Canada : 3 ਪੰਜਾਬੀ 18 ਕਿਲੋ fentanyl ਸਣੇ ਕਾਬੂ
ਕੈਨੇਡਾ ਵਿਚ 23 ਲੱਖ ਡਾਲਰ ਦਾ ਚਿੱਟਾ ਜ਼ਬਤ ਕਰਦਿਆਂ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਚੌਥੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ
ਬਰੈਂਪਟਨ : ਕੈਨੇਡਾ ਵਿਚ 23 ਲੱਖ ਡਾਲਰ ਦਾ ਚਿੱਟਾ ਜ਼ਬਤ ਕਰਦਿਆਂ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਚੌਥੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਪ੍ਰੌਜੈਕਟ ਔਲੀ ਅਧੀਨ ਗਰੇਟਰ ਟੋਰਾਂਟੋ ਏਰੀਆ ਤੋਂ ਕੈਲਗਰੀ ਦਰਮਿਆਨ ਹੋ ਰਹੀ ਫੈਂਟਾਨਿਲ ਤਸਕਰੀ ਬਾਰੇ ਪਿਛਲੇ ਸਾਲ ਮਈ ਵਿਚ ਪੜਤਾਲ ਆਰੰਭੀ ਗਈ। ਨਸ਼ਾ ਤਸਕਰਾਂ ਦੀ ਜੜ ਤੱਕ ਪੁੱਜਣ ਵਿਚ ਭਾਵੇਂ ਕਈ ਮਹੀਨੇ ਲੱਗੇ ਪਰ ਹਾਲ ਹੀ ਵਿਚ ਬਰੈਂਪਟਨ ਦੇ ਅਲਬ੍ਰਾਈਟ ਰੋਡ ਇਲਾਕੇ ਵਿਚ ਛਾਪਾ ਮਾਰਦਿਆਂ 18 ਕਿਲੋ ਫ਼ੈਂਟਾਨਿਲ ਅਤੇ ਤਿੰਨ ਸੈੱਲਫ਼ੋਨ ਬਰਾਮਦ ਕੀਤੇ ਗਏ ਅਤੇ 20 ਸਾਲ ਦੇ ਨਵਜੋਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ। ਇਸੇ ਦੌਰਾਨ ਕੈਲਗਰੀ ਦਾ 23 ਸਾਲਾ ਅਤਰਵੀਰ ਸਿੰਘ ਕੈਨੇਡਾ ਪੱਧਰੀ ਵਾਰੰਟਾਂ ’ਤੇ ਵਿੰਨੀਪੈਗ ਵਿਖੇ ਕਾਬੂ ਆ ਗਿਆ ਜਿਸ ਨੂੰ ਬਰੈਂਪਟਨ ਦੀ ਅਦਾਲਤ ਵਿਚ ਪੇਸ਼ੀ ਤੱਕ ਰਿਮਾਂਡ ਵਿਚ ਰੱਖਿਆ ਗਿਆ।
2.3 ਮਿਲੀਅਨ ਡਾਲਰ ਬਣਦੀ ਹੈ ਨਸ਼ੇ ਦੀ ਕੀਮਤ
ਦੂਜੇ ਪਾਸੇ ਕੈਲਗਰੀ ਤੋਂ 21 ਸਾਲ ਦੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ ਜਿਸ ਦੀ ਅਦਾਲਤ ਵਿਚ ਪੇਸ਼ੀ ਸ਼ੁੱਕਰਵਾਰ ਨੂੰ ਹੋਵੇਗੀ। ਚੌਥਾ ਸ਼ੱਕੀ ਮਨਪ੍ਰੀਤ ਸਿੰਘ ਫ਼ਰਾਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਰੁੱਧ ਫੈਂਟਾਨਿਲ ਦੀ ਤਸਕਰੀ ਨਾਲ ਸਬੰਧਤ ਸਾਜ਼ਿਸ਼ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਫ਼ੈਂਟਾਨਿਲ ਤਸਕਰੀ ਦੇ ਇਸ ਵੱਡੇ ਨੈਟਵਰਕ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1888 310 1122 ’ਤੇ ਕਾਲ ਕੀਤੀ ਜਾਵੇ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਇਸ ਕਾਰਵਾਈ ਦਰਮਿਆਨ ਕੈਲੋਨਾ ਆਰ.ਸੀ.ਐਮ.ਪੀ. ਵੱਲੋਂ ਸਾਢੇ ਛੇ ਮਹੀਨੇ ਦੇ ਸਮੇਂ ਦੌਰਾਨ 121 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਕੈਲੋਨਾ ਆਰ.ਸੀ.ਐਮ.ਪੀ. ਵੱਲੋਂ 121 ਗ੍ਰਿਫ਼ਤਾਰੀਆਂ
ਪੁਲਿਸ ਨੇ ਦੱਸਿਆ ਕਿ 10 ਗ੍ਰਿਫ਼ਤਾਰੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਜਦਕਿ 4 ਅਸਲ ਪਸਤੌਲਾਂ ਅਤੇ 9 ਨਕਲੀ ਪਸਤੌਲਾਂ ਬਰਾਮਦ ਕੀਤੀ ਗਈਆਂ। ਇਸ ਤੋਂ ਇਲਾਵਾ 694 ਗ੍ਰਾਮ ਮੈਥਮਫੈਟਾਮਿਨ, 237 ਗ੍ਰਾਮ ਫੈਂਟਾਨਿਲ, 311 ਗ੍ਰਾਮ ਕੋਕੀਨੀ, 595 ਨਸ਼ੇ ਵਾਲੀਆਂ ਗੋਲੀਆਂ, 450 ਨਿਕੋਟੀਨ ਪਾਊਚ ਅਤੇ ਇਕ ਚੋਰੀਸ਼ੁਦਾ ਗੱਡੀ ਸਣੇ 55,528 ਡਾਲਰ ਕੈਨੇਡੀਅਨ ਕਰੰਸੀ ਬਰਾਮਦ ਕੀਤੀ ਗਈ।