Canada : ਚੁਣ-ਚੁਣ ਕੇ ਮਾਰੇ ਜਾ ਰਹੇ Sikh ਨੌਜਵਾਨ

ਕੈਨੇਡਾ ਵਿਚ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਕਤਲ ਕਰਨ ਦਾ ਸਿਲਸਿਲਾ ਆਰੰਭ ਹੁੰਦਾ ਮਹਿਸੂਸ ਹੋ ਰਿਹਾ ਹੈ ਅਤੇ ਇਕ ਮਗਰੋਂ ਇਕ ਚਾਰ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ

Update: 2026-03-16 12:54 GMT

ਐਡਮਿੰਟਨ : ਕੈਨੇਡਾ ਵਿਚ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਕਤਲ ਕਰਨ ਦਾ ਸਿਲਸਿਲਾ ਆਰੰਭ ਹੁੰਦਾ ਮਹਿਸੂਸ ਹੋ ਰਿਹਾ ਹੈ ਅਤੇ ਇਕ ਮਗਰੋਂ ਇਕ ਚਾਰ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਜੀ ਹਾਂ, ਹਰ ਮਾਮਲੇ ਵਿਚ ਝਗੜੇ ਮਗਰੋਂ ਸਿੱਖ ਨੌਜਵਾਨਾਂ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਚਾਰੇ ਜਣੇ ਮੌਕੇ ’ਤੇ ਦਮ ਤੋੜ ਗਏ। ਤਾਜ਼ਾ ਮਾਮਲਾ ਐਡਮਿੰਟਨ ਨੇੜੇ ਲਡਿਊਕ ਵਿਖੇ ਸਾਹਮਣੇ ਆਇਆ ਜਿਥੇ ਮਾਪਿਆਂ ਦੇ ਇਕਲੌਤੇ ਪੁੱਤ ਬੀਰਇੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਜਦਕਿ ਸਰੀ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਦਵਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਮਨੋਚਾ ਦਾ ਸਸਕੈਚਵਨ ਅਤੇ ਬੀ.ਸੀ. ਦੇ ਫੋਰਟ ਸੇਂਟ ਜੌਹਨ ਵਿਖੇ ਕਤਲ ਹੋਣ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਬੀਰਇੰਦਰ ਸਿੰਘ ਮਾਮਲੇ ਬਾਰੇ ਲਡਿਊਕ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਚਿੱਟੇ ਜਾਂ ਗਰੇਅ ਕਲਰ ਦੇ ਲਿੱਬੜੇ-ਤਿਬੜੇ ਪਿਕਅੱਪ ਟਰੱਕ ਵਿਚ ਸਵਾਰ ਹਮਲਾਵਰ ਨੇ ਬੀਰਇੰਦਰ ਸਿੰਘ ਦੀ ਗੱਡੀ ਨੂੰ ਹਾਈਵੇਅ 2 ’ਤੇ ਘੇਰ ਲਿਆ ਅਤੇ ਗੋਲੀਆਂ ਚਲਾ ਦਿਤੀਆਂ।

4 ਨੌਜਵਾਨਾਂ ਦਾ 3 ਦਿਨ ਵਿਚ ਹੋਇਆ ਕ.ਤਲ

ਪੁਲਿਸ ਦਾ ਕਹਿਣਾ ਹੈ ਕਿ ਹੌਂਡਾ ਸਿਵਿਕ ਗੱਡੀ ਵਿਚ ਬੀਰਇੰਦਰ ਸਿੰਘ ਨਾਲ ਕੋਈ ਹੋਰ ਵੀ ਮੌਜੂਦ ਸੀ ਪਰ ਉਸ ਦੀ ਉਮਰ ਜਾਂ ਪਛਾਣ ਬਾਰੇ ਕੋਈ ਜ਼ਿਕਰ ਨਾ ਕੀਤਾ। ਫ਼ਿਲਹਾਲ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਬੀਰਇੰਦਰ ਸਿੰਘ ਅਤੇ ਹਮਲਾਵਰ ਇਕ-ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਟਾਊਨਸ਼ਿਪ ਰੋਡ 490 ਨੇੜੇ ਵਾਪਰੀ ਵਾਰਦਾਤ ਮਗਰੋਂ ਮਗਰੋਂ ਹਮਲਾਵਰ ਆਪਣੇ ਪਿਕਅੱਪ ਟਰੱਕ ਵਿਚ ਫ਼ਰਾਰ ਹੋ ਗਿਆ। ਬੀਰਇੰਦਰ ਸਿੰਘ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਉਨਟਾਰੀਓ ਵਿਚ ਪੜ੍ਹਾਈ ਖ਼ਤਮ ਕਰਦਿਆਂ ਐਲਬਰਟਾ ਵਿਖੇ ਕੰਸਟ੍ਰਕਸ਼ਨ ਸੈਕਟਰ ਵਿਚ ਕੰਮ ਕਰਨ ਲੱਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਲੌਂਗ ਡਰਾਈਵ ’ਤੇ ਜਾ ਰਿਹਾ ਸੀ ਜਦੋਂ ਅਣਹੋਣੀ ਵਾਪਰੀ। ਪੁਨਰਮੀਤ ਸਿੰਘ ਵੱਲੋਂ ਖੁਦ ਨੂੰ ਬੀਰਇੰਦਰ ਸਿੰਘ ਦਾ ਭਰਾ ਦਸਦਿਆਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਉਸ ਦੀ ਦੇਹ ਇੰਡੀਆ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮਜ਼ ਯੂਨਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਬੀਰਇੰਦਰ ਸਿੰਘ ਦੇ ਕਤਲ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਲਡਿਊਕ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਸਰੀ ਦੇ ਇਕ ਘਰ ਵਿਚ ਐਤਵਾਰ ਵੱਡੇ ਤੜਕੇ ਹੋਈ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਸਰੀ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਈ ਹਿਟ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਹਰ ਮਾਮਲੇ ਵਿਚ ਝਗੜਾ ਡੂੰਘੀ ਸਾਜ਼ਿਸ਼ ਦਾ ਸੰਕੇਤ

ਫ਼ਿਲਹਾਲ ਮ੍ਰਿਤਕ ਜਾਂ ਸ਼ੱਕੀ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਉਧਰ ਸਸਕੈਚਵਨ ਸੂਬੇ ਦੇ ਨੌਰਥ ਬੈਟਲਫੋਰਡ ਵਿਖੇ ਦਵਿੰਦਰ ਸਿੰਘ ਕਤਲ ਮਾਮਲੇ ਵਿਚ ਪੁਲਿਸ ਨੇ 19 ਸਾਲ ਦੇ ਦੋ ਸ਼ੱਕੀਆਂ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਨਾਲ ਸਬੰਧਤ ਦਵਿੰਦਰ ਸਿੰਘ ਟੈਕਸੀ ਚਲਾਉਂਦਾ ਸੀ ਅਤੇ ਬੀਤੇ ਸ਼ੁੱਕਰਵਾਰ ਨੂੰ ਇਕ ਔਰਤ ਅਚਾਨਕ ਉਸ ਦੀ ਟੈਕਸੀ ਵਿਚ ਬੈਠ ਗਈ ਜਿਸ ਦਾ ਪਿੱਛਾ ਕੁਝ ਹਥਿਆਰਬੰਦ ਲੋਕ ਕਰ ਰਹੇ ਸਨ। ਅਗਵਾਕਾਰਾਂ ਦੇ ਚੁੰਗਲ ਵਿਚੋਂ ਬਚ ਕੇ ਨਿਕਲੀ ਔਰਤ ਨੇ ਦਵਿੰਦਰ ਸਿੰਘ ਤੋਂ ਮਦਦ ਮੰਗੀ ਜਦਕਿ ਇਸੇ ਦੌਰਾਨ ਸ਼ੱਕੀ ਉਥੇ ਪੁੱਜ ਗਏ ਅਤੇ ਦਵਿੰਦਰ ਸਿੰਘ ਨੂੰ ਰਾਹ ਵਿਚ ਅੜਿੱਕਾ ਸਮਝਦਿਆਂ ਗੋਲੀ ਮਾਰ ਦਿਤੀ। ਦੂਜੇ ਪਾਸੇ ਬੀ.ਸੀ. ਦੇ ਫੋਰਟ ਸੇਂਟ ਜੌਹਨ ਨੇੜੇ ਚਾਰਲੀ ਲੇਕ ਬੋਟ ਰੈਂਪ ’ਤੇ ਝਗੜਾ ਹੋਇਆ ਅਤੇ 25 ਸਾਲ ਦੇ ਗੁਰਕੀਰਤ ਸਿੰਘ ਮਨੋਚਾ ਦੀ ਹੱਤਿਆ ਕਰ ਦਿਤੀ ਗਈ। ਫੋਰਟ ਸੇਂਟ ਜੌਹਨ ਆਰ.ਸੀ.ਐਮ.ਪੀ. ਦੇ ਸਾਰਜੈਂਟ ਡੈਵਿਨ ਹਫ਼ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 250 787 8140 ’ਤੇ ਸੰਪਰਕ ਕੀਤਾ ਜਾਵੇ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਸਿੱਖ ਨੌਜਵਾਨਾਂ ਨੂੰ ਝਗੜਿਆਂ ਵਿਚ ਉਲਝਾ ਕੇ ਕਤਲ ਦੀ ਸਾਜ਼ਿਸ਼ ਘੜੀ ਗਈ ਅਤੇ ਲਗਾਤਾਰ ਹੋ ਰਹੀਆਂ ਮੌਤਾਂ ਡੂੰਘੇ ਸਵਾਲ ਖੜ੍ਹੇ ਕਰ ਰਹੀਆਂ ਹਨ।

Tags:    

Similar News