋਹਿਤ ਸ਼ਰਮਾ ਨਾਲ ਦੂਜੇ ਵਿਕਟ ਲਈ 57 ਗੇਂਦਾਂ ਵਿੱਚ 81 ਦੌੜਾਂ ਅਤੇ ਤਿਲਕ ਵਰਮਾ ਨਾਲ 28 ਗੇਂਦਾਂ ਵਿੱਚ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ ਆਪਣੀ 25 ਗੇਂਦਾਂ ਦੀ ਪਾਰੀ ‘ਚ ਦੋ ਚੌਕੇ ਤੇ ਤਿੰਨ ਛੱਕੇ ਲਗਾ ਕੇ 36 ਦੌੜਾਂ ਬਣਾਈਆਂ, ਜਦਕਿ ਤਿਲਕ ਨੇ 18 ਗੇਂਦਾਂ ‘ਚ 34 ਦੌੜਾਂ ਦੀ ਅਜੇਤੂ ਪਾਰੀ ‘ਚ ਦੋ ਚੌਕੇ ਅਤੇ ਇੰਨੇ ਹੀ ਛੱਕੇ ਲਗਾਏ। ਪੰਜਾਬ ਲਈ ਹਰਸ਼ਲ ਪਟੇਲ ਨੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਨਿਯਮਤ ਕਪਤਾਨ ਸ਼ਿਖਰ ਧਵਨ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਅਗਵਾਈ ਕਰ ਰਹੇ ਸੈਮ ਕੁਰਨ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Related post