ਸਾਂਸਦਾਂ ਦਾ ਰਿਪੋਰਟ ਕਾਰਡ : ਕਿਹੜਾ ਅੱਵਲ ਤੇ ਕਿਹੜਾ ਫਾਡੀ!

ਸਾਂਸਦਾਂ ਦਾ ਰਿਪੋਰਟ ਕਾਰਡ : ਕਿਹੜਾ ਅੱਵਲ ਤੇ ਕਿਹੜਾ ਫਾਡੀ!

ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਾਲ 2024 ਦੀਆਂ ਲੋਕ ਸਭਾ ਨੇੜੇ ਆ ਰਹੀਆਂ ਨੇ ਤਾਂ ਕੁੱਝ ਸਾਂਸਦਾਂ ਵੱਲੋਂ ਆਪਣੀ ਪੰਜ ਸਾਲ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਏ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਨ੍ਹਾਂ ਵੱਲੋਂ ਚੁਣੇ ਗਏ ਸਾਂਸਦਾਂ ਨੇ ਲੋਕ ਸਭਾ ਵਿਚ ਕਿੰਨੀ ਹਾਜ਼ਰੀ ਭਰੀ ਅਤੇ ਸੂਬੇ ਦੇ ਕਿੰਨੇ ਮੁੱਦੇ ਉਠਾਏ।

ਮੌਜੂਦਾ ਸਮੇਂ ਇਕ ਰਿਪੋਰਟ ਕਾਰਡ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਪੇਸ਼ ਕੀਤਾ ਗਿਆ ਏ, ਜਿਸ ਵਿਚ ਮਨੀਸ਼ ਤਿਵਾੜੀ ਪਹਿਲੇ ਅਤੇ ਬਿੱਟੂ ਦੂਜੇ ਨੰਬਰ ’ਤੇ ਦਿਖਾਏ ਗਏ ਨੇ ਜਦਕਿ ਸੰਨੀ ਦਿਓਲ ਅਤੇ ਸੁਖਬੀਰ ਬਾਦਲ ਨੂੰ ਸਭ ਤੋਂ ਪਿੱਛੇ ਦਿਖਾਇਆ ਗਿਆ ਏ।

ਪੰਜਾਬ ਦੇ ਲੋਕ ਸਭਾ ਸਾਂਸਦਾਂ ਨੇ ਸੰਸਦ ਵਿਚ ਕਿੰਨੀ ਹਾਜ਼ਰੀ ਲਗਵਾਈ ਅਤੇ ਪੰਜਾਬ ਦੇ ਕਿੰਨੇ ਕੁ ਮੁੱਦੇ ਉਠਾਏ, ਇਸ ਸਬੰਧੀ ਇਕ ਰਿਪੋਰਟ ਕਾਰਡ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੱਲੋਂ ਜਾਰੀ ਕੀਤਾ ਗਿਆ ਏ। ਇਸ ਰਿਪੋਰਟ ਕਾਰਡ ਦੇ ਮੁਤਾਬਕ ਪੰਜਾਬ ਦੇ ਭਾਜਪਾ ਦੇ ਲੋਕ ਸਭਾ ਸਾਂਸਦ ਸੰਨੀ ਦਿਓਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸੁਖਬੀਰ ਬਾਦਲ ਨੂੰ ਸੰਸਦ ਦੀ ਕਾਰਵਾਈ ਤੋਂ ਜ਼ਿਆਦਾਤਰ ਸਮੇਂ ਗ਼ਾਇਬ ਦਿਖਾਇਆ ਗਿਆ ਏ।

ਇਸ ਕਾਰਡ ਵਿਚ ਸੰਨੀ ਦਿਓਲ ਅਤੇ ਸੁਖਬੀਰ ਬਾਦਲ ਦੀ ਹਾਜ਼ਰੀ ਮਹਿਜ਼ 21 ਫ਼ੀਸਦੀ ਦਿਖਾਈ ਗਈ ਐ, ਜਦਕਿ ਦੋਵਾਂ ਨੇ ਸੰਸਦ ਵਿਚ ਹੁਣ ਤੱਕ 32-32 ਸਵਾਲ ਹੀ ਪੁੱਛੇ ਅਤੇ ਇਨ੍ਹਾਂ ਵਲੋਂ ਕੋਈ ਪ੍ਰਾਈਵੇਟ ਬਿਲ ਪਾਸ ਨਹੀਂ ਕਰਵਾਇਆ ਗਿਆ। ਭਾਜਪਾ ਸਾਂਸਦ ਅਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਸਾਂਸਦ ਬਣਨ ਤੋਂ ਬਾਅਦ ਅਕਸਰ ਲੋਕਾਂ ਦੇ ਨਿਸ਼ਾਨੇ ’ਤੇ ਨੇ ਕਿਉਂਕਿ ਸਾਂਸਦ ਬਣਨ ਮਗਰੋਂ ਉਹ ਜ਼ਿਆਦਾਤਰ ਆਪਣੇ ਹਲਕੇ ਵਿਚੋਂ ਗ਼ਾਇਬ ਹੀ ਰਹੇ। ਗੁੱਸੇ ਵਿਚ ਆਏ ਲੋਕਾਂ ਵੱਲੋਂ ਹਲਕੇ ਵਿਚ ਕਈ ਵਾਰ ਉਨ੍ਹਾਂ ਦੀ ਗੁੰਮਸ਼ੁਦਗੀ ਪੋਸਟਰ ਵੀ ਲਗਾਏ ਜਾ ਚੁੱਕੇ ਨੇ।

ਜੇਕਰ ਗੱਲ ਕਰੀਏ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਸੰਸਦ ਵਿਚ ਹਾਜ਼ਰੀ ਤੋਂ ਲੈਕੇ ਸਵਾਲ ਪੁੱਛਣ ਤੱਕ ਸਾਰਿਆਂ ਵਿਚ ਅੱਵਲ ਰਹੇ। ਉਨ੍ਹਾਂ ਵੱਲੋਂ ਸੰਸਦ ਵਿਚ 6 ਪ੍ਰਾਈਵੇਟ ਬਿਲ ਵੀ ਰੱਖੇ ਗਏ। ਲੋਕ ਸਭਾ ਵਿਚ ਸਵਾਲ ਪੁੱਛਣ ਦੀ ਗੱਲ ਕਰੀਏ ਤਾਂ ਇਸ ਵਿਚ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਸਭ ਤੋਂ ਅੱਵਲ ਰਹੇ, ਜਿਨ੍ਹਾਂ ਨੇ ਕੁੱਲ 358 ਸਵਾਲ ਪੁੱਛੇ ਜੋ ਸਭ ਤੋਂ ਜ਼ਿਆਦਾ ਰਹੇ।

ਹਾਲਾਂਕਿ ਸੰਸਦ ਵਿਚ ਉਨ੍ਹਾਂ ਦੀ ਹਾਜ਼ਰੀ 910 ਫ਼ੀਸਦੀ ਰਹੀ ਜੋ ਕਿ ਸੂਬੇ ਦੇ ਸਾਂਸਦਾਂ ਵਿਚੋਂ ਤੀਜੇ ਨੰਬਰ ’ਤੇ ਐ। ਸਵਾਲ ਪੁੱਛਣ ਦੇ ਮਾਮਲੇ ਵਿਚ ਦੂਜਾ ਨੰਬਰ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸਾਂਸਦ ਅਮਰ ਸਿੰਘ ਦਾ ਰਿਹਾ, ਜਦਕਿ ਹਾਜ਼ਰੀ ਵਿਚ ਜਸਬੀਰ ਸਿੰਘ ਡਿੰਪਾ ਦੂਜੇ ਨੰਬਰ ’ਤੇ ਰਹੇ।

17ਵੀਂ ਲੋਕ ਸਭਾ ਇਸ ਸਮੇਂ ਆਖ਼ਰੀ ਸਮੇਂ ਵਿਚ ਚੱਲ ਰਹੀ ਐ। ਇਸ ਸਮੇਂ ਤੱਕ ਪੰਜਾਬ ਤੋਂ 13 ਸਾਂਸਦਾਂ ਵੱਲੋਂ ਕੁੱਲ 1168 ਸਵਾਲ ਉਠਾਏ ਗਏ। ਇਨ੍ਹਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਸਦ ਸਿਮਰਨਜੀਤ ਸਿੰਘ ਮਾਨ ਇਕਲੌਤੇ ਅਜਿਹੇ ਸਾਂਸਦ ਨੇ, ਜਿਨ੍ਹਾਂ ਦੀ ਹਾਜ਼ਰੀ ਤਾਂ ਸੰਸਦ ਵਿਚ 85 ਫ਼ੀਸਦੀ ਰਹੀ ਪਰ ਸਵਾਲ ਉਨ੍ਹਾਂ ਨੇ ਇਕ ਵੀ ਨਹੀਂ ਪੁੱਛਿਆ ਅਤੇ ਨਾ ਹੀ ਕੋਈ ਪ੍ਰਾਈਵੇਟ ਬਿਲ ਸੰਸਦ ਵਿਚ ਰੱਖਿਆ।

ਕਾਂਗਰਸ ਦੇ ਚਾਰ ਸਾਂਸਦਾਂ ਰਵਨੀਤ ਸਿੰਘ ਬਿੱਟੂ ਨੇ 358 ਸਵਾਲ ਪੁੱਛੇ, ਗੁਰਜੀਤ ਸਿੰਘ ਔਜਲਾ ਨੇ 110, ਮਨੀਸ਼ ਤਿਵਾੜੀ ਨੇ 206 ਅਤੇ ਅਮਰ ਸਿੰਘ ਨੇ 213 ਸਵਾਲ ਪੁੱਛੇ। ਪੰਜਾਬ ਦੇ ਸਾਰੇ ਸਾਂਸਦਾਂ ਵੱਲੋਂ ਪੂਰੇ ਕਾਰਜਕਾਲ ਵਿਚ ਸਿਰਫ਼ 13 ਪ੍ਰਾਈਵੇਟ ਮੈਂਬਰ ਬਿਲ ਹੀ ਸੰਸਦ ਵਿਚ ਲਿਆਦੇ ਗਏ, ਜਿਨ੍ਹਾਂ ਵਿਚੋਂ ਮਨੀਸ਼ ਤਿਵਾੜੀ ਦੇ 6 ਅਤੇ ਰਵਨੀਤ ਬਿੱਟੂ ਦੇ 5 ਬਿਲ ਨੇ, ਜਦਕਿ ਦੋ ਬਿਲ ਜਸਬੀਰ ਸਿੰਘ ਡਿੰਪਾ ਵੱਲੋਂ ਰੱਖੇ ਗਏ। ਪੰਜਾਬ ਦੇ ਬਾਕੀ ਸਾਂਸਦਾਂ ਨੇ ਆਪਣੇ ਵੱਲੋਂ ਕੋਈ ਪ੍ਰਾਈਵੇਟ ਮੈਂਬਰ ਬਿਲ ਹੀ ਸੰਸਦ ਵਿਚ ਨਹੀਂ ਰੱਖਿਆ।

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਸਾਂਸਦ ਨੇ, ਇਕ ਸੁਖਬੀਰ ਸਿੰਘ ਬਾਦਲ ਅਤੇ ਦੂਜੀ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ। ਜੇਕਰ ਸੰਸਦ ਵਿਚ ਦੋਵਾਂ ਦੀ ਹਾਜ਼ਰੀ ਨੂੰ ਦੇਖਿਆ ਜਾਵੇ ਤਾਂ ਹਰਸਿਮਰਤ ਬਾਦਲ ਹਰ ਪੱਖ ’ਤੇ ਸੁਖਬੀਰ ਬਾਦਲ ਤੋਂ ਉਪਰ ਰਹੀ। ਸੰਸਦ ਵਿਚ ਸੁਖਬੀਰ ਬਾਦਲ ਦੀ ਹਾਜ਼ਰੀ ਜਿੱਥੇ 21 ਫ਼ੀਸਦੀ ਰਹੀ, ਉਥੇ ਹੀ ਹਰਸਿਮਰਤ ਬਾਦਲ ਦੀ ਹਾਜ਼ਰੀ 60 ਫ਼ੀਸਦੀ ਰਹੀ। ਸੁਖਬੀਰ ਬਾਦਲ ਨੇ 32 ਸਵਾਲ ਪੁੱਛੇ ਤਾਂ ਉਨ੍ਹਾਂ ਦੀ ਪਤਨੀ ਵੱਲੋਂ ਸੰਸਦ ਵਿਚ 80 ਸਵਾਲ ਉਠਾਏ ਗਏ।

ਪੰਜਾਬ ਦੇ ਤਿੰਨ ਸਾਂਸਦ ਅਜਿਹੇ ਵੀ ਨੇ ਜੋ ਸੰਸਦ ਵਿਚ ਸਵਾਲ ਉਠਾਉਣ ਦੇ ਮਾਮਲੇ ਵਿਚ ਫਾਡੀ ਰਹੇ, ਉਨ੍ਹਾਂ ਵਿਚ ਫਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ, ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਅਤੇ ਜਲੰਧਰ ਤੋਂ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦੇ ਨਾਂਅ ਸ਼ਾਮਲ ਨੇ। ਕਾਂਗਰਸੀ ਸਾਂਸਦ ਮੁਹੰਮਦ ਸਦੀਕ ਨੇ ਤਾਂ ਆਪਣੇ ਪੂਰੇ ਕਾਰਜਕਾਲ ਵਿਚ ਸਿਰਫ਼ ਦੋ ਸਵਾਲ ਹੀ ਪੁੱਛੇ, ਜਦਕਿ ਉਨ੍ਹਾਂ ਦੀ ਹਾਜ਼ਰੀ 63 ਫ਼ੀਸਦੀ ਰਹੀ।

ਇਸੇ ਤਰ੍ਹਾਂ ਆਪ ਸਾਂਸਦ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਰਫ਼ 10 ਸਵਾਲ ਪੁੱਛੇ ਅਤੇ ਉਨ੍ਹਾਂ ਦੀ ਹਾਜ਼ਰੀ 57 ਫ਼ੀਸਦੀ ਰਹੀ। ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਵੱਲੋਂ 27 ਸਵਾਲ ਪੁੱਛੇ ਗਏ ਅਤੇ ਉਨ੍ਹਾਂ ਦੀ ਹਾਜ਼ਰੀ 85 ਫ਼ੀਸਦੀ ਰਹੀ ਪਰ ਇਨ੍ਹਾਂ ਤਿੰਨੇ ਸਾਂਸਦਾਂ ਵੱਲੋਂ ਕੋਈ ਵੀ ਪ੍ਰਾਈਵੇਟ ਮੈਂਬਰ ਬਿਲ ਸੰਸਦ ਵਿਚ ਨਹੀਂ ਰੱਖਿਆ ਗਿਆ।
ਸੋ ਆਪੋ ਆਪਣੇ ਹਲਕੇ ਦੇ ਸਾਂਸਦਾਂ ਦੀ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਬੀਜਿੰਗ, 16 ਮਈ, ਨਿਰਮਲ : ਤਾਇਵਾਨ ਤੇ ਚੀਨ ਵਿਚ ਤਣਾਅ ਦਾ ਰੇੜਕਾ ਲਗਾਤਾਰ ਜਾਰੀ ਹੈ। ਦੱਸਦੇ ਚਲੀਏ ਕਿ ਤਾਈਵਾਨ ਅਤੇ ਚੀਨ…
ਪ੍ਰਿਅੰਕਾ ਗਾਂਧੀ ਦਾ ਵੱਡਾ ਐਲਾਨ, “ਸਰਕਾਰ ਬਣੀ ਤਾਂ ਔਰਤਾਂ ਨੂੰ ਦੇਵਾਂਗੇ ਹਰ ਮਹੀਨੇ 8500 ਰੁਪਏ”

ਪ੍ਰਿਅੰਕਾ ਗਾਂਧੀ ਦਾ ਵੱਡਾ ਐਲਾਨ, “ਸਰਕਾਰ ਬਣੀ ਤਾਂ ਔਰਤਾਂ…

ਨਵੀਂ ਦਿੱਲੀ,16 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਮਹਿਲਾਵਾਂ ਨੂੰ ਲੈ ਕੇ ਇਕ ਵੱਡਾ ਐਲਾਨ…
Earthquake : ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ‘ਚੋਂ ਬਾਹਰ ਆਏ ਲੋਕ

Earthquake : ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ…

ਹਿਮਾਚਲ, 16 ਮਈ, ਪਰਦੀਪ ਸਿੰਘ: ਹਿਮਾਚਲ ਪ੍ਰਦੇਸ਼ ਦੇ ਕਿੰਨਰ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ। ਭੂਚਾਲ ਸਵੇਰੇ ਕਰੀਬ…