ਕੈਨੇਡਾ ਦੇ ਹੈਲੀਫੈਕਸ ਸ਼ਹਿਰ ਵਿਚ 3 ਬੱਚਿਆਂ ਦੀ ਦਰਦਨਾਕ ਮੌਤ
ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।;
ਹੈਲੀਫੈਕਸ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੇ ਤੌਰ ’ਤੇ ਛੇ ਸਾਲ ਦੀ ਇਕ ਬੱਚੀ ਦੇ ਦਮ ਤੋੜਨ ਦੀ ਰਿਪੋਰਟ ਆਈ ਪਰ ਹਸਪਤਾਲ ਵਿਚ ਦਾਖਲ ਪੰਜ ਸਾਲ ਅਤੇ 9 ਸਾਲ ਦੇ ਬੱਚੇ ਵੀ ਜ਼ਖਮਾਂ ਦੀ ਤਾਬ ਨਾਲ ਝਲਦਿਆਂ ਦਮ ਤੋੜ ਗਏ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਪੀੜਤ ਪਰਵਾਰ ਦੀ ਨਜ਼ਦੀਕੀ ਦੋਸਤ ਐਲਿਜ਼ਾ ਮਾਰਟਿਨ ਨੇ ਦੱਸਿਆ ਕਿ ਅੱਗ ਲੱਗਣ ਵੇਲੇ ਪੰਜ ਬੱਚਿਆਂ ਸਣੇ 7 ਜਣੇ ਘਰ ਵਿਚ ਮੌਜੂਦ ਸਨ।
ਸੜਦੇ ਘਰ ਵਿਚੋਂ ਨਿਕਲਣ ਵਿਚ ਸਫ਼ਲ ਰਹੇ 2 ਬੱਚੇ ਅਤੇ ਇਕ ਔਰਤ
37 ਸਾਲ ਦੀ ਇਕ ਔਰਤ ਅਤੇ ਦੋ ਬੱਚੇ ਆਪਣੀ ਜਾਨ ਬਚਾ ਕੇ ਬਾਹਰ ਨਿਕਲਣ ਵਿਚ ਸਫ਼ਲ ਰਹੇ। ਫਾਇਰ ਫਾਈਟਰਜ਼ ਵੱਲੋਂ ਪੰਜ ਸਾਲ, ਛੇ ਸਾਲ ਅਤੇ 9 ਸਾਲ ਦੇ ਤਿੰਨ ਬੱਚਿਆਂ ਤੋਂ ਇਲਾਵਾ 40 ਸਾਲ ਦੇ ਇਕ ਸ਼ਖਸ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਵਿਚੋਂ ਇਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਨੇ ਹਸਪਤਾਲ ਵਿਚ ਆਖਰੀ ਸਾਹ ਲਏ। ਡਿਪਟੀ ਫ਼ਾਇਰ ਚੀਫ਼ ਡੇਵਿਡ ਮੈਲਡ੍ਰਮ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਮਾਮਲਾ ਸ਼ੱਕੀ ਮਹਿਸੂਸ ਨਹੀਂ ਹੁੰਦਾ।
ਪੁਲਿਸ ਵੱਲੋਂ ਮਾਮਲਾ ਸ਼ੱਕੀ ਹੋਣ ਤੋਂ ਇਨਕਾਰ
ਪਰਵਾਰ ਦੇ ਬਚ ਗਏ ਜੀਆਂ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸ ਦੇਈਏ ਕਿ ਛੋਟੇ-ਛੋਟੇ ਬੱਚਿਆਂ ਦੀ ਮੌਤ ਕਾਰਨ ਹੈਲੀਫੈਕਸ ਦੇ ਰਿਵਰਸਾਈਡ ਇਲਾਕੇ ਵਿਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਹਸਪਤਾਲ ਵਿਚ ਦਾਖਲ 40 ਸਾਲਾ ਸ਼ਖਸ ਦੀ ਸਿਹਤਯਾਬੀ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ।