ਡਰਹਮ ਰੀਜਨਲ ਪੁਲਿਸ ’ਚ ਕਥਿਤ ਭ੍ਰਿਸ਼ਟਾਚਾਰ ਦੀ ਪੜਤਾਲ ’ਤੇ ਖਰਚ ਹੋਏ 20 ਲੱਖ ਡਾਲਰ
ਉਨਟਾਰੀਓ ਦੀ ਡਰਹਮ ਰੀਜਨਲ ਪੁਲਿਸ ਵਿਚ ਕਥਿਤ ਭ੍ਰਿਸ਼ਟਾਚਾਰ ਬਾਰੇ ਪੰਜ ਸਾਲ ਤੋਂ ਚੱਲ ਰਹੀ ਪੜਤਾਲ ’ਤੇ 20 ਲੱਖ ਡਾਲਰ ਖਰਚ ਹੋ ਚੁੱਕੇ ਹਨ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ।;
ਓਸ਼ਾਵਾ : ਉਨਟਾਰੀਓ ਦੀ ਡਰਹਮ ਰੀਜਨਲ ਪੁਲਿਸ ਵਿਚ ਕਥਿਤ ਭ੍ਰਿਸ਼ਟਾਚਾਰ ਬਾਰੇ ਪੰਜ ਸਾਲ ਤੋਂ ਚੱਲ ਰਹੀ ਪੜਤਾਲ ’ਤੇ 20 ਲੱਖ ਡਾਲਰ ਖਰਚ ਹੋ ਚੁੱਕੇ ਹਨ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੁਲਿਸ ਦੀ ਜਵਾਬਦੇਹੀ ਤੈਅ ਸੰਭਵ ਨਹੀਂ ਹੋਵੇਗੀ। ਯੂਨੀਵਰਸਿਟੀ ਆਫ਼ ਵਿੰਡਸਰ ਦੇ ਕਾਨੂੰਨ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਡਾਨਾਰਡੋ ਜੋਨਜ਼ ਨੇ ਕਿਹਾ ਕਿ ਰਕਮ ਬਹੁਤ ਵੱਡੀ ਹੈ ਅਤੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਵਸੂਲ ਕੀਤੀ ਗਈ। ਦੱਸ ਦੇਈਏ ਕਿ ਭਾਰਤੀ ਮੂਲ ਦਾ ਸਾਬਕਾ ਪੁਲਿਸ ਅਫਸਰ ਉਦੇ ਜਸਵਾਲ ਵੀ ਇਸ ਪੜਤਾਲ ਦੇ ਘੇਰੇ ਵਿਚ ਆ ਚੁੱਕਾ ਹੈ।
5 ਸਾਲ ਦੀ ਪੜਤਾਲ ਮਗਰੋਂ ਵੀ ਨਹੀਂ ਨਿਕਲ ਸਕਿਆ ਤਸੱਲੀਬਖਸ਼ ਸਿੱਟਾ
ਉਦੇ ਜਸਵਾਲ ਡਰਹਮ ਰੀਜਨਲ ਪੁਲਿਸ ਦਾ ਡਿਪਟੀ ਚੀਫ ਵੀ ਰਹਿ ਚੁੱਕਾ ਹੈ ਜਿਸ ਵਿਰੁੱਧ ਪਿਛਲੇ ਦਿਨੀਂ ਸੈਕਸ਼ੁਆਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਸਨ। ਸਭ ਤੋਂ ਪਹਿਲਾਂ ਉਨਟਾਰੀਓ ਸਿਵੀਲੀਅਨ ਪੁਲਿਸ ਕਮਿਸ਼ਨ ਨੂੰ ਮਾਮਲੇ ਦੀ ਪੜਤਾਲ ਵਾਸਤੇ ਸੱਦਿਆ ਗਿਆ ਅਤੇ ਕਈ ਅਫਸਰਾਂ ਦੋਸ਼ਾਂ ਵਿਚ ਘਿਰਦੇ ਨਜ਼ਰ ਆਏ ਪਰ ਹੁਣ ਤੱਕ ਉਹ ਅਸਤੀਫਾ ਦੇ ਚੁੱਕੇ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਡਰਹਮ ਰੀਜਨਲ ਪੁਲਿਸ ਕੈਨੇਡਾ ਦੀ 9ਵੀਂ ਸਭ ਤੋਂ ਵੱੜੀ ਪੁਲਿਸ ਫੋਰਸ ਹੈ। 2018 ਵਿਚ ਕਈ ਪੁਲਿਸ ਅਫਸਰਾਂ ਨੇ ਉਚ ਅਧਿਕਾਰੀਆਂ ’ਤੇ ਦਬਕੇ ਮਾਰਨ ਦੇ ਦੋਸ਼ ਲਾਏ। ਇਥੋਂ ਤੱਕ ਕਿ ਉਸ ਵੇਲੇ ਦੇ ਪੁਲਿਸ ਮੁਖੀ ਪੌਲ ਮਾਰਟਿਨ ਵੀ ਦੋਸ਼ਾਂ ਵਿਚ ਘਿਰ ਗਏ। ਸਾਰਜੈਂਟ ਨਿਕੋਲ ਵਾਈਟਵੇਅ ਦੀ ਸ਼ਿਕਾਇਤ ਵਿਚ ਸਭ ਤੋਂ ਗੰਭੀਰ ਦੋਸ਼ ਲੱਗੇ।
ਪੁਲਿਸ ਦੀ ਜਵਾਬਦੇਹੀ ਤੈਅ ਕਰਨ ਦੇ ਮਸਲੇ ’ਤੇ ਉਠੇ ਸਵਾਲ
ਉਨ੍ਹਾਂ ਨੇ ਭ੍ਰਿਸ਼ਟਾਚਾਰ, ਗਲਤ ਕੰਮਾਂ ’ਤੇ ਪਰਦਾ ਪਾਉਣ ਅਤੇ ਹੌਲਨਾਕ ਘਰੇਲੂ ਹਿੰਸਾ ਦੇ ਦੋਸ਼ ਲਾਏ। ਵਾਈਟਵੇਅ ਵੱਲੋਂ ਪੌਲ ਮਾਰਟਿਨ ਤੋਂ ਇਲਾਵਾ ਉਦੇ ਜਸਵਾਲ ਨੂੰ ਵੀ ਘੇਰਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਔਟਵਾ ਦੇ ਇਕ ਜੱਜ ਵੱਲੋਂ ਡਰਹਮ ਪੁਲਿਸ ਵਿਰੁੱਧ 40 ਮਿਲੀਅਨ ਡਾਲਰ ਦਾ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਡਰਹਮ ਦਾ ਕੋਈ ਪੁਲਿਸ ਅਫਸਰ ਇਸ ਮੁੱਦੇ ’ਤੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਡਰਹਮ ਪੁਲਿਸ ਸੇਵਾਵਾਂ ਬੋਰਡ ਦਾ ਕਹਿਣਾ ਹੈ ਕਿ ਉਨਟਾਰੀਓ ਸਿਵੀਲੀਅਨ ਪੁਲਿਸ ਕਮਿਸ਼ਨ ਵੱਲੋਂ ਪੜਤਾਲ ਆਰੰਭੇ ਜਾਣ ਮਗਰੋਂ ਲੀਗਲ ਫੀਸ ਦੇ ਰੂਪ ਵਿਚ 5 ਲੱਖ ਡਾਲਰ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।