ਇਕ-ਇਕ ਕਰ ਕੇ ਮੈਦਾਨ ਛੱਡਣ ਲੱਗੇ ਲਿਬਰਲ ਸਿਆਸਤਦਾਨ
ਜਸਟਿਨ ਟਰੂਡੋ ਦੀ ਥਾਂ ਨਵਾਂ ਆਗੂ ਚੁਣਨ ਲਈ ਆਰੰਭ ਹੋਈ ਲੀਡਰਸ਼ਿਪ ਦੌੜ ਦੇ ਸੰਭਾਵਤ ਉਮੀਦਵਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਇਕ-ਇਕ ਕਰ ਕੇ ਮੈਦਾਨ ਛੱਡਣ ਵਾਲੇ ਵਧਦੇ ਜਾ ਰਹੇ ਹਨ।;
ਔਟਵਾ : ਜਸਟਿਨ ਟਰੂਡੋ ਦੀ ਥਾਂ ਨਵਾਂ ਆਗੂ ਚੁਣਨ ਲਈ ਆਰੰਭ ਹੋਈ ਲੀਡਰਸ਼ਿਪ ਦੌੜ ਦੇ ਸੰਭਾਵਤ ਉਮੀਦਵਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਇਕ-ਇਕ ਕਰ ਕੇ ਮੈਦਾਨ ਛੱਡਣ ਵਾਲੇ ਵਧਦੇ ਜਾ ਰਹੇ ਹਨ। ਤਾਜ਼ਾ ਘਟਨਾਕ੍ਰਮ ਦੌਰਾਨ ਕ੍ਰਿਸਟੀ ਕਲਾਰਕ ਅਤੇ ਫਰਾਂਸਵਾ ਫ਼ਿਲਿਪ ਸ਼ੈਂਪੇਨ ਵੱਲੋਂ ਵੀ ਪਿੱਛੇ ਹਟਣ ਦਾ ਐਲਾਨ ਕਰ ਦਿਤਾ ਗਿਆ। ਦੂਜੇ ਪਾਸੇ ਲਿਬਰਲ ਪਾਰਟੀ ਵੱਲੋਂ ਲੀਡਰਸ਼ਿਪ ਦੌੜ ਵਾਸਤੇ ਖਰਚੇ ਨਾਲ ਸਬੰਧਤ ਨਿਯਮ ਐਲਾਨ ਦਿਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਾਢੇ ਤਿੰਨ ਲੱਖ ਡਾਲਰ ਦੀ ਐਂਟਰੀ ਫੀਸ ਨੇ ਕਈ ਸੰਭਾਵਤ ਉਮੀਦਵਾਰਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿਤਾ।
ਕ੍ਰਿਸਟੀ ਕਲਾਰਕ ਅਤੇ ਸ਼ੈਂਪੇਨ ਵੱਲੋਂ ਵੀ ਲੀਡਰਸ਼ਿਪ ਦੌੜ ’ਚ ਸ਼ਾਮਲ ਹੋਣ ਤੋਂ ਨਾਂਹ
ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਮੰਤਰੀ ਅਨੀਤਾ ਆਨੰਦ ਅਤੇ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਵੀ ਦੌੜ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਹਨ। ਭਾਰਤੀ ਮੀਡੀਆ ਰਿਪੋਰਟਾਂ ਵਿਚ ਅਨੀਤਾ ਆਨੰਦ ਨੂੰ ਕੈਨੇਡਾ ਦੀ ਹੋਣ ਵਾਲੀ ਪ੍ਰਧਾਨ ਮੰਤਰੀ ਤੱਕ ਦੱਸ ਦਿਤਾ ਗਿਆ ਪਰ ਲੀਡਰਸ਼ਿਪ ਦੌੜ ਵਿਚ ਸ਼ਾਮਲ ਨਾ ਹੋਣ ਦੇ ਐਲਾਨ ਮਗਰੋਂ ਕੋਈ ਟਿੱਪਣੀ ਸਾਹਮਣੇ ਨਾ ਆਈ। ਹੁਣ ਮੁੱਖ ਮੁਕਾਬਲਾ ਕ੍ਰਿਸਟੀਆ ਫਰੀਲੈਂਡ, ਮਾਰਕ ਕਾਰਨੀ ਅਤੇ ਕਰੀਨਾ ਗੂਲਡ ਦਰਮਿਆਨ ਹੋਣ ਦੇ ਆਸਾਰ ਹਨ ਜਿਨ੍ਹਾਂ ਵੱਲੋਂ ਜਲਦ ਹੀ ਉਮੀਦਵਾਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਉਧਰ ਬੀ.ਸੀ. ਦੀ ਸਾਬਕਾ ਪ੍ਰੀਮੀਅਰ ਨੇ ਆਪਣੇ ਹਮਾਇਤੀਆਂ ਨੂੰ ਭੇਜੀ ਜਜ਼ਬਾਤੀ ਈਮੇਲ ਵਿਚ ਕਿਹਾ ਕਿ ਪ੍ਰਚਾਰ ਵਾਸਤੇ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਫਰੈਂਚ ਭਾਸ਼ਾ ਪੂਰੀ ਤਰ੍ਹਾਂ ਨਾ ਆਉਂਦੀ ਹੋਣ ਕਾਰਨ ਵੱਡੀ ਗਿਣਤੀ ਵਿਚ ਕੈਨੇਡੀਅਨਜ਼ ਨਾਲ ਰਾਬਤਾ ਕਾਇਮ ਕਰਨਾ ਔਖਾ ਹੋ ਜਾਵੇਗਾ। ਕ੍ਰਿਸਟੀ ਕਲਾਰਕ ਨੇ ਇਹ ਵੀ ਕਿਹਾ ਕਿ ਕੁਝ ਲੋਕ ਇਕ ਸਾਲ ਤੋਂ ਲੀਡਰਸ਼ਿਪ ਦੌੜ ਦੀ ਤਿਆਰੀ ਕਰ ਰਹੇ ਸਨ ਅਤੇ ਅਜਿਹੇ ਵਿਚ ਉਨ੍ਹਾਂ ਦਾ ਮੁਕਾਬਲਾ ਕਰਨ ਵਿਚ ਦਿੱਕਤਾਂ ਆ ਸਕਦੀਆਂ ਹਨ।
ਲਿਬਰਲ ਪਾਰਟੀ ਨੇ ਐਲਾਨੇ ਖਰਚੇ ਨਾਲ ਸਬੰਧਤ ਨਿਯਮ
ਚੇਤੇ ਰਹੇ ਕਿ ਕ੍ਰਿਸਟੀ ਕਲਾਰਕ ਵੱਲੋਂ ਲੀਡਰਸ਼ਿਪ ਦੌੜ ਵਿਚ ਸ਼ਮੂਲੀਅਤ ਦਾ ਐਲਾਨ ਕਰਦਿਆਂ ਹੀ ਕੰਜ਼ਰਵੇਟਿਵ ਪਾਰਟੀ ਨੇ ਰੌਲਾ ਪਾ ਦਿਤਾ ਕਿ ਉਨ੍ਹਾਂ ਨੂੰ ਕ੍ਰਿਸਟੀ ਕਲਾਰਕ ਦੀ ਟੋਰੀ ਮੈਂਬਰਸ਼ਿਪ ਦੇ ਦਸਤਾਵੇਜ਼ ਮੌਜੂਦ ਹਨ। ਇਸ ਦੇ ਉਲਟ ਕ੍ਰਿਸਟੀ ਕਲਾਰਕ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਕਦੇ ਵੀ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਹਾਸਲ ਨਹੀਂ ਕੀਤੀ। ਇਸੇ ਦੌਰਾਨ ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਉਹ ਆਪਣੀ ਤਾਕਤ ਕੈਨੇਡਾ ਅਤੇ ਕੈਨੇਡਾ ਵਾਸੀਆਂ ਦੀ ਹਿਫ਼ਾਜ਼ਤ ’ਤੇ ਖਰਚ ਕਰਨਾ ਚਾਹੁੰਦੇ ਹਨ। ਲੀਡਰਸ਼ਿਪ ਦੌੜ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਉਨ੍ਹਾਂ ਦੀ ਜ਼ਿੰਦਗੀ ਦੇ ਬੇਹੱਦ ਮੁਸ਼ਕਲ ਫੈਸਲਿਆਂ ਵਿਚੋਂ ਇਕ ਹੈ। ਸ਼ੈਂਪੇਨ ਵੱਲੋਂ ਡੌਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੀ ਯੋਜਨਾ ਦਾ ਜ਼ਿਕਰ ਵੀ ਕੀਤਾ ਗਿਆ। ਦੱਸ ਦੇਈਏ ਕਿ ਸ਼ੈਂਪੇਨ 2015 ਵਿਚ ਪਹਿਲੀ ਵਾਰ ਐਮ.ਪੀ. ਚੁਣੇ ਗਏ ਅਤੇ ਦੋ ਸਾਲ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿਤਾ ਗਿਆ। ਹੁਣ ਤੱਕ ਉਹ ਵਿਦੇਸ਼ ਮੰਤਰਾਲੇ ਸਣੇ ਕਈ ਮਹਿਕਮਿਆਂ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। ਉਧਰ ਲਿਬਰਲ ਪਾਰਟੀ ਵੱਲੋਂ ਐਲਾਨੇ ਖਰਚੇ ਨਾਲ ਸਬੰਧਤ ਨਿਯਮਾਂ ਮੁਤਾਬਕ ਹਰ ਉਮੀਦਵਾਰ 50 ਲੱਖ ਡਾਲਰ ਤੱਕ ਖਰਚ ਕਰ ਸਕਦਾ ਹੈ ਪਰ ਕਰਜ਼ਾ ਲੈਣ ਦੀ ਹੱਦ ਸਿਰਫ਼ 2 ਲੱਖ ਡਾਲਰ ਤੱਕ ਸੀਮਤ ਰੱਖੀ ਗਈ ਹੈ। ਇਸ ਤੋਂ ਇਲਾਵਾ ਐਂਟਰੀ ਫ਼ੀਸ ਦੇ ਸਾਢੇ ਤਿੰਨ ਲੱਖ ਡਾਲਰ ਵਿਚੋਂ 50 ਹਜ਼ਾਰ ਡਾਲਰ ਦੀ ਮੋੜਨਯੋਗ ਰਕਮ 23 ਜਨਵਰੀ ਤੱਕ ਜਮ੍ਹਾਂ ਕਰਵਾਉਣੀ ਹੈ ਜਦਕਿ 50 ਹਜ਼ਾਰ ਡਾਲਰ ਦੀ ਨਾਮੋੜਨਯੋਗ ਰਕਮ 30 ਜਨਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਦਿਤੀ ਗਈ ਹੈ। ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 7 ਫ਼ਰਵਰੀ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 17 ਫਰਵਰੀ ਤੱਕ ਜਮ੍ਹਾਂ ਕਰਵਾਉਣ ਵਾਸਤੇ ਆਖਿਆ ਗਿਆ ਹੈ। ਨਵੇਂ ਲੀਡਰ ਦੀ ਚੋਣ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਨਵੇਂ ਆਗੂ ਦਾ ਐਲਾਨ ਕਰ ਦਿਤਾ ਜਾਵੇਗਾ।