ਕੈਨੇਡਾ ’ਚ ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!

ਕੈਨੇਡਾ ਵਿਚ 10 ਲੱਖ ਨੌਕਰੀਆਂ ਖਤਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ 5 ਲੱਖ ਨੌਕਰੀਆਂ ਇਕੱਲੇ ਉਨਟਾਰੀਓ ਵਿਚੋਂ ਖਤਮ ਹੋ ਸਕਦੀਆਂ ਹਨ।;

Update: 2025-01-15 12:57 GMT

ਟੋਰਾਂਟੋ, : ਕੈਨੇਡਾ ਵਿਚ 10 ਲੱਖ ਨੌਕਰੀਆਂ ਖਤਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ 5 ਲੱਖ ਨੌਕਰੀਆਂ ਇਕੱਲੇ ਉਨਟਾਰੀਓ ਵਿਚੋਂ ਖਤਮ ਹੋ ਸਕਦੀਆਂ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਐਲਬਰਟਾ ਦੱਸਿਆ ਜਾ ਰਿਹਾ ਹੈ ਅਤੇ ਇਸ ਮਗਰੋਂ ਬੀ.ਸੀ. ਦਾ ਨੰਬਰ ਆਉਂਦਾ ਹੈ। ਡੌਨਲਡ ਟਰੰਪ ਦੇ ਸਹੁੰ ਚੁੱਕਣ ਮਗਰੋਂ ਲੱਗਣ ਵਾਲੇ ਟੈਕਸਾਂ ਦੇ ਅਸਰ ਦਾ ਜ਼ਿਕਰ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਤਕੜੇ ਹੋ ਕੇ ਮੋੜਵਾਂ ਜਵਾਬ ਦੇਣਾ ਹੋਵੇਗਾ। ਕੈਨੇਡਾ ਵਿਚ ਨੌਕਰੀਆਂ ਖਤਮ ਹੋਣ ਦਾ ਅੰਕੜਾ ਟੈਕਸਾਂ ਰਾਹੀਂ ਸਿੱਧੇ ਤੌਰ ’ਤੇ ਪ੍ਰਭਾਵਤ ਹੋਣ ਵਾਲੇ ਖੇਤਰਾਂ ’ਤੇ ਨਿਰਭਰ ਕਰੇਗਾ ਪਰ ਡਗ ਫ਼ੋਰਡ ਸਰਕਾਰ ਦਾ ਮੰਨਣਾ ਹੈ ਕਿ ਉਨਟਾਰੀਓ ਵਿਚ ਗਿਣਤੀ 4 ਲੱਖ 50 ਹਜ਼ਾਰ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ।

ਟਰੰਪ ਦੇ ਟੈਕਸਾਂ ਦਾ ਸਭ ਤੋਂ ਵੱਡਾ ਅਸਰ ਉਨਟਾਰੀਓ ’ਤੇ

ਕੈਨੇਡੀਅਨ ਰਾਜਾਂ ਅਤੇ ਟੈਰੇਟ੍ਰੀਜ਼ ਦੇ ਸਾਰੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਰਹੇ ਹਨ ਜਿਸ ਦੌਰਾਨ ਜਵਾਬੀ ਕਾਰਵਾਈ ਦਾ ਖਰੜਾ ਤਿਆਰ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫ਼ੋਰਡ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਾਨੂੰ ਸਭਨਾਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਹੋਵੇਗਾ ਅਤੇ ਇਕਸੁਰ ਆਵਾਜ਼ ਵਿਚ ਅਮਰੀਕੀ ਵਸਤਾਂ ’ਤੇ ਮੋੜਵੇਂ ਟੈਕਸਾਂ ਦੀ ਨੀਤੀ ਘੜਨੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੀ ਪ੍ਰੀਮੀਅਰ ਇਸ ਮੁੱਦੇ ’ਤੇ ਵੱਖਰੀ ਸੁਰ ਅਲਾਪ ਰਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਫਲੋਰੀਡਾ ਜਾ ਕੇ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ ਗਈ। ਫੈਡਰਲ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਟੌਤੀ ਕੀਤੇ ਜਾਣ ’ਤੇ ਸਹਿਮਤ ਹਨ ਪਰ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਕੌਮੀ ਏਕਤਾ ਵਾਸਤੇ ਸੰਕਟ ਪੈਦਾ ਹੋਣ ਦੀ ਧਮਕੀ ਦੇ ਰਹੇ ਹਨ। ਸੈਂਟਰ ਫ਼ੌਰ ਫਿਊਚਰ ਵਰਕ ਦੇ ਡਾਇਰੈਕਟਰ ਅਤੇ ਆਰਥਿਕ ਮਾਹਰ ਜਿਮ ਸਟੈਨਫੋਰਡ ਦਾ ਕਹਿਣਾ ਸੀ ਕਿ ਅਮਰੀਕਾ ਵੱਲੋਂ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ ਬਾਰਡਰ ਦੇ ਇਕ ਪਾਸੇ ਨਹੀਂ ਸਗੋਂ ਦੋਵੇਂ ਪਾਸੇ ਵਸਦੇ ਲੋਕਾਂ ਨੂੰ ਭੁਗਤਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਾਲਾਨਾ ਇਕ ਖਰਬ ਡਾਲਰ ਤੋਂ ਵੱਧ ਵਪਾਰ ਹੁੰਦਾ ਹੈ ਅਤੇ ਅਜਿਹੇ ਵਿਚ 25 ਫੀ ਸਦੀ ਟੈਕਸਾਂ ਦਾ ਮਤਲਬ 250 ਅਰਬ ਡਾਲਰ ਬਣਦਾ ਹੈ ਕਿਉਂਕਿ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਕੈਨੇਡਾ ਵੱਲੋਂ ਵੀ ਟੈਕਸ ਦਰਾਂ ਲਾਗੂ ਕੀਤੀਆਂ ਜਾਣਗੀਆਂ।

ਐਲਬਰਟਾ ਵਿਚ ਵੀ ਹਜ਼ਾਰਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਡਰ

ਬਿਨਾਂ ਸ਼ੱਕ ਦੁਵੱਲੇ ਵਪਾਰ ਵਿਚ ਕੈਨੇਡਾ ਦਾ ਹੱਥ ਮਾਮੂਲੀ ਤੌਰ ’ਤੇ ਉਤੇ ਮੰਨਿਆ ਜਾ ਸਕਦਾ ਹੈ। 2023 ਵਿਚ ਕੈਨੇਡਾ ਵੱਲੋਂ ਜਿੰਨਾ ਸਮਾਨ ਅਮਰੀਕਾ ਤੋਂ ਮੰਗਵਾਇਆ ਗਿਆ, ਉਸ ਤੋਂ 40 ਅਰਬ ਡਾਲਰ ਵੱਧ ਮੁੱਲ ਦੀਆਂ ਵਸਤਾਂ ਅਮਰੀਕਾ ਭੇਜੀਆਂ ਗਈਆਂ। 40 ਅਰਬ ਡਾਲਰ ਨੂੰ ਇਕ ਪਾਸੇ ਰੱਖ ਦਿਤਾ ਜਾਵੇ ਤਾਂ ਅਮਰੀਕਾ ਦੇ ਲੋਕਾਂ ਉਤੇ ਵੀ ਵੱਡਾ ਆਰਥਿਕ ਬੋਝ ਪੈਣ ਦੀ ਆਸਾਰ ਨਜ਼ਰ ਆ ਰਹੇ ਹਨ। ਭਾਵੇਂ ਟਰੰਪ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡੀਅਨ ਕਾਰਾਂ ਜਾਂ ਤੇਲ-ਗੈਸ ਦੀ ਕੋਈ ਜ਼ਰੂਰਤ ਨਹੀਂ ਪਰ ਹੋਰਨਾਂ ਮੁਲਕਾਂ ਤੋਂ ਇੰਪੋਰਟ ਕਿਤੇ ਜ਼ਿਆਦਾ ਮਹਿੰਗਾ ਪਵੇਗਾ ਅਤੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਕਾਰੋਬਾਰੀ ਟਰੰਪ ਦੇ ਵਿਰੁੱਧ ਹੋ ਜਾਣਗੇ।

Tags:    

Similar News