ਫ਼ਿਲਮ ਅਦਾਕਾਰਾ ਅਮੀਸ਼ਾ ਪਟੇਲ ਦੇ ਨਿੱਕਲ਼ੇ ਵਾਰੰਟ

ਮੁਰਾਦਾਬਾਦ ਦੀ ਏਸੀਜੇਐਮ-5 ਅਦਾਲਤ ਨੇ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵਿਰੁੱਧ ਵਾਰੰਟ ਜਾਰੀ ਕੀਤਾ ਹੈ। ਅਦਾਲਤ ਦੀ ਸੁਣਵਾਈ ਦੌਰਾਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

Update: 2026-02-16 09:13 GMT

ਯੂਪੀ ਅਦਾਲਤ ਨੇ ਜਾਰੀ ਕੀਤੇ ਗ਼ੈਰ–ਜ਼ਮਾਨਤੀ ਵਾਰੰਟ

ਪੇਸ਼ਗੀ ਰਕਮ ਲੈ ਕੇ ਵੀ ਨਹੀਂ ਪੁੱਜੀ ਸੀ ਅਮੀਸ਼ਾ

ਮੁਰਾਦਾਬਾਦ (UP): ਮੁਰਾਦਾਬਾਦ ਦੀ ਏਸੀਜੇਐਮ-5 ਅਦਾਲਤ ਨੇ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵਿਰੁੱਧ ਵਾਰੰਟ ਜਾਰੀ ਕੀਤਾ ਹੈ। ਅਦਾਲਤ ਦੀ ਸੁਣਵਾਈ ਦੌਰਾਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਅਦਾਕਾਰਾ ਨੂੰ ਹੁਣ 27 ਮਾਰਚ ਨੂੰ ਏਸੀਜੇਐਮ-5 ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੇ ਅਮੀਸ਼ਾ ਪਟੇਲ ਅਤੇ ਉਸਦੀ ਟੀਮ 'ਤੇ 11 ਲੱਖ ਰੁਪਏ ਦੀ ਪੇਸ਼ਗੀ ਰਕਮ ਲੈਣ ਦੇ ਬਾਵਜੂਦ ਇੱਕ ਸਮਾਰੋਹ ਵਿੱਚ ਸ਼ਾਮਲ ਨਾ ਹੋਣ ਦਾ ਦੋਸ਼ ਲਾਇਆ ਸੀ।

ਅਦਾਕਾਰਾ ਨੂੰ ਇੱਕ ਵਿਆਹ ਵਿੱਚ ਨੱਚਣ ਲਈ ਸੱਦਾ ਦਿੱਤਾ ਗਿਆ ਸੀ, ਪਰ ਪੇਸ਼ਗੀ ਅਦਾਇਗੀ ਪ੍ਰਾਪਤ ਕਰਨ ਦੇ ਬਾਵਜੂਦ, ਅਮੀਸ਼ਾ ਉਥੇ ਨਹੀਂ ਪੁੱਜੀ ਸੀ।

ਡ੍ਰੀਮ ਵਿਜ਼ਨ ਇਵੈਂਟ ਕੰਪਨੀ ਦੇ ਮਾਲਕ ਪਵਨ ਕੁਮਾਰ ਵਰਮਾ ਨੇ ਉਸ ਸਮਾਰੋਹ ਦਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਹੀ ਅਮੀਸ਼ਾ ਪਟੇਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਮੁਰਾਦਾਬਾਦ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ।

ਅਦਾਕਾਰਾ ਮੁਰਾਦਾਬਾਦ ਅਦਾਲਤ ਵਿੱਚ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 120-ਬੀ, 406, 504 ਅਤੇ 506 ਦੇ ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ। ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਪਵਨ ਕੁਮਾਰ ਵਰਮਾ, ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ਦੇ ਮੁਹੱਲਾ ਡਬਲ ਫਾਟਕ ਵਿੱਚ ਰਹਿੰਦੇ ਹਨ। ਉਨ੍ਹਾਂ ਨੇ 2017 ਵਿੱਚ ਅਦਾਕਾਰਾ ਅਮੀਸ਼ਾ ਪਟੇਲ ਅਤੇ ਹੋਰਾਂ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਸ਼ਿਕਾਇਤ ਵਿੱਚ ਉਨ੍ਹਾਂ ਨੇ ਅਦਾਕਾਰਾ ਅਮੀਸ਼ਾ ਪਟੇਲ, ਅਹਿਮਦ ਸ਼ਰੀਫ, ਸੁਰੇਸ਼ ਪਰਮਾਰ ਅਤੇ ਰਾਜਕੁਮਾਰ ਗੋਸਵਾਮੀ 'ਤੇ 11 ਲੱਖ ਰੁਪਏ ਦੀ ਗਬਨ ਕਰਨ ਦਾ ਦੋਸ਼ ਲਗਾਇਆ ਸੀ।

ਅਮੀਸ਼ਾ ਪਟੇਲ ਨੇ ਮੁੰਬਈ ਤੋਂ ਦਿੱਲੀ ਲਈ ਉਡਾਣ ਭਰਨੀ ਸੀ। ਦਿੱਲੀ ਦੇ ਇੱਕ ਹੋਟਲ ਵਿੱਚ ਰਿਹਾਇਸ਼, ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

ਫੀਸ ਅਮੀਸ਼ਾ ਦੇ ਨਿੱਜੀ ਸਹਾਇਕਾਂ, ਸੁਰੇਸ਼ ਪਰਮਾਰ ਅਤੇ ਅਹਿਮਦ ਸ਼ਰੀਫ ਨੂੰ ਪੀਆਰ ਕੰਪਨੀ ਦੇ ਮਾਲਕ ਰਾਜਕੁਮਾਰ ਗੋਸਵਾਮੀ ਰਾਹੀਂ ਅਦਾ ਕੀਤੀ ਗਈ ਸੀ।

15 ਨਵੰਬਰ, 2017 ਨੂੰ, ਅਮੀਸ਼ਾ ਪਟੇਲ ਨੇ ਮੁੰਬਈ ਤੋਂ ਦਿੱਲੀ ਦੀ ਯਾਤਰਾ ਕੀਤੀ। ਹਾਲਾਂਕਿ, ਦਿੱਲੀ ਪਹੁੰਚਣ 'ਤੇ, ਉਨ੍ਹਾਂ ਨੇ 2 ਲੱਖ ਰੁਪਏ ਦੀ ਵਾਧੂ ਮੰਗ ਕੀਤੀ, ਜਿਸ ਨੂੰ ਇਵੈਂਟ ਕੰਪਨੀ ਦੇ ਮਾਲਕ ਪਵਨ ਕੁਮਾਰ ਵਰਮਾ ਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਅਮੀਸ਼ਾ ਦਿੱਲੀ ਤੋਂ ਮੁੰਬਈ ਵਾਪਸ ਆ ਗਈ ਅਤੇ ਮੁਰਾਦਾਬਾਦ ਵਿੱਚ ਹੋਏ ਵਿਆਹ ਵਿੱਚ ਪ੍ਰਦਰਸ਼ਨ ਨਹੀਂ ਕੀਤਾ ਸੀ।

Tags:    

Similar News