ਹਰੀ ਕ੍ਰਾਂਤੀ ਦੇ ਜਨਮਦਾਤਾ : ਸਵਾਮੀਨਾਥਨ

ਹਰੀ ਕ੍ਰਾਂਤੀ ਦੇ ਜਨਮਦਾਤਾ : ਸਵਾਮੀਨਾਥਨ

ਚੰਡੀਗੜ੍ਹ, 28 ਸਤੰਬਰ : ਭਾਰਤ ਦੇ ਮਹਾਨ ਖੇਤੀ ਵਿਗਿਆਨੀ ਐਮ ਐਸ ਸਵਾਮੀਨਾਥਨ ਦਾ ਦੇਹਾਂਤ ਹੋ ਗਿਆ। ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਵਿਚ ਸਵੇਰੇ 11:20 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਨੂੰ ਭਾਰਤ ਵਿਚ ਹਰੀ ਕ੍ਰਾਂਤੀ ਦੇ ਜਨਮਦਾਤਾ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਝੋਨੇ ਦੀਆਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ, ਜਿਨ੍ਹਾਂ ਨੇ ਭਾਰਤ ਦੇ ਘੱਟ ਆਮਦਨ ਵਾਲੇ ਕਿਸਾਨਾਂ ਨੂੰ ਜ਼ਿਆਦਾ ਝੋਨਾ ਪੈਦਾ ਕਰਨ ਦੇ ਕਾਬਲ ਬਣਾਇਆ। ਉਹ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਸਨ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਵਕਾਲਤ ਕਰਦੇ ਸਨ। ਸੋ ਆਓ ਇਸ ਮਹਾਨ ਖੇਤੀ ਵਿਗਿਆਨੀ ਦੀਆਂ ਪ੍ਰਾਪਤੀਆਂ ’ਤੇ ਇਕ ਝਾਤ ਮਾਰਦੇ ਆਂ।

ਐਮਐਸ ਸਵਾਮੀਨਾਥਨ ਦੀ ਗਿਣਤੀ ਭਾਰਤ ਦੇ ਮਹਾਨ ਖੇਤੀ ਵਿਗਿਆਨੀ ਦੇ ਤੌਰ ’ਤੇ ਕੀਤੀ ਜਾਂਦੀ ਐ ਅਤੇ ਇਨ੍ਹਾਂ ਦੇ ਯਤਨਾ ਸਦਕਾ ਹੀ 60 ਦੇ ਦਹਾਕੇ ਵਿਚ ਭਾਰਤ ਵਿਚ ਹਰੀ ਕ੍ਰਾਂਤੀ ਸਫ਼ਲ ਹੋ ਸਕੀ ਸੀ। ਇਸ ਲਈ ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਦਾ ਜਨਮਦਾਤਾ ਮੰਨਿਆ ਜਾਂਦਾ ਏ। ਭਾਰਤ ਦੀ ਆਜ਼ਾਦੀ ਤੋਂ ਬਾਅਦ ਅਰਥਵਿਵਸਥਾ ਅਤੇ ਲੋਕਾਂ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵੱਡਾ ਅਤੇ ਕਾਰਗਰ ਤਰੀਕਾ ਇਹੋ ਸੀ ਕਿ ਕਿਸਾਨਾਂ ਦੀ ਪੈਦਾਵਾਰ ਚੰਗੀ ਅਤੇ ਜ਼ਿਆਦਾ ਹੋਵੇ।

ਉਹ ਅਕਸਰ ਕਹਿੰਦੇ ਸੀ ‘‘ਅਸੰਭਵ ਸ਼ਬਦ ਮੁੱਖ ਤੌਰ ’ਤੇ ਸਾਡੇ ਦਿਮਾਗ਼ ਵਿਚ ਮੌਜੂਦ ਐ ਪਰ ਇੱਛਾਸ਼ਕਤੀ ਅਤੇ ਯਤਨਾਂ ਦੇ ਦਮ ’ਤੇ ਮਹਾਨ ਤੋਂ ਮਹਾਨ ਕਾਰਜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਨੇ ਆਪਣੀਆਂ ਖੋਜਾਂ ਸਦਕਾ ਕਿਸਾਨਾਂ ਹੀ ਨਹੀਂ ਬਲਕਿ ਦੇਸ਼ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿਚ ਅਹਿਮ ਭੂਮਿਕਾ ਅਦਾ ਕੀਤੀ।

ਐਮਐਸ ਸਵਾਮੀਨਾਥਨ ਦਾ ਜਨਮ 7 ਅਗਸਤ 1925 ਨੂੰ ਤਾਮਿਲਨਾਡੂ ਦੇ ਕੁੰਭਕੋਣਮ ਵਿਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਮਨਕੋਬੂੰ ਸੰਬਾਸਿਵਨ ਸਵਾਮੀਨਾਥਨ ਸੀ। ਐਮਐਸ ਸਵਾਮੀਨਾਥਨ ਨੇ ਮੈਡੀਕਲ ਫੀਲਡ ਤੋਂ ਪੜ੍ਹਾਈ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਇਕ ਸਰਜਨ ਸਨ। ਸਵਾਮੀਨਾਥਨ ਨੇ ਆਪਣੀ ਮੁਢਲੀ ਪੜ੍ਹਾਈ ਕੁੰਭਕੋਣਮ ਤੋਂ ਹੀ ਹਾਸਲ ਕੀਤੀ ਸੀ।

ਮੈਡੀਕਲ ਦੀ ਪੜ੍ਹਾਈ ਤੋਂ ਸ਼ੁਰੂਆਤ ਕਰਨ ਮਗਰੋਂ ਉਨ੍ਹਾਂ ਦੀ ਦਿਲਚਸਪੀ ਖੇਤੀ ਖੇਤਰ ਵਿਚ ਵਧ ਗਈ, ਜਿਸ ਦੀ ਮੁੱਖ ਵਜ੍ਹਾ ਉਨ੍ਹਾਂ ਦੇ ਪਿਤਾ ਵੱਲੋਂ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣਾ ਅਤੇ ਉਨ੍ਹਾਂ ’ਤੇ ਮਹਾਤਮਾ ਗਾਂਧੀ ਦਾ ਪ੍ਰਭਾਵ ਹੋਣਾ ਸੀ। ਜੇਕਰ ਉਨ੍ਹਾਂ ਨੂੰ ਕਿਸਾਨਾਂ ਦਾ ਦਰਦ ਨਾ ਹੁੰਦਾ ਤਾਂ ਉਹ ਪੁਲਿਸ ਅਫ਼ਸਰ ਬਣ ਗਏ ਹੁੰਦੇ ਕਿਉਂਕਿ 1940 ਵਿਚ ਉਨ੍ਹਾਂ ਨੇ ਪੁਲਿਸ ਅਫ਼ਸਰ ਬਣਨ ਲਈ ਪ੍ਰੀਖਿਆ ਵੀ ਕੁਆਲੀਫਾਈ ਕਰ ਲਈ ਸੀ ਪਰ ਫਿਰ ਉਨ੍ਹਾਂ ਨੇ ਇਰਾਦਾ ਬਦਲ ਕੇ ਖੇਤੀ ਖੇਤਰ ਵਿਚ ਦੋ ਬੈਚਲਰ ਡਿਗਰੀਆਂ ਹਾਸਲ ਕੀਤੀਆਂ।

ਖੇਤੀ ਵਿਗਿਆਨੀ ਡਾ. ਸਵਾਮੀਨਾਥਨ ਨੇ ਹਰੀ ਕ੍ਰਾਂਤੀ ਦੀ ਸਫ਼ਲਤਾ ਲਈ ਦੋ ਕੇਂਦਰੀ ਖੇਤੀ ਮੰਤਰੀਆਂ ਸੀ ਸੁਬਰਮਣੀਅਮ ਅਤੇ ਜਗਜੀਵਨ ਰਾਮ ਦੇ ਨਾਲ ਮਿਲ ਕੇ ਕੰਮ ਕੀਤਾ। ਇਹ ਇਕ ਅਜਿਹਾ ਪ੍ਰੋਗਰਾਮ ਸੀ, ਜਿਸ ਵਿਚ ਕੈਮੀਕਲ ਬਾਇਓਲਾਜਿਕਲ ਤਕਨੀਕ ਦੇ ਜ਼ਰੀਏ ਕਣਕ ਅਤੇ ਚੌਲ ਦੀ ਪੈਦਾਵਾਰ ਵਧਾਈ ਗਈ। ਹਰੀ ਕ੍ਰਾਂਤੀ ਦੀ ਵਜ੍ਹਾ ਕਰਕੇ ਭਾਰਤ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਨ ਦੇ ਰਸਤੇ ’ਤੇ ਅੱਗੇ ਵਧ ਸਕਿਆ। ਹਰੀ ਕ੍ਰਾਂਤੀ ਦੀ ਵਜ੍ਹਾ ਨਾਲ ਭਾਰਤ ਦੀ ਤਸਵੀਰ ਹੀ ਬਦਲ ਗਈ।

ਸਾਲ 1960 ਦੇ ਦਹਾਕੇ ਵਿਚ ਭਾਰਤ ਵੱਡੀ ਪੱਧਰ ’ਤੇ ਅਕਾਲ ਦੇ ਕੰਢੇ ’ਤੇ ਖੜ੍ਹਾ ਸੀ। ਉਸ ਸਮੇਂ ਸਵਾਮੀਨਾਥਨ ਨੇ ਨੌਰਮਲ ਬੋਰਲਾਗ ਅਤੇ ਹੋਰ ਵਿਗਿਆਨੀਆਂ ਦੇ ਨਾਲ ਮਿਲ ਕੇ ਕਣਕ ਦਾ ਐਚਵਾਈਵੀ ਬੀਜ ਤਿਆਰ ਕੀਤਾ। ਜਿਸ ਦੇ ਜ਼ਰੀਏ ਭਾਰਤ ਵਿਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ। ਇਸੇ ਕਰਕੇ ਹੀ ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਦਾ ਜਨਮਦਾਤਾ ਕਿਹਾ ਜਾਂਦਾ ਏ।

ਐਮਐਸ ਸਵਾਮੀਨਾਥਨ ਨੇ ਜਿਓਲੌਜੀ ਅਤੇ ਖੇਤੀ ਵਿਗਿਆਨ ਦੋਵਾਂ ਵਿਚ ਗ੍ਰੈਜੂਏਸ਼ਨ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਕੋਲ 50 ਤੋਂ ਵੱਧ ਡਾਕਟਰੇਟ ਡਿਗਰੀਆਂ ਸਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1967 ਅ ਤੇ 1972 ਵਿਚ ਪਦਮਸ੍ਰੀ ਅਤੇ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਸੀ। 1979 ਵਿਚ ਉਹ ਖੇਤੀ ਮੰਤਰਾਲ ਦੇ ਮੁੱਖ ਸਕੱਤਰ ਵੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੌਮਾਂਤਰੀ ਚਾਵਲ ਖੋਜ ਸੰਸਥਾਨ ਦੇ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ ਅਤੇ 1988 ਵਿਚ ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਕੌਮਾਂਤਰੀ ਸੰਘ ਦੇ ਪ੍ਰਧਾਨ ਰਹੇ।

ਸਾਲ 1986 ਵਿਚ ਉਨ੍ਹਾਂ ਨੂੰ ਅਲਬਰਟ ਆਇੰਨਸਟੀਨ ਵਿਸ਼ਵ ਵਿਗਿਆਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਫਿਰ ਸਾਲ 1999 ਵਿਚ ਵਿਸ਼ਵ ਦੀ ਮਸ਼ਹੂਰ ਟਾਈਮ ਮੈਗਜ਼ੀਨ ਵੱਲੋਂ ਐਮ ਐਸ ਸਵਾਮੀਨਾਥਨ ਨੂੰ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਅੱਜ ਉਹ ਭਾਵੇਂ ਇਸ ਦੁਨੀਆ ਵਿਚ ਨਹੀਂ ਰਹੇ, ਪਰ ਕਿਸਾਨਾਂ ਦੀ ਬਿਹਤਰੀ ਲਈ ਕੀਤੀਆਂ ਉਨ੍ਹਾਂ ਦੀਆਂ ਮਹਾਨ ਖੋਜਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।
ਸੋ ਇਸ ਮਹਾਨ ਖੇਤੀ ਵਿਗਿਆਨੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟਾਂ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ ਡਰ, ਜਾਣੋ ਕਾਰਨ

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ…

ਲੰਡਨ, 17 ਮਈ, ਪਰਦੀਪ ਸਿੰਘ: ਬ੍ਰਿਟੇਨ ਵਿੱਚ ਹਜ਼ਾਰਾਂ ਭਾਰਤੀ ਨਰਸਾਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…
ਕਣਕ ਦਾ ਰੇਟ 3104 ਰੁਪਏ ਕਰਨ ਦੀ ਸਿਫਾਰਸ਼

ਕਣਕ ਦਾ ਰੇਟ 3104 ਰੁਪਏ ਕਰਨ ਦੀ ਸਿਫਾਰਸ਼

ਨਵੀਂ ਦਿੱਲੀ, 15 ਮਈ, ਨਿਰਮਲ : ਪੰਜਾਬ ਸਰਕਾਰ ਨੇ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਕੇਂਦਰ ਸਰਕਾਰ…
ਚਾਬਹਾਰ ਬੰਦਰਗਾਹ ਸਮਝੌਤੇ ’ਤੇ ਅਮਰੀਕਾ ਵਲੋਂ ਚਿਤਾਵਨੀ

ਚਾਬਹਾਰ ਬੰਦਰਗਾਹ ਸਮਝੌਤੇ ’ਤੇ ਅਮਰੀਕਾ ਵਲੋਂ ਚਿਤਾਵਨੀ

ਵਾਸ਼ਿੰਗਟਨ, 14 ਮਈ, ਨਿਰਮਲ : ਭਾਰਤ ਅਤੇ ਈਰਾਨ ਵਿਚਾਲੇ ਚਾਬਹਾਰ ਬੰਦਰਗਾਹ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ…