Canada ’ਚ 16,499 ਲੋਕਾਂ ਨੇ ਲਵਾਇਆ ਜ਼ਹਿਰ ਦਾ ਟੀਕਾ
ਕੈਨੇਡਾ ਵਿਚ ਡਾਕਟਰ ਤੋਂ ਜ਼ਹਿਰ ਦਾ ਟੀਕਾ ਲਗਵਾਉਣ ਵਾਲਿਆਂ ਦੀ ਸਾਲਾਨਾ ਗਿਣਤੀ 16 ਹਜ਼ਾਰ ਤੋਂ ਟੱਪ ਗਈ ਹੈ ਅਤੇ ਹਾਲ ਹੀ ਵਿਚ ਇਕ ਡਾਕਟਰ ਵੱਲੋਂ ਮਰੀਜ਼ ਨੂੰ ਇੱਛਾ ਮੌਤ ਦੇਣ ਦਾ ਮਾਮਲਾ ਬੇਹੱਦ ਭਖ ਗਿਆ ਹੈ
ਟੋਰਾਂਟੋ : ਕੈਨੇਡਾ ਵਿਚ ਡਾਕਟਰ ਤੋਂ ਜ਼ਹਿਰ ਦਾ ਟੀਕਾ ਲਗਵਾਉਣ ਵਾਲਿਆਂ ਦੀ ਸਾਲਾਨਾ ਗਿਣਤੀ 16 ਹਜ਼ਾਰ ਤੋਂ ਟੱਪ ਗਈ ਹੈ ਅਤੇ ਹਾਲ ਹੀ ਵਿਚ ਇਕ ਡਾਕਟਰ ਵੱਲੋਂ ਮਰੀਜ਼ ਨੂੰ ਇੱਛਾ ਮੌਤ ਦੇਣ ਦਾ ਮਾਮਲਾ ਬੇਹੱਦ ਭਖ ਗਿਆ ਹੈ। ਨੇਤਰਹੀਣ ਅਤੇ ਡਾਇਬਟੀਜ਼ ਦੀ ਬਿਮਾਰੀ ਤੋਂ ਪੀੜਤ 26 ਸਾਲਾ ਨੌਜਵਾਨ ਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ ਜੋ 2022 ਵਿਚ ਆਪਣੇ ਪੁੱਤ ਨੂੰ ਬਚਾਉਣ ਵਿਚ ਸਫ਼ਲ ਰਹੀ ਪਰ 30 ਦਸੰਬਰ 2025 ਨੂੰ ਇੱਛਾ ਮੌਤ ਦੀ ਇਜਾਜ਼ਤ ਮਿਲ ਗਈ। ਵਿਲਕਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤ ਦੀ ਸਰੀਰਕ ਹਾਲਤ ਐਨੀ ਮਾੜੀ ਨਹੀਂ ਸੀ ਕਿ ਇੱਛਾ ਮੌਤ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਕੈਨੇਡੀਅਨ ਕਾਨੂੰਨ ਮੁਤਾਬਕ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਡਾਕਟਰ ਦੀ ਸਹਾਇਤਾ ਨਾਲ ਖੁਦਕੁਸ਼ੀ ਦਾ ਹੱਕ ਹੈ ਜਿਨ੍ਹਾਂ ਦੀ ਬਿਮਾਰੀ ਲਾਇਲਾਜ ਅਤੇ ਅਸਹਿਣਯੋਗ ਹੋਵੇ। ਪੁੱਤ ਦੇ ਵਿਛੋੜੇ ਵਿਚ ਦਰ-ਦਰ ਦੀਆਂ ਠੋਕਰਾਂ ਖਾ ਰਹੀ ਮਾਰਗ੍ਰੈਟ ਮਾਰਸੀਆ ਨੇ ਦੱਸਿਆ ਕਿ ਦੁਨੀਆਂ ਦੀ ਕੋਈ ਆਪਣੇ ਬੱਚੇ ਨੂੰ ਆਪਣੇ ਹੱਥੀਂ ਦਫ਼ਨਾਉਣਾ ਨਹੀਂ ਚਾਹੇਗੀ। ਮਾਰਗ੍ਰੈਅ ਦੇ ਦੁਖਾਂ ਦੀ ਕਹਾਣੀ ਤਕਰੀਬਨ 9 ਸਾਲ ਪਹਿਲਾਂ ਸ਼ੁਰੂ ਹੋਈ ਜਦੋਂ ਉਸ ਦਾ ਬੇਟਾ ਕਿਆਨੋ ਵੈਫ਼ਾਇਨ 17 ਸਾਲ ਦੀ ਉਮਰ ਵਿਚ ਦਰਦਨਾਕ ਕਾਰ ਹਾਦਸੇ ਦਾ ਸ਼ਿਕਾਰ ਬਣ ਗਿਆ।
ਟੋਰਾਂਟੋ ’ਚ ਵਿਲਕਦੀ ਮਾਂ ਨੇ ਸੁਣਾਇਆ ਪੁੱਤ ਦੀ ਮੌਤ ਦਾ ਕਿੱਸਾ
ਇਸ ਮਗਰੋਂ ਉਹ ਕਦੇ ਕਾਲਜ ਨਾ ਜਾ ਸਕਿਅ ਅਤੇ ਅਪ੍ਰੈਲ 2022 ਵਿਚ ਇਕ ਅੱਖ ਦੀ ਰੌਸ਼ਨੀ ਚਲੀ ਗਈ। ਸਤੰਬਰ 2022 ਵਿਚ ਕਿਆਨੋ ਨੇ ਇੱਛਾ ਮੌਤ ਦੀ ਅਰਜ਼ੀ ਦਾਇਰ ਕਰ ਦਿਤੀ ਪਰ ਮਾਰਗ੍ਰੈਟ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਉਹ ਪ੍ਰਕਿਰਿਆ ਰੁਕਵਾਉਣ ਵਿਚ ਸਫ਼ਲ ਰਹੀ। ਮਾਰਗ੍ਰੈਟ ਨੇ ਆਪਣੇ ਬੇਟੇ ਨੂੰ ਵੱਖਰਾ ਕੌਂਡੋ ਲੈ ਕੇ ਦਿਤਾ ਅਤੇ ਕੇਅਰ ਗਿਵਰ ਦਾ ਪ੍ਰਬੰਧ ਕਰਦਿਆ 4 ਹਜ਼ਾਰ ਡਾਲਰ ਮਹੀਨਾ ਦੀ ਵਿੱਤੀ ਸਹਾਇਤਾ ਵੀ ਦੇਣ ਲੱਗੀ। ਕਿਆਨੋ ਵੀ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਸਹਿਮਤ ਹੋ ਗਿਆ ਅਤੇ ਸੈਰ ਸਪਾਟੇ ਲਈ ਨਿਊ ਯਾਰਕ ਜਾਣ ਦੀ ਯੋਜਨਾ ਬਣਾਈ। ਪਿਛਲੇ ਸਾਲ ਅਕਤੂਬਰ ਤੱਕ ਮਾਰਗ੍ਰੈਟ ਨੇ ਆਪਣੇ ਬੇਟੇ ਵਾਸਤੇ ਜਿੰਮ ਦੀ ਮੈਂਬਰਸ਼ਿਪ ਵੀ ਲੈ ਲਈ ਅਤੇ ਕਿਆਨੋ ਵੀ ਖੁਸ਼ ਰਹਿਣ ਲੱਗਾ ਪਰ ਕੁਝ ਹਫ਼ਤੇ ਬਾਅਦ ਉਸ ਦੀ ਸੋਚ ਮੁੜ ਬਦਲਣ ਲੱਗੀ। 15 ਦਸੰਬਰ ਨੂੰ ਕਿਆਨੋ ਮੈਕਸੀਕੋ ਛੁੱਟੀਆਂ ਮਨਾਉਣ ਗਿਆ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਸਿਰਫ਼ ਦੋ ਦਿਨ ਬਾਅਦ ਕਿਆਨੋ ਵੈਨਕੂਵਰ ਰਵਾਨਾ ਹੋ ਗਿਆ ਅਤੇ ਤਿੰਨ ਦਿਨ ਬਾਅਦ ਆਪਣੀ ਮਾਂ ਨੂੰ ਟੈਕਸਟ ਮੈਸੇਜ ਭੇਜ ਕੇ ਦੱਸਿਆ ਕਿ ਅਗਲੇ ਦਿਨ ਡਾਕਟਰ ਕੋਲ ਜਾ ਕੇ ਜ਼ਹਿਰ ਦਾ ਟੀਕਾ ਲਗਵਾਉਣਾ ਹੈ।
ਸਿਰਫ਼ 26 ਸਾਲ ਦੀ ਉਮਰ ਵਿਚ ਦੁਨੀਆਂ ਤੋਂ ਚਲਾ ਗਿਆ ਕਿਆਨੋ
ਇੱਛਾ ਮੌਤ ਦੀ ਪ੍ਰਕਿਰਿਆ ਵਿਚ ਪਰਵਾਰ ਕੋਈ ਦਖਲ ਨਾ ਦੇਵੇ, ਇਸ ਵਾਸਤੇ ਕਿਆਨੋ ਵੱਲੋਂ ਸੁਰੱਖਿਆ ਬੰਦੋਬਸਤ ਵੀ ਕੀਤੇ ਗਏ। ਮਾਂ ਨੇ ਆਪਣੇ ਪੁੱਤ ਅੱਗੇ ਬਥੇਰੀਆਂ ਮਿੰਨਤਾਂ ਕੀਤੀਆਂ ਅਤੇ ਟੋਰਾਂਟੋ ਵਾਪਸ ਆਉਣ ਲਈ ਮਨਾਉਣ ਲੱਗੀ ਪਰ ਕਿਆਨੋ ਨੇ ਇਕ ਨਾ ਸੁਣੀ। ਕਿਆਨੋ ਨੂੰ ਜ਼ਹਿਰ ਦਾ ਟੀਕਾ ਲਾਉਣ ਵਾਲੀ ਡਾਕਟਰ ਨੇ ਦੱਸਿਆ ਕਿ ਉਹ ਇਕ ਹਜ਼ਾਰ ਜਣੇਪੇ ਕਰਵਾ ਚੁੱਕੀ ਹੈ ਅਤੇ 500 ਤੋਂ ਵੱਧ ਮਰੀਜ਼ਾਂ ਨੂੰ ਖੁਦਕੁਸ਼ੀ ਕਰਨ ਵਿਚ ਮਦਦ ਕਰ ਚੁੱਕੀ ਹੈ। ਦੂਜੇ ਪਾਸੇ ਦੁਨੀਆਂ ਛੱਡਣ ਤੋਂ ਪਹਿਲਾਂ ਕਿਆਨੋ ਨੇ ਵਸੀਅਤ ਲਿਖੀ ਅਤੇ ਆਪਣੀ ਕਹਾਣੀ ਦੁਨੀਆਂ ਅੱਗੇ ਪੇਸ਼ ਕਰਨ ਦੀ ਇੱਛਾ ਜਤਾਈ। ਕਿਆਨੋ ਦੇ ਡੈਥ ਸਰਟੀਫ਼ਿਕੇਟ ਵਿਚ ਲਿਖਿਆ ਹੈ ਕਿ ਉਸ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਨਸਾਂ ਨੁਕਸਾਨੀਆਂ ਜਾਣ ਅਤੇ ਅੱਖਾਂ ਦੀ ਰੌਸ਼ਨੀ ਨਾ ਹੋਣ ਕਰ ਕੇ ਇੱਛਾ ਮੌਤ ਦੀ ਇਜਾਜ਼ਤ ਦਿਤੀ ਗਈ। ਦੱਸ ਦੇਈਏ ਕਿ ਕੈਨੇਡਾ ਵਿਚ 2024 ਦੌਰਾਨ 16,499 ਲੋਕਾਂ ਨੇ ਇੱਛਾ ਮੌਤ ਨੂੰ ਗਲ ਲਾਇਆ ਪਰ ਇਹ ਅੰਕੜਾ 2022 ਅਤੇ 2023 ਦੇ ਮੁਕਾਬਲੇ ਕਿਤੇ ਜ਼ਿਆਦਾ ਬਣਦਾ ਹੈ।