ਕੈਨੇਡਾ ਜਾਰੀ ਕਰੇਗਾ 1.70 ਲੱਖ ਨਵੇਂ ਵਰਕ ਪਰਮਿਟ

ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਟੀਚਿਆਂ ਵਿਚ ਅਚਨਚੇਤ ਵਾਧਾ ਕਰਦਿਆਂ ਐਲ.ਐਮ.ਆਈ.ਏ. ਦੀ ਸ਼ਰਤ ਤੋਂ ਬਗੈਰ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 1 ਲੱਖ 70 ਹਜ਼ਾਰ ਕਰ ਦਿਤੀ ਹੈ

Update: 2026-01-27 13:46 GMT

ਟੋਰਾਂਟੋ : ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਟੀਚਿਆਂ ਵਿਚ ਅਚਨਚੇਤ ਵਾਧਾ ਕਰਦਿਆਂ ਐਲ.ਐਮ.ਆਈ.ਏ. ਦੀ ਸ਼ਰਤ ਤੋਂ ਬਗੈਰ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 1 ਲੱਖ 70 ਹਜ਼ਾਰ ਕਰ ਦਿਤੀ ਹੈ। ਜੀ ਹਾਂ, ਇੰਟਰਨੈਸ਼ਨਲ ਮੋਬੀਲਿਟੀ ਪ੍ਰੋਗਰਾਮ ਅਧੀਨ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਮੌਜੂਦਾ ਵਰ੍ਹੇ ਦੌਰਾਨ 1 ਲੱਖ 28 ਹਜ਼ਾਰ 700 ਵਰਕ ਪਰਮਿਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਦਿਲਚਸਪ ਤੱਥ ਇਹ ਹੈ ਕਿ ਸਾਰੇ 1 ਲੱਖ 70 ਹਜ਼ਾਰ ਵਿਦੇਸ਼ੀ ਨਾਗਰਿਕ ਨਵੇਂ ਹੋਣਗੇ ਅਤੇ ਕੈਨੇਡਾ ਵਿਚ ਮੌਜੂਦ ਪ੍ਰਵਾਸੀਆਂ ਦੇ ਵਰਕ ਪਰਮਿਟ ਨਵਿਆਉਣ ਦਾ ਅੰਕੜਾ ਇਸ ਵਿਚ ਸ਼ਾਮਲ ਨਹੀਂ। ਦੂਜੇ ਪਾਸੇ ਐਲ.ਐਮ.ਆਈ.ਏ. ਦੀ ਸ਼ਰਤ ਅਧੀਨ ਟੈਂਪਰੇਰੀ ਫੌਰਨ ਵਰਕਰਜ਼ ਨੂੰ ਸਿਰਫ਼ 60 ਹਜ਼ਾਰ ਵੀਜ਼ੇ ਦੇਣ ਦਾ ਫੈਸਲਾ ਲਿਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ 2026 ਦੌਰਾਨ 82 ਹਜ਼ਾਰ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ।

ਐਲ.ਐਮ.ਆਈ.ਏ. ਦੀ ਕੋਈ ਜ਼ਰੂਰਤ ਨਹੀਂ

ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਦੀ ਸ਼ਰਤ ਵਾਲੇ ਵਰਕ ਪਰਮਿਟਸ ਵਿਚ ਵੱਡੇ ਪੱਧਰ ’ਤੇ ਘਪਲਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਕੈਨੇਡਾ ਸਰਕਾਰ ਵੱਲੋਂ ਐਲ.ਐਮ.ਆਈ.ਏ. ਦੀ ਸ਼ਰਤ ਤੋਂ ਬਗੈਰ ਦਿਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਨਵੰਬਰ ਮਹੀਨੇ ਦੌਰਾਨ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਤਹਿਤ ਸਿਰਫ਼ 2,615 ਵਰਕ ਪਰਮਿਟ ਜਾਰੀ ਕੀਤੇ ਗਏ ਜੋ ਬੀਤੇ ਦੋ ਵਰਿ੍ਹਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਮਗਰੋਂ ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦੀ ਰਫ਼ਤਾਰ ਤੇਜ਼ੀ ਨਾਲ ਵਧੀ ਪਰ 2024 ਅਤੇ 2025 ਦੌਰਾਨ ਕੈਨੇਡਾ ਆ ਰਹੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਕਟੌਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ ਅਧੀਨ ਟੀਚਾ ਘਟਾ ਕੇ 60 ਹਜ਼ਾਰ ਕੀਤਾ

6 ਫ਼ੀ ਸਦੀ ਤੋਂ ਵੱਧ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ ਵਿਚ ਐਲ.ਐਮ.ਆਈ.ਏ. ਜਾਰੀ ਹੀ ਨਹੀਂ ਕੀਤੇ ਜਾ ਸਕਦੇ ਅਤੇ ਕੈਨੇਡਾ ਦੇ ਕਈ ਇਲਾਕਿਆਂ ਵਿਚ ਐਲ.ਐਮ.ਆਈ.ਏ. ਦੀ ਪ੍ਰੋਸੈਸਿੰਗ ਦਾ ਸਮਾਂ 12 ਹਫ਼ਤੇ ਤੋਂ ਟੱਪ ਗਿਆ ਹੈ। ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿਚ ਭਾਵੇਂ ਕਟੌਤੀ ਕੀਤੀ ਗਈ ਹੈ ਪਰ ਨਵੇਂ ਵਰਕ ਪਰਮਿਟ ਦੇ ਯੋਗ ਕੋਰਸਾਂ ਦਾ ਅੰਕੜਾ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਗਿਆ ਹੈ। ਆਈ.ਆਰ.ਸੀ.ਸੀ. ਦੀ ਸੂਚੀ ਵਿਚ ਇਸ ਵੇਲੇ 1,107 ਕੋਰਸ ਕਰਨ ਵਾਲਿਆਂ ਨੂੰ ਵਰਕ ਪਰਮਿਟ ਮਿਲਦਾ ਹੈ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਹੈਲਥ ਕੇਅਰ ਐਂਡ ਸੋਸ਼ਲ ਸਰਵਿਸਿਜ਼, ਐਜੁਕੇਸ਼ਨ, ਵੱਖ ਵੱਖ ਟਰੇਡਜ਼, ਐਗਰੀਕਲਚਰ, ਟ੍ਰਾਂਸਪੋਰਟ ਅਤੇ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥੇਮੈਟਿਕਸ ਵਾਲੇ ਵਿਸ਼ੇ ਸ਼ਾਮਲ ਹਨ।

Tags:    

Similar News