ਕੀਨੀਆ ਵਿਚ ਹੜ੍ਹਾਂ ਕਰ ਕੇ 66 ਜਣਿਆਂ ਦੀ ਮੌਤ
ਕੀਨੀਆ ਵਿਚ ਲਗਾਤਾਰ ਭਾਰੀ ਬਾਰਸ਼ ਮਗਰੋਂ ਆਏ ਹੜ੍ਹਾਂ ਦੌਰਾਨ ਘੱਟੋ ਘੱਟ 70 ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲਾਪਤਾ ਦੱਸੇ ਜਾ ਰਹੇ ਹਨ
ਨੈਰੋਬੀ : ਕੀਨੀਆ ਵਿਚ ਲਗਾਤਾਰ ਭਾਰੀ ਬਾਰਸ਼ ਮਗਰੋਂ ਆਏ ਹੜ੍ਹਾਂ ਦੌਰਾਨ ਘੱਟੋ ਘੱਟ 70 ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲਾਪਤਾ ਦੱਸੇ ਜਾ ਰਹੇ ਹਨ। ਰਾਜਧਾਨੀ ਨੈਰੋਬੀ ਵਿਖੇ ਹੜ੍ਹਾਂ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ ਅਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਸੀ। ਕੀਨੀਆ ਰੈਡ ਕਰੌਸ ਨੇ ਦੱਸਿਆ ਕਿ ਦਰਿਆ ਵਿਚ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਘਿਰੀ ਮਿੰਨੀ ਬੱਸ ਵਿਚ ਫਸੇ 11 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਿਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਸਨ। ਮੁਲਕ ਦੇ ਇਤਿਹਾਸ ਵਿਚ ਸਭ ਤੋਂ ਤਬਾਹਕੁੰਨ ਕੁਦਰਤੀ ਆਫ਼ਤ ਮੰਨੇ ਜਾ ਰਹੇ ਹੜ੍ਹਾਂ ਕਰ ਕੇ ਬੁਨਿਆਦੀ ਢਾਂਚੇ ਦਾ ਵੱਡਾ ਹੋਇਆ ਹੈ।
ਭਾਰੀ ਮੀਂਹ ਜਾਰੀ, ਤਬਾਹੀ ਵਧਣ ਦਾ ਖਦਸ਼ਾ
ਸੜਕਾਂ ਅਤੇ ਪੁਲ ਰੁੜ੍ਹ ਗਏ ਜਿਨ੍ਹਾਂ ਦੀ ਮੁੜ ਉਸਾਰੀ ਵਿਚ ਕਈ ਮਹੀਨੇ ਲੱਗ ਸਕਦੇ ਹਨ। ਬਿਜਲੀ ਸਪਲਾਈ ਠੱਪ ਹੋ ਗਈ ਅਤੇ ਹੁਣ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾਅ ਰਿਹਾ ਹੈ। ਰਾਹਤ ਕਾਮਿਆਂ ਵੱਲੋਂ ਹੜ੍ਹ ਦੇ ਪਾਣੀ ਵਿਚ ਫਸੇ 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪੁੱਜਣ ਵਿਚ ਮਦਦ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਸਣੇ ਦਵਾਈਆਂ ਵੰਡਣ ਦਾ ਸਿਲਸਿਲਾ ਜਾਰੀ ਹੈ। ਨੈਰੋਬੀ ਦੇ ਪਾਰਕਲੈਂਡਜ਼ ਇਲਾਕੇ ਵਿਚ ਰਹਿੰਦੇ ਇਕ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੰਦਰ ਪੰਜ ਫੁੱਟ ਤੱਕ ਪਾਣੀ ਦਾਖਲ ਹੋ ਗਿਆ। ਕਈ ਥਾਵਾਂ ’ਤੇ ਕਾਰਾਂ ਪਾਣੀ ਵਿਚ ਰੁੜਦੀਆਂ ਨਜ਼ਰ ਆਈਆਂ। ਭਾਰਤੀ ਮੂਲ ਦੇ ਦਿਨੇਸ਼ ਪਟੇਲ ਨੇ ਦੱਸਿਆ ਕਿ ਉਸ ਨੇ ਪੂਰੀ ਰਾਤ ਛੱਤ ’ਤੇ ਬੈਠ ਕੇ ਕੱਟੀ ਅਤੇ ਰਾਹਤ ਕਾਮਿਆਂ ਦੀ ਕਿਸ਼ਤੀ ਰਾਹੀਂ ਸੁਰੱਖਿਅਤ ਟਿਕਾਣੇ ’ਤੇ ਪੁੱਜਾ। ਰਿਹਾਇਸ਼ੀ ਇਲਾਕਿਆਂ ਵਿਚ ਇਕੱਠਾ ਹੋਇਆ ਮਲਬਾ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਘਰਾਂ ਵਿਚ ਸਾਫ਼ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਜਾ ਸਕੇ।