ਹੁਣ ਕੈਨੇਡਾ ’ਚ ਕਸੂਤਾ ਫਸਿਆ ਪੰਜਾਬੀ ਡਰਾਈਵਰ
ਅਮਰੀਕਾ ਵਿਚ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਵਿਚ ਵੀ ਇਕ ਪੰਜਾਬੀ ਟਰੱਕ ਡਰਾਈਵਰ ਕਸੂਤਾ ਫਸ ਗਿਆ ਜਿਸ ਕੋਲੋਂ 150 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ
ਸਾਰਨੀਆ : ਅਮਰੀਕਾ ਵਿਚ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਵਿਚ ਵੀ ਇਕ ਪੰਜਾਬੀ ਟਰੱਕ ਡਰਾਈਵਰ ਕਸੂਤਾ ਫਸ ਗਿਆ ਜਿਸ ਕੋਲੋਂ 19 ਮਿਲੀਅਨ ਡਾਲਰ ਮੁੱਲ ਦੀ 150 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ’ਤੇ ਕੀਤੀ ਗਈ ਬਰਾਮਦਗੀ ਮਗਰੋਂ ਬਰੈਂਪਟਨ ਦੇ 28 ਸਾਲਾ ਗੁਰਜੀਤ ਸਿੰਘ ਨੂੰ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ। ਸੀ.ਬੀ.ਐਸ.ਏ. ਦੇ ਅਫ਼ਸਰਾਂ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਹੇ ਇਕ ਟਰੱਕ ਨੂੰ ਮੁਢਲੀ ਪੜਤਾਲ ਵਾਸਤੇ ਰੋਕਿਆ ਗਿਆ ਅਤੇ ਸ਼ੱਕ ਹੋਣ ’ਤੇ ਡੂੰਘਾਈ ਨਾਲ ਤਲਾਸ਼ੀ ਆਰੰਭੀ ਗਈ। ਟਰੱਕ ਵਿਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਦ ਹੋਏ।
ਅਮਰੀਕਾ ਦੇ ਬਾਰਡਰ ’ਤੇ ਕੋਕੀਨ ਸਣੇ ਗ੍ਰਿਫ਼ਤਾਰ
ਗੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਬਲੂ ਵਾਟਰ ਬ੍ਰਿਜ ’ਤੇ ਹੀ ਇਟੋਬੀਕੋ ਦਾ ਅਬਦੀਕਾਦਿਰ ਈਗਲ 199 ਕਿਲੋ ਸ਼ੱਕੀ ਕੋਕੀਨ ਸਣੇ ਬਾਰਡਰ ਅਫ਼ਸਰਾਂ ਦੇ ਅੜਿੱਕੇ ਆ ਗਿਆ। ਕੌਮਾਂਤਰੀ ਬਾਜ਼ਾਰ ਵਿਚ ਕੋਕੀਨ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਬਣਦੀ ਹੈ ਅਤੇ ਬਾਰਡਰ ਅਫ਼ਸਰਾਂ ਨੇ ਸਿਰਫ਼ ਦੋ ਦਿਨ ਵਿਚ 44 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਕੀਤੀ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਇਕ ਬਿਆਨ ਜਾਰੀ ਕਰਦਿਆਂ ਬਾਰਡਰ ਅਫ਼ਸਰਾਂ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਦਰਮਿਆਨ ਤਾਲਮੇਲ ਸਦਕਾ ਹੀ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕੀਤੀ ਜਾ ਸਕੀ। ਬਲੂ ਵਾਟਰ ਬ੍ਰਿਜ ਦੀ ਫੇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਲਾਅ ਐਨਫੋਰਸਮੈਂਟ ਏਜੰਸੀਆਂ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀਆਂ ਹਨ ਅਤੇ ਪਾਬੰਦੀਸ਼ੁਦਾ ਚੀਜ਼ਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਦੱਖਣੀ ਉਨਟਾਰੀਓ ਵਿਚ ਸੀ.ਬੀ.ਐਸ.ਏ. ਦੇ ਰੀਜਨਲ ਡਾਇਰੈਕਟਰ ਮਾਈਕਲ ਪ੍ਰੋਜ਼ੀਆ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਅਮਰੀਕਾ ਵੱਲੋਂ ਆ ਰਹੀ ਡੇਢ ਟਨ ਤੋਂ ਵੱਧ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ।
ਬਰੈਂਪਟਨ ਨਾਲ ਸਬੰਧਤ ਹੈ 28 ਸਾਲ ਦਾ ਗੁਰਜੀਤ ਸਿੰਘ
ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਫ਼ਸਰ ਮੁਲਕ ਦੀਆਂ ਸਰਹੱਦਾਂ ਦੀ ਹਿਫ਼ਾਜ਼ਤ ਕਰਦਿਆਂ ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ। ਇਥੇ ਦਸਣਾ ਬਦਦਾ ਹੈ ਕਿ ਬਲੂ ਵਾਟਰ ਬ੍ਰਿਜ ’ਤੇ ਦੋ ਮਹੀਨੇ ਪਹਿਲਾਂ ਬਰੈਂਪਟਨ ਦੇ 27 ਸਾਲ ਟਰੱਕ ਡਰਾਈਵਰ ਨੂੰ 23 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ। 2019 ਤੋਂ ਹੁਣ ਤੱਕ ਬਲੂ ਵਾਟਰ ਬ੍ਰਿਜ ’ਤੇ 24 ਟਰੱਕ ਡਰਾਈਵਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ ਕਈਆਂ ਦੇ ਮੁਕੱਦਮੇ ਹੁਣ ਵੀ ਸਾਰਨੀਆ ਦੀਆਂ ਅਦਾਲਤਾਂ ਵਿਚ ਚੱਲ ਰਹੇ ਹਨ ਜਦਕਿ ਕੁਝ ਡਰਾਈਵਰਾਂ ਨੂੰ 10 ਸਾਲ ਤੋਂ 17 ਸਾਲ ਤੱਕ ਜੇਲ ਹੋ ਚੁੱਕੀ ਹੈ। ਟੋਰਾਂਟੋ ਦੇ ਨਿਕ ਸ਼ਾਹ ਨੂੰ ਨੂੰ 10 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਣ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਜਸਟਿਸ ਮਾਰਕ ਪੋਲੈਂਡ ਨੇ ਨਿਕ ਸ਼ਾਹ ਨੂੰ ਸਜ਼ਾ ਸੁਣਾਉਂਦਿਆਂ ਹਰਵਿੰਦਰ ਸਿੰਘ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਜਿਸ ਨੂੰ ਕੋਕੀਨ ਤਸਕਰੀ ਦੇ ਮਾਮਲੇ ਵਿਚ 11 ਸਾਲ ਵਾਸਤੇ ਜੇਲ ਭੇਜਿਆ ਗਿਆ।