ਬਰੈਂਪਟਨ ਵਿਖੇ ਪੰਜਾਬੀ ਪਰਵਾਰ ਦੇ 5 ਜੀਆਂ ਦਾ ਅੰਤਮ ਸਸਕਾਰ 5 ਦਸੰਬਰ ਨੂੰ
ਬਰੈਂਪਟਨ ਵਿਖੇ 20 ਨਵੰਬਰ ਨੂੰ ਵਾਪਰੇ ਹੌਲਨਾਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਪੰਜ ਜੀਆਂ ਦਾ ਅੰਤਮ ਸਸਕਾਰ 5 ਦਸੰਬਰ ਨੂੰ ਸਵੇਰੇ 11 ਵਜੇ ਬਰੈਂਪਟਨ ਕ੍ਰੈਮਾਟੋਰੀਅਮ ਐਂਡ ਵਿਜ਼ਟੇਸ਼ਨ ਸੈਂਟਰ ਵਿਖੇ
ਬਰੈਂਪਟਨ : ਬਰੈਂਪਟਨ ਵਿਖੇ 20 ਨਵੰਬਰ ਨੂੰ ਵਾਪਰੇ ਹੌਲਨਾਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਪੰਜ ਜੀਆਂ ਦਾ ਅੰਤਮ ਸਸਕਾਰ 5 ਦਸੰਬਰ ਨੂੰ ਸਵੇਰੇ 11 ਵਜੇ ਬਰੈਂਪਟਨ ਕ੍ਰੈਮਾਟੋਰੀਅਮ ਐਂਡ ਵਿਜ਼ਟੇਸ਼ਨ ਸੈਂਟਰ ਵਿਖੇ ਹੋਵੇਗਾ। ਉਪ੍ਰੰਤ ਸ਼ਾਮ ਸਾਢੇ ਪੰਜ ਵਜੇ ਬਰੈਂਪਟਨ ਦੇ ਰਿਗਨ ਰੋਡ ’ਤੇ ਸਥਿਤ ਗੁਰਦਵਾਰਾ ਸਿੱਖ ਸੰਗਤ ਵਿਖੇ ਹਰਿੰਦਰ ਕੌਰ, ਗੁਰਜੀਤ ਕੌਰ ਗਰੇਵਾਲ, ਬੰਤਵੀਰ ਸਿੰਘ ਦਿਓਲ, ਅਨੂਦੀਪ ਕੌਰ ਅਤੇ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਬੱਚੇ ਨਮਿਤ ਅੰਤਮ ਅਰਦਾਸ ਕੀਤੀ ਜਾਵੇਗੀ।
ਘਰ ਨੂੰ ਅੱਗ ਲੱਗਣ ਕਾਰਨ ਗਈ ਸੀ ਜਾਨ
ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦੇ ਮੈਕਲੌਕਲਿਨ ਰੋਡ ਅਤੇ ਰਿਮੈਂਬਰੈਂਸ ਰੋਡ ਇਲਾਕੇ ਵਿਚ ਇਕ ਘਰ ਨੂੰ ਅੱਗ ਲੱਗਣ ਕਾਰਨ ਇਕੋ ਪਰਵਾਰ ਦੇ ਪੰਜ ਜੀਆਂ ਦੀ ਜਾਨ ਚਲੀ ਗਈ ਜਦਕਿ ਚਾਰ ਜਣੇ ਗੰਭੀਰ ਜ਼ਖਮੀ ਹੋਏ। ਹਾਦਸੇ ਦੌਰਾਨ ਸਿਰਫ਼ ਜਗਰਾਜ ਸਿੰਘ ਹੀ ਬਗੈਰ ਕਿਸੇ ਸਰੀਰਕ ਸੱਟ ਤੋਂ ਬਚ ਸਕਿਆ। ਜਗਰਾਜ ਸਿੰਘ ਮੁਤਾਬਕ ਉਸ ਦੀ ਪਤਨੀ ਅਰਸ਼ਵੀਰ ਕੌਰ, ਪੰਜ ਸਾਲ ਦਾ ਬੇਟਾ, ਬ੍ਰਦਰ ਇਨ ਲਾਅ ਅੰਮ੍ਰਿਤਵੀਰ ਸਿੰਘ ਅਤੇ ਅੰਮ੍ਰਿਤਵੀਰ ਸਿੰਘ ਦਾ ਬ੍ਰਦਰ ਇਨ ਲਾਅ ਹਾਦਸੇ ਦੌਰਾਨ ਜ਼ਖਮੀ ਹੋਏ। ਜਗਰਾਜ ਸਿੰਘ ਮੁਤਾਬਕ ਉਹ ਕੰਮ ’ਤੇ ਗਿਆ ਹੋਇਆ ਸੀ ਜਦੋਂ ਘਰ ਨੂੰ ਅੱਗ ਲੱਗੀ ਅਤੇ ਸਾਰੀਆਂ ਨਿਜੀ ਚੀਜ਼ਾਂ ਜਿਨ੍ਹਾਂ ਵਿਚ ਕੱਪੜੇ, ਪਾਸਪੋਰਟ, ਬੀਮਾ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੜ ਕੇ ਸੁਆਹ ਹੋ ਗਏ।