ਚੀਨ ਦੀ ਯੂਨੀਵਰਸਿਟੀ ਪੜ੍ਹਾਏਗੀ ਪੰਜਾਬੀ ਭਾਸ਼ਾ, ਬਠਿੰਡਾ ਦੇ ਪ੍ਰੋਫ਼ੈਸਰ ਚੀਨ 'ਚ ਪੜ੍ਹਾਉਣਗੇ ਪੰਜਾਬੀ
ਚੀਨ ਦੀ ਮਸ਼ਹੂਰ ਬੀਜਿੰਗ ਫਾਰੇਨ ਸਟਡੀਜ਼ ਯੂਨੀਵਰਸਿਟੀ (BFSU) ਨੇ ਆਪਣੀਆਂ ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਕਰ ਲਈ ਹੈ। ਇਸ ਨਾਲ ਯੂਨੀਵਰਸਿਟੀ ਵੱਲੋਂ ਪੜ੍ਹਾਈ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ 101 ਤੋਂ ਵਧ ਕੇ 102 ਹੋ ਗਈ ਹੈ
ਦੁਨੀਆ ਭਰ ਦੇ ਪੰਜਾਬੀ ਹੋਏ ਡਾਢੇ ਖ਼ੁਸ਼
ਬੀਜਿੰਗ: ਚੀਨ ਦੀ ਮਸ਼ਹੂਰ ਬੀਜਿੰਗ ਫਾਰੇਨ ਸਟਡੀਜ਼ ਯੂਨੀਵਰਸਿਟੀ (BFSU) ਨੇ ਆਪਣੀਆਂ ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਕਰ ਲਈ ਹੈ। ਇਸ ਨਾਲ ਯੂਨੀਵਰਸਿਟੀ ਵੱਲੋਂ ਪੜ੍ਹਾਈ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ 101 ਤੋਂ ਵਧ ਕੇ 102 ਹੋ ਗਈ ਹੈ। ਇਹ ਐਲਾਨ ਅੱਜ ਸੋਮਵਾਰ, 16 ਮਾਰਚ ਨੂੰ ਸਾਹਮਣੇ ਆਇਆ ਹੈ ਅਤੇ ਇਸ ਨੇ ਭਾਰਤ-ਚੀਨ ਸਬੰਧਾਂ, ਪੰਜਾਬੀ ਡਾਇਸਪੋਰਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਹੈ। ਇਸ ਤੋਂ ਪੰਜਾਬੀ ਡਾਢੇ ਖ਼ੁਸ਼ ਹਨ।
BFSU ਚੀਨ ਦੀ ਸਭ ਤੋਂ ਵੱਡੀ ਵਿਦੇਸ਼ੀ ਭਾਸ਼ਾਵਾਂ ਵਾਲੀ ਯੂਨੀਵਰਸਿਟੀ ਹੈ, ਜੋ ਸਿੱਧੇ ਚੀਨੀ ਸਿੱਖਿਆ ਮੰਤਰਾਲੇ ਅਧੀਨ ਚੱਲਦੀ ਹੈ। ਇਸ ਨੇ 1960 ਤੋਂ ਹੀ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਤੇ ਖੋਜ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਹੁਣ ਇਥੇ 102 ਵਿਦੇਸ਼ੀ ਭਾਸ਼ਾਵਾਂ (ਯੂਰਪੀ, ਏਸ਼ੀਆਈ, ਅਫ਼ਰੀਕੀ ਅਤੇ ਓਸ਼ਨੀਆਈ) ਪੜ੍ਹਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਘੱਟ ਪੜ੍ਹਾਈ ਜਾਣ ਵਾਲੀਆਂ ਭਾਸ਼ਾਵਾਂ ਵੀ ਸ਼ਾਮਲ ਹਨ।
ਇਸ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਪੜ੍ਹਾਈਆਂ ਜਾਣ ਵਾਲ਼ੀਆ ਭਾਰਤੀ ਭਾਸ਼ਾਵਾਂ ਵਿੱਚ ਹਿੰਦੀ, ਉਰਦੂ, ਤਮਿਲ, ਬੰਗਾਲੀ, ਨੇਪਾਲੀ, ਸੰਸਕ੍ਰਿਤ ਅਤੇ ਪਾਲੀ ਸ਼ਾਮਲ ਹਨ। ਪੰਜਾਬੀ ਨੂੰ ਹੁਣ ਇਸ ਸੂਚੀ ਵਿੱਚ ਜੋੜਿਆ ਗਿਆ ਹੈ। ਯੂਨੀਵਰਸਿਟੀ ਦੀ ਵੈੱਬਸਾਈਟ (en.bfsu.edu.cn) 'ਤੇ ਭਾਸ਼ਾਵਾਂ ਦੀ ਪੂਰੀ ਲਿਸਟ ਵਿੱਚ ਪੰਜਾਬੀ ਦਾ ਨਾਮ ਸਪੱਸ਼ਟ ਤੌਰ ਤੇ ਸ਼ਾਮਲ ਹੈ। ਇਸ ਯੂਨੀਵਰਸਿਟੀ ਦਾ ਮੁੱਖ ਉਦੇਸ਼ ਚੀਨੀ ਵਿਦਿਆਰਥੀਆਂ, ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਰ ਬਣਾਉਣਾ ਹੈ, ਤਾਂ ਜੋ ਚੀਨ ਦੀ ਵਿਦੇਸ਼ ਨੀਤੀ ਅਤੇ ਵਪਾਰੀ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਪ੍ਰੋਫੈਸਰ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਸੈਂਟ੍ਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿੱਚ ਡੀਨ ਅਤੇ ਪ੍ਰੋਫੈਸਰ ਸਨ। ਉਹ ਚੀਨੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਪੜ੍ਹਾਉਣਗੇ। ਉਨ੍ਹਾਂ ਨੂੰ ਚੀਨੀ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਦੀ ਟ੍ਰੇਨਿੰਗ ਵੀ ਦੇਣੀ ਹੈ ਤਾਂ ਜੋ ਭਵਿੱਖ ਵਿੱਚ ਇਸ ਭਾਸ਼ਾ ਨੂੰ ਚੀਨ ਵਿੱਚ ਹੋਰ ਵਿਸਥਾਰ ਮਿਲੇ।
ਪ੍ਰੋਫੈਸਰ ਬਾਜਵਾ ਨੇ ਮੀਡੀਆ ਨੂੰ ਦੱਸਿਆ: “ਭਾਸ਼ਾ ਪੜ੍ਹਾਉਣ ਤੋਂ ਇਲਾਵਾ ਮੈਂ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਬਾਰੇ ਕਲਾਸਾਂ ਵੀ ਲਵਾਂਗੀ ਅਤੇ ਚੀਨੀ ਅਧਿਆਪਕਾਂ ਨੂੰ ਪੰਜਾਬੀ ਸਿਖਾਉਣ ਲਈ ਟ੍ਰੇਨਿੰਗ ਦੇਵਾਂਗੀ।”
ਇਹ ਨਿਯੁਕਤੀ ਅਤੇ ਭਾਸ਼ਾ ਸ਼ਾਮਲ ਕਰਨਾ ਇੱਕ ਵੱਡਾ ਕਦਮ ਹੈ ਕਿਉਂਕਿ ਇਸ ਤੋਂ ਪਹਿਲਾਂ ਚੀਨ ਵਿੱਚ ਪੰਜਾਬੀ ਭਾਸ਼ਾ ਦੀ ਰਸਮੀ ਪੜ੍ਹਾਈ ਨਹੀਂ ਸੀ।
ਚੀਨ ਵਿੱਚ ਰਹਿੰਦੇ ਪੰਜਾਬੀ ਹੁਣ ਕੈਨੇਡਾ, ਯੂਕੇ, ਅਮਰੀਕਾ, ਆਸਟ੍ਰੇਲੀਆ ਵਿੱਚ ਲੱਖਾਂ ਸਿੱਖ/ਪੰਜਾਬੀਆਂ ਨਾਲ ਜੁੜ ਕੇ ਵਪਾਰ ਅਤੇ ਡਿਪਲੋਮੈਸੀ ਵਧਾਉਣਾ ਚਾਹੁੰਦੇ ਹਨ। ਯੂਨੀਵਰਸਿਟੀ ਦੇ ਇਸ ਕਦਮ ਨਾਲ਼ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ਤੇ ਮਾਨਤਾ ਮਿਲ਼ੇਗੀ। ਪੰਜਾਬ ਦੀਆਂ ਯੂਨੀਵਰਸਿਟੀਆਂ ਲਈ ਵੀ ਇੱਕ ਵੱਡੀ ਖੁਸ਼ਖਬਰੀ ਹੈ।
ਚੀਨੀ ਵਿਦਿਆਰਥੀ ਵੀ ਹੁਣ ਪੰਜਾਬੀ ਇਤਿਹਾਸ, ਗੁਰੂ ਸਾਹਿਬਾਨ, ਭਗਤੀ ਲਹਿਰ ਅਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਜਾਣੂ ਹੋਣਗੇ। ਚੀਨ ਆਪਣੀ ਵਿਦੇਸ਼ ਨੀਤੀ ਲਈ ਘੱਟ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਤੇ ਖ਼ਾਸ ਧਿਆਨ ਦੇ ਰਿਹਾ ਹੈ। ਪੰਜਾਬੀ ਇਸ ਲੜੀ ਵਿੱਚ ਇੱਕ ਨਵਾਂ ਰਤਨ ਹੈ।
BFSU ਪਹਿਲਾਂ ਹੀ ਹਿੰਦੀ ਅਤੇ ਉਰਦੂ ਵਰਗੀਆਂ ਭਾਰਤੀ ਭਾਸ਼ਾਵਾਂ ਪੜ੍ਹਾਉਂਦੀ ਰਹੀ ਹੈ। ਪੰਜਾਬੀ ਦਾ ਇਸ ਵਿੱਚ ਸ਼ਾਮਲ ਹੋਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੀਨ ਹੁਣ ਪੰਜਾਬੀ ਭਾਈਚਾਰੇ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਪ੍ਰੋਫੈਸਰ ਬਾਜਵਾ ਵਰਗੀ ਭਾਰਤੀ ਵਿਦਵਾਨ ਦੀ ਨਿਯੁਕਤੀ ਨਾਲ ਇਹ ਪ੍ਰੋਗਰਾਮ ਹੋਰ ਪ੍ਰਮਾਣਿਕ ਬਣੇਗਾ।
ਭਵਿੱਖ ਵਿੱਚ ਇਸ ਤੋਂ ਡਿਗਰੀ ਪ੍ਰੋਗਰਾਮ, ਆਨਲਾਈਨ ਕੋਰਸ ਜਾਂ ਚੀਨ-ਪੰਜਾਬ ਐਕਸਚੇਂਜ ਪ੍ਰੋਗਰਾਮ ਵੀ ਸ਼ੁਰੂ ਹੋ ਸਕਦੇ ਹਨ। ਭਾਰਤੀ ਵਿਦਿਆਰਥੀਆਂ ਲਈ ਵੀ ਚੀਨ ਵਿੱਚ ਪੜ੍ਹਨ ਦੇ ਮੌਕੇ ਵਧ ਸਕਦੇ ਹਨ। ਇਸ ਨੂੰ “ਪੰਜਾਬੀ ਭਾਸ਼ਾ ਦਾ ਨਵਾਂ ਯੁੱਗ” ਕਿਹਾ ਜਾ ਰਿਹਾ ਹੈ।