ਕੈਨੇਡਾ ਦੇ ਬਾਰਡਰ ਅਫ਼ਸਰ ਵੱਲੋਂ ਭਾਰਤ ਸਰਕਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ
ਭਾਰਤੀ ਮੀਡੀਆ ਵੱਲੋਂ ਖਾਲਿਸਤਾਨ ਹਮਾਇਤੀ ਖਾੜਕੂ ਐਲਾਨੇ ਗਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰ ਸੰਦੀਪ ਸਿੰਘ ਸਿੱਧੂ ਵੱਲੋਂ ਭਾਰਤ ਸਰਕਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਦਿਆਂ 9 ਮਿਲੀਅਨ ਡਾਲਰ ਹਰਜਾਨਾ ਮੰਗਿਆ ਹੈ।
ਟੋਰਾਂਟੋ : ਭਾਰਤੀ ਮੀਡੀਆ ਵੱਲੋਂ ਖਾਲਿਸਤਾਨ ਹਮਾਇਤੀ ਖਾੜਕੂ ਐਲਾਨੇ ਗਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰ ਸੰਦੀਪ ਸਿੰਘ ਸਿੱਧੂ ਵੱਲੋਂ ਭਾਰਤ ਸਰਕਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਦਿਆਂ 9 ਮਿਲੀਅਨ ਡਾਲਰ ਹਰਜਾਨਾ ਮੰਗਿਆ ਹੈ। ਸਿਰਫ਼ ਇਥੇ ਹੀ ਬੱਸ ਨਹੀਂ, ਸੰਦੀਪ ਸਿੱਧੂ ਨੇ ਕੈਨੇਡਾ ਸਰਕਾਰ ਨੂੰ ਵੀ ਅਦਾਲਤ ਵਿਚ ਘੜੀਸਿਆ ਹੈ ਜੋ ਕਥਿਤ ਤੌਰ ’ਤੇ ਆਪਣੇ ਨਾਗਰਿਕ ਦਾ ਬਚਾਅ ਕਰਨ ਵਿਚ ਅਸਫ਼ਲ ਰਹੀ। ਬੀ.ਸੀ. ਵਿਚ ਜੰਮੇ-ਪਲੇ ਸੰਦੀਪ ਸਿੱਧੂ ਦਾ ਛੋਟਾ ਨਾਂ ਸਨੀ ਹੈ ਅਤੇ ਭਾਰਤੀ ਮੀਡੀਆ ਨੇ ਇਸੇ ਨਾਂ ਨੂੰ ਕੂੜ ਪ੍ਰਚਾਰ ਵਾਸਤੇ ਵਰਤਿਆ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਉਨਟਾਰੀਓ ਦੇ ਅਦਾਲਤ ਵਿਚ ਦਾਇਰ ਮੁਕੱਦਮੇ ਰਾਹੀਂ ਸੰਦੀਪ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੂੰ ਸ਼ਰਮਿੰਦਾ ਕਰਨ ਦੇ ਮਕਸਦ ਤਹਿਤ ਭਾਰਤ ਸਰਕਾਰ ਨੇ ਉਸ ਨੂੰ ਹਥਿਆਰ ਵਜੋਂ ਵਰਤਿਆ।
ਖ਼ਾਲਿਸਤਾਨ ਹਮਾਇਤੀ ਦੱਸੇ ਜਾਣ ’ਤੇ 9 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ
ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਸੋਚੇ ਸਮਝੇ ਵਿਦੇਸ਼ੀ ਦਖ਼ਲ ਦੇ ਸਿੱਟੇ ਵਜੋਂ ਸੰਦੀਪ ਸਿੱਧੂ ਗੁੰਮਰਾਹਕੁਨ ਜਾਣਕਾਰੀ ਦਾ ਨਿਸ਼ਾਨਾ ਬਣਿਆ ਅਤੇ ਉਸ ਦੇ ਕਤਲ ਜਾਂ ਹਵਾਲਗੀ ਦਾ ਸੱਦਾ ਦਿਤਾ ਗਿਆ। ਦੂਜੇ ਪਾਸੇ ਸੀ.ਬੀ.ਐਸ.ਏ. ਨੇ ਵੀ ਸੰਦੀਪ ਸਿੱਧੂ ਦੀ ਬਾਂਹ ਨਾ ਫੜੀ ਅਤੇ ਨੌਕਰੀ ਤੋਂ ਮੁਅੱਤਲੀ ਜਾਂ ਬਰਖਾਸਤਗੀ ਦੀ ਧਮਕੀ ਦਿਤੀ ਗਈ। ਟੋਰਾਂਟੋ ਵਿਖੇ ਸੰਦੀਪ ਸਿੱਧੂ ਦੇ ਵਕੀਲ ਜੈਫ਼ਰੀ ਕਰੋਕਰ ਨੇ ਦੋਸ਼ ਲਾਇਆ ਕਿ ਸੀ.ਬੀ.ਐਸ.ਏ. ਵੱਲੋਂ ਉਸ ਦੇ ਮੁਵੱਕਲ ਦੀ ਕੋਈ ਮਦਦ ਨਾ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਾ ਮਖੌਲ ਉਡਾਇਆ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਬੀ.ਸੀ. ਵਿਚ ਜੰਮੇ ਸੰਦੀਪ ਸਿੱਧੂ ਦਾ ਭਾਰਤੀ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ ਅਤੇ ਨਾ ਹੀ ਉਹ ਅੰਮ੍ਰਿਤਧਾਰੀ ਸਿੱਖ ਹੈ। 14 ਅਕਤੂਬਰ 2024 ਨੂੰ ਆਰ.ਸੀ.ਐਮ.ਪੀ. ਦੇ ਕਮਿਸ਼ਨਰ ਨੇ ਸ਼ਰ੍ਹੇਆਮ ਦੋਸ਼ ਲਾਇਆ ਕਿ ਭਾਰਤੀ ਏਜੰਟ ਨਾ ਸਿਰਫ਼ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਸ਼ਾਮਲ ਰਹੇ ਬਲਕਿ ਕੈਨੇਡਾ ਵਿਚ ਜਬਰੀ ਵਸੂਲੀ ਦੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਵੀ ਇਨ੍ਹਾਂ ਦਾ ਹੱਥ ਹੈ। ਆਰ.ਸੀ.ਐਮ.ਪੀ. ਦੇ ਬਿਆਨ ਤੋਂ ਕੁਝ ਦਿਨ ਬਾਅਦ ਸੰਦੀਪ ਸਿੰਘ ਸਿੱਧੂ ਦਾ ਨਾਂ ਭਾਰਤੀ ਮੀਡੀਆ ਵਿਚ ਚਮਕਣ ਲੱਗਾ। ਟਰੂਡੋ ਦੇ ਮੂੰਹ ’ਤੇ ਵੱਜਿਆ ਆਂਡਾ ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਭਾਰਤੀ ਮੀਡੀਆ ਨੇ ਸੰਦੀਪ ਸਿੱਧੂ ਵਿਰੁੱਧ ਕੂੜ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ।
ਸੰਦੀਪ ਸਿੱਧੂ ਨੇ ਕੈਨੇਡਾ ਸਰਕਾਰ ਨੂੰ ਵੀ ਅਦਾਲਤ ਵਿਚ ਘੜੀਸਿਆ
ਸੰਦੀਪ ਸਿੰਘ ਸਿੱਧੂ ਨੂੰ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਦੱਸਿਆ ਗਿਆ ਅਤੇ ਪੰਜਾਬ ਵਿਚ ਹਿੰਸਕ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ ਵੀ ਲੱਗੇ। ਲਖਬੀਰ ਸਿੰਘ ਰੋਡੇ ਨਾਲ ਵੀ ਸਿੱਧੂ ਦਾ ਨਾ ਜੋੜਿਆ ਗਿਆ ਜਿਨ੍ਹਾਂ ਦੀ ਪਾਕਿਸਤਾਨ ਵਿਚ ਮੌਤ ਚੁੱਕੀ ਹੈ। ‘ਟਾਈਮਜ਼ ਨਾਓ’ ਦੀ ਰਿਪੋਰਟ ਮੁਤਾਬਕ ਸੰਦੀਪ ਸਿੰਘ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਚ ਬਤੌਰ ਸੁਪਰਡੈਂਟ ਤਰੱਕੀ ਮਿਲੀ ਅਤੇ ਭਾਰਤ ਦੀ ਕੌਮੀ ਜਾਂਚ ਏਜੰਸੀ ਕਿਸੇ ਸਨੀ ਟੋਰਾਂਟੋ ਨਾਂ ਦੇ ਸ਼ੱਕੀ ਭਾਲ ਕਰ ਰਹੀ ਹੈ। ਐਨ.ਆਈ.ਏ. ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸੰਧੂ ਦੇ ਕਤਲ ਵਿਚ ਸਨੀ ਟੋਰਾਂਟੋ ਅਤੇ ਲਖਬੀਰ ਸਿੰਘ ਰੋਡੇ ਦਾ ਹੱਥ ਰਿਹਾ। ਭਾਵੇਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਅੰਦਰੂਨੀ ਪੜਤਾਲ ਦੌਰਾਨ ਸਭ ਕੁਝ ਝੂਠ ਸਾਬਤ ਹੋਇਆ ਅਤੇ ਕੈਨੇਡੀਅਨ ਖੁਫੀਆ ਏਜੰਸੀ ਨੇ ਵੀ ਸੰਦੀਪ ਸਿੱਧੂ ਨੂੰ ਕਲੀਨ ਚਿਟ ਦੇ ਦਿਤੀ ਪਰ ਭਾਰਤੀ ਮੀਡੀਆ ਦਾ ਭੰਡੀ ਪ੍ਰਚਾਰ ਜਾਰੀ ਰਿਹਾ। ਲਗਾਤਾਰ ਮਿਲ ਰਹੀਆਂ ਧਮਕੀਆਂ ਕਰ ਕੇ ਸੰਦੀਪ ਸਿੱਧੂ ਆਪਣੀ ਅਤੇ ਆਪਣੇ ਪਰਵਾਰ ਦੀ ਸੁਰੱਖਿਆ ਬਾਰੇ ਚਿੰਤਤ ਸੀ ਅਤੇ ਡਿਪ੍ਰੇਸ਼ਨ ਦਾ ਮਰੀਜ਼ ਬਣ ਗਿਆ। ਇਸ ਦੇ ਉਲਟ 3 ਮਾਰਚ 2025 ਨੂੰ ਸੀ.ਬੀ.ਐਸ.ਏ. ਨੇ ਸਿੱਟਾ ਕੱਢਿਆ ਕਿ ਸਿੱਧੂ ਦੀ ਸੁਰੱਖਿਆ ਨੂੰ ਹੁਣ ਕੋਈ ਖ਼ਤਰਾ ਨਹੀਂ। ਮੁਕੱਦਮੇ ਵਿਚ ਸੀ.ਬੀ.ਐਸ.ਏ. ’ਤੇ ਲਾਪ੍ਰਵਾਹੀ ਅਤੇ ਅਣਗਹਿਲੀ ਵਰਤਣ ਅਤੇ ਸਮਰਪਿਤ ਮੁਲਾਜ਼ਮ ਦਾ ਪੱਖ ਪੂਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਲਾਏ ਗਏ ਹਨ।