ਦਰਸ਼ਕਾਂ ਦੇ ਮਨ ’ਤੇ ਅਮਿੱਟ ਛਾਪ ਛੱਡ ਗਿਆ ਇਤਿਹਾਸਕ ਨਾਟਕ ‘ਜ਼ਫਰਨਾਮਾ’
ਸਰਕਾਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰੀ ਦੇ ਬੈੱਲ ਸੈਂਟਰ ਵਿਖੇ ਪੇਸ਼ ਇਤਿਹਾਸਕ ਨਾਟਕ ‘ਜ਼ਫਰਨਾਮਾ’ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ।;
ਵੈਨਕੂਵਰ (ਮਲਕੀਤ ਸਿੰਘ) : ਸਰਕਾਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰੀ ਦੇ ਬੈੱਲ ਸੈਂਟਰ ਵਿਖੇ ਪੇਸ਼ ਇਤਿਹਾਸਕ ਨਾਟਕ ‘ਜ਼ਫਰਨਾਮਾ’ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ। ਉਘੇ ਨਾਟਕਕਾਰ ਅਤੇ ਲੇਖਕ ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖੇ ਅਤੇ ਨਿਰਦੇਸ਼ਤ ਨਾਟਕ ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਪੱਤਰ ‘ਜ਼ਫਰਨਾਮਾ’ ਨਾਲ ਸਬੰਧਤ ਇਤਿਹਾਸ ’ਤੇ ਆਧਾਰਤ ਵੱਖ ਵੱਖ ਦ੍ਰਿਸ਼ਾਂ ਨੂੰ ਨਾਟਕ ਦੇ ਰੂਪ ਵਿਚ ਬੇਹੱਦ ਸੂਝ ਬੂਝ ਅਤੇ ਮਿਹਨਤ ਨਾਲ ਪੇਸ਼ ਕੀਤਾ ਗਿਆ। ‘ਜ਼ਫਰਨਾਮਾ’ ਦੀ ਪੇਸ਼ਕਾਰੀ ਦੇਖਣ ਵੱਡੀ ਗਿਣਤੀ ਵਿਚ ਦਰਸ਼ਕ ਪੁੱਜੇ ਹੋਏ ਸਨ ਅਤੇ ਨਾਟਕ ਵਿਚਲੇ ਕੁਝ ਜੋਸ਼ੀਲੇ ਦ੍ਰਿਸ਼ਾਂ ਤੋਂ ਪ੍ਰਭਾਵਤ ਦਰਸ਼ਕਾਂ ਨੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਹਾਲ ਗੂੰਜਣ ਲਾ ਦਿਤਾ।
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜਿਆ ਸਰੀ ਦਾ ਬੈੱਲ ਸੈਂਟਰ
ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਅਤੇ ਦੇਵ ਰਾਏ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਤੋਂ ਪਹਿਲਾਂ ‘ਜ਼ਫਰਨਾਮਾ’ ਦੀ ਸਫਲ ਪੇਸ਼ਕਾਰੀ ਅਮਰੀਕਾ ਦੇ ਫਰਿਜ਼ਨੋ, ਯੂਨੀਅਨ ਸਿਟੀ, ਸੈਨ ਹੋਜ਼ੇ, ਸੈਕਰਾਮੈਂਟੋ, ਲੋਡਾਈ, ਟਰਲਕ, ਸਟੌਕਟਨ ਅਤੇ ਵਾਈਫਿਲੀਆ ਵਰਗੇ ਸ਼ਹਿਰਾਂ ਵਿਚ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਸਰੀ ਅਤੇ ਐਬਸਫੋਰਡ ਸ਼ਹਿਰਾਂ ਵਿਚ ਪੇਸ਼ ਕੀਤੇ ਇਸ ਧਾਰਮਿਕ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ ਜ਼ਫਰਨਾਮਾ ਦੀ ਪੇਸ਼ਕਾਰੀ ਨੂੰ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ਪੰਜਾਬ ਦੇ ਕੁਝ ਚੋਣਵੇਂ ਸ਼ਹਿਰਾਂ ਵਿਚ ਇਸ ਦਾ ਮੰਚਨ ਕਰਨ ਦਾ ਫੈਸਲਾ ਕੀਤਾ ਗਿਆ ਹੈ। 5 ਦਸੰਬਰ ਤੋਂ 22 ਦਸੰਬਰ ਤੱਕ ‘ਜ਼ਫਰਨਾਮਾ’ ਨਾਟਕ ਸ੍ਰੀ ਆਨੰਦਪੁਰ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਹੁਸ਼ਿਆਰਪੁਰ, ਅਬੋਹਰ, ਸਰਹਿੰਦ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਖੇ ਪੇਸ਼ ਕੀਤਾ ਜਾਵੇਗਾ। ਸੁਰਿੰਦਰ ਸਿੰਘ ਧਨੋਆ ਵੱਲੋਂ ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਮਾਣ-ਮਤੇ ਇਤਿਹਾਸ ਅਤੇ ਪੰਜਾਬੀ ਵਿਰਸੇ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਨੂੰ ਇਸ ਪਾਸੇ ਜੋੜਨ ਲਈ ਪਰਵਾਰ ਪੱਧਰ ’ਤੇ ਹੰਭਲਾ ਮਾਰਿਆ ਜਾਵੇ।
ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਲਾਹਿਆ
ਇਥੇ ਦਸਣਾ ਬਣਦਾ ਹੈ ਕਿ ‘ਜ਼ਫਰਨਾਮਾ’ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਗੁਰੂ ਨਾਨਕ ਗੁਰੂ ਘਰ ਅਤੇ ਨਿਊ ਵੈਸਟਮਿੰਸਟਰ ਦੇ ਗੁਰਦਵਾਰਾ ਸਾਹਿਬ ਤੋਂ ਆਏ ਬੱਚਿਆਂ ਦੀਆਂ ਗੱਤਕਾ ਟੀਮਾਂ ਵੱਲੋਂ ਪੇਸ਼ ਜੰਗਜੂ ਦ੍ਰਿਸ਼ਾਂ ਨੂੰ ਵੇਖ ਹਾਲ ਵਿਚ ਮੌਜੂਦ ਦਰਸ਼ਕ ਬੇਹੱਦ ਪ੍ਰਭਾਵਤ ਹੋਏ। ਦੱਸ ਦੇਈਏ ਕਿ ‘ਜ਼ਫਰਨਾਮਾ’ ਇਕ ਅਜਿਹਾ ਦਸਤਾਵੇਜ਼ ਹੈ ਜਿਸ ਵਿਚ ਚਮਕੌਰ ਦੀ ਗੜ੍ਹੀ ਵਿਚ ਮੌਜੂਦ ਸਿੰਘਾਂ ਦੀ ਗਿਣਤੀ, ਉਨ੍ਹਾਂ ਦੀ ਸਰੀਰਕ ਹਾਲਤ ਅਤੇ ਦੁਸ਼ਮਣ ਫੌਜ ਦੀ ਗਿਣਤੀ ਬਾਰੇ ਵੀ ਲਿਖਿਆ ਗਿਆ ਹੈ। ਦਸਮ ਪਾਤਸ਼ਾਹ ਨੇ ਜ਼ਫਰਨਾਮੇ ਵਿਚ ਲਿਖਿਆ ਕਿ ਕਿਸ ਤਰ੍ਹਾਂ ਭੁੱਖ ਨਾਲ ਕਮਜ਼ੋਰ ਹੋਏ 40 ਸਿੱਖ ਲੜੇ ਅਤੇ ਉਹ ਵੀ ਉਸ ਵੇਲੇ ਜਦੋਂ 10 ਲੱਖ ਦੀ ਫੌਜ ਨੇ ਅਚਾਨਕ ਹਮਲਾ ਕਰ ਦਿਤਾ। ਜ਼ਫਰਨਾਮਾ ਵਿਚ ਲਿਖੇ ਗੁਰੂ ਸਾਹਿਬ ਦੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਧੁਰ ਅੰਦਰ ਤੱਕ ਕੰਬ ਗਿਆ ਜੋ ਗੁਰੂ ਸਾਹਿਬ ਨੇ ਪਿੰਡ ਕਾਂਗੜ ਦੀ ਧਰਤੀ ’ਤੇ 1705 ਵਿਚ ਲਿਖਿਆ।