Brampton ਦੇ ਰਿਟੇਲ stores ਨੂੰ ਲੱਗੇਗਾ ਜੁਰਮਾਨਾ
ਬਰੈਂਪਟਨ ਵਿਖੇ ਇਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਰਿਟੇਲ ਸਟੋਰ ਦੇ ਬਾਹਰ ਜਨਤਕ ਥਾਵਾਂ ’ਤੇ ਲਾਵਾਰਿਸ ਪਏ ਹਰ ਸ਼ੌਪਿੰਗ ਕਾਰਟ ’ਤੇ 100 ਡਾਲਰ ਜੁਰਮਾਨਾ ਵਸੂਲ ਕੀਤਾ ਜਾਵੇਗਾ
ਬਰੈਂਪਟਨ : ਬਰੈਂਪਟਨ ਵਿਖੇ ਵਿਵਾਦਤ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਤੋਂ ਬਾਅਦ ਇਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਰਿਟੇਲ ਸਟੋਰ ਦੇ ਬਾਹਰ ਜਨਤਕ ਥਾਵਾਂ ’ਤੇ ਲਾਵਾਰਿਸ ਪਏ ਹਰ ਸ਼ੌਪਿੰਗ ਕਾਰਟ ’ਤੇ 100 ਡਾਲਰ ਜੁਰਮਾਨਾ ਵਸੂਲ ਕੀਤਾ ਜਾਵੇਗਾ। ਜੀ ਹਾਂ, ਬਰੈਂਪਟਨ ਸਿਟੀ ਕੌਂਸਲ ਨੇ ਬਜਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਜੁਰਮਾਨੇ ਦੀ ਨਵੀਂ ਕਿਸਮ ਨੂੰ ਪ੍ਰਵਾਨਗੀ ਦੇ ਦਿਤੀ। ਕੌਂਸਲਰ ਰੌਇਨਾ ਸੈਂਟੌਸ ਨੇ ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਆਉਣ ਮਗਰੋਂ ਨਵਾਂ ਨਿਯਮ ਲਿਆਂਦਾ ਗਿਆ ਹੈ। ਇਕੱਲੇ ਬਰੈਂਪਟਨ ਸ਼ਹਿਰ ਵਿਚ ਹਰ ਸਾਲ 400 ਤੋਂ 500 ਸ਼ੌਪਿੰਗ ਕਾਰਟ ਲਾਵਾਰਿਸ ਪਏ ਮਿਲਦੇ ਹਨ ਜਿਨ੍ਹਾਂ ਕਰ ਕੇ ਕਿਸੇ ਵੀ ਸ਼ਖਸ ਨੂੰ ਸੱਟ ਫੇਟ ਲੱਗ ਸਕਦੀ ਹੈ।
ਹਰ ਲਾਵਾਰਿਸ ਸ਼ੌਪਿੰਗ ਕਾਰਟ ’ਤੇ 100 ਡਾਲਰ ਦੇਣੇ ਹੋਣਗੇ
ਵਾਰਡ 1 ਅਤੇ 5 ਤੋਂ ਕੌਂਸਲਰ ਦਾ ਕਹਿਣਾ ਸੀ ਕਿ ਜ਼ਿਆਦਾਤਰ ਸ਼ਿਕਾਇਤਾਂ ਈਟੋਬੀਕੋ ਕ੍ਰੀਕ ਟ੍ਰੇਲ ਨੇੜੇ ਰਹਿੰਦੇ ਲੋਕਾਂ ਨੇ ਦਰਜ ਕਰਵਾਈਆਂ ਜਾਂ ਮਿਸੀਸਾਗਾ ਰੋਡ ਅਤੇ ਵਿਲੀਅਮਜ਼ ਪਾਰਕ ਤੋਂ ਇਨਾਵਾ ਮੇਨ ਸਟ੍ਰੀਟ ਅਤੇ ਬੋਵੇਅਰਡ ਡਰਾਈਵ ਇਲਾਕਿਆਂ ਦੇ ਵਾਲਮਾਰਟ ਪਲਾਜ਼ਿਆਂ ਨੇੜੇ ਲੋਕ ਬੇਹੱਦ ਦੁਖੀ ਹੋ ਚੁੱਕੇ ਹਨ। ਭਾਵੇਂ ਵਾਲਮਾਰਟ ਵੱਲੋਂ ਲੌਕਿੰਗ ਤਕਨੀਕ ਅਪਣਾਈ ਗਈ ਹੈ ਪਰ ਕੁਝ ਕਾਰਨਾਂ ਕਰ ਕੇ ਇਸ ਨੂੰ ਗੰਭੀਰਤਾ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਰੌਇਨਾ ਸੈਂਟੌਸ ਨੇ ਅੱਗੇ ਕਿਹਾ ਕਿ ਸ਼ੌਪਿੰਗ ਕਾਰਟ ਜਾਂ ਟ੍ਰੌਲੀਜ਼ ਨੂੰ ਮੁੜ ਥਾਂ ਟਿਕਾਣੇ ਲਾਉਣ ਦਾ ਕੰਮ ਠੇਕੇਦਾਰਾਂ ਵੱਲੋਂ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਸ਼ਿਕਾਇਤਾਂ ਦਾ ਢੇਰ ਵੱਡਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਟੌ੍ਰਲੀਜ਼ ਸਮੇਂ ਸਿਰ ਇਕੱਠੀਆਂ ਨਹੀਂ ਕੀਤੀਆਂ ਜਾਂਦੀਆਂ।
ਸਿਟੀ ਕੌਂਸਲ ਵੱਲੋਂ ਨਵੇਂ ਨਿਯਮ ਨੂੰ ਪ੍ਰਵਾਨਗੀ
ਫ਼ਿਲਹਾਲ ਵਾਲਮਾਰਟ ਵੱਲੋਂ 100 ਡਾਲਰ ਪ੍ਰਤੀ ਟ੍ਰੌਲੀ ਦੇ ਜੁਰਮਾਨੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਬਰੈਂਪਟਨ ਸਿਟੀ ਕੌਂਸਲ ਵੱਲੋਂ ਨਵਾਂ ਨਿਯਮ ਜਲਦ ਤੋਂ ਜਲਦ ਲਾਗੂ ਕਰਨ ਹਿਤ ਮਾਰਚ ਦੇ ਅੰਤ ਵਿਚ ਮੁੜ ਮੀਟਿੰਗ ਸੱਦੀ ਗਈ ਹੈ।