Canada ਦੇ ਪਿਆਕੜਾਂ ਦਾ ਸ਼ਰਾਬ ਤੋਂ ਮੋਹ ਭੰਗ

ਕੈਨੇਡਾ ਦੇ ਪਿਆਕੜਾਂ ਦਾ ਸ਼ਰਾਬ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਵਿਕਰੀ ਪਿਛਲੇ 20 ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਚੁੱਕੀ ਹੈ

Update: 2026-03-06 13:27 GMT

ਟੋਰਾਂਟੋ : ਕੈਨੇਡਾ ਦੇ ਪਿਆਕੜਾਂ ਦਾ ਸ਼ਰਾਬ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਵਿਕਰੀ ਪਿਛਲੇ 20 ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਚੁੱਕੀ ਹੈ। ਜੀ ਹਾਂ, ਤਾਜ਼ਾ ਅੰਕੜਿਆਂ ਮੁਤਾਬਕ ਲਗਾਤਾਰ ਚੌਥੇ ਵਰ੍ਹੇ ਦੌਰਾਨ ਸ਼ਰਾਬ ਦੀ ਵਿਕਰੀ ਵਿਚ ਤਿੰਨ ਫ਼ੀ ਸਦੀ ਤੋਂ ਵੱਧ ਕਮੀ ਆਈ ਅਤੇ 1 ਅਪ੍ਰੈਲ 2024 ਤੋਂ 31 ਮਾਰਚ 2025 ਤੱਕ 2,898 ਮਿਲੀਅਨ ਲਿਟਰ ਸ਼ਰਾਬ ਵਿਕੀ। ਰਕਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 31 ਮਾਰਚ 2025 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਤੱਕ 25.8 ਅਰਬ ਡਾਲਰ ਮੁੱਲ ਦੀ ਸ਼ਰਾਬ ਅਤੇ ਬੀਅਰ ਵੇਚੀ ਗਈ ਅਤੇ ਇਹ ਰਕਮ 2023-24 ਦੇ ਮੁਕਾਬਲੇ 1.6 ਫ਼ੀ ਸਦੀ ਘੱਟ ਬਣਦੀ ਹੈ। ਬੀਅਰ ਦਾ ਜ਼ਿਕਰ ਕੀਤਾ ਜਾਵੇ ਤਾਂ 2024-25 ਦੌਰਾਨ 3.8 ਫ਼ੀ ਸਦੀ ਕਮੀ ਦਰਜ ਕੀਤੀ ਗਈ। ਦੂਜੇ ਪਾਸੇ ਜ਼ਿਆਦਾਤਰ ਕੈਨੇਡੀਅਨ ਰਾਜਾਂ ਨੇ ਅਮੈਰਿਕਨ ਸ਼ਰਾਬ ਵੇਚਣੀ ਬੰਦ ਕਰ ਦਿਤੀ ਹੈ ਜਿਸ ਦੇ ਸਿੱਟੇ ਵਜੋਂ ਪਹਿਲੀ ਵਾਰ ਮੁਲਕ ਵਿਚ ਇੰਪੋਰਟਡ ਵਾਈਨ ਦੀ ਵਿਕਰੀ 3.9 ਫ਼ੀ ਸਦੀ ਘਟੀ। ਕੈਨੇਡਾ ਵਿਚ ਵਿਕਣ ਵਾਲੀ ਕੁਲ ਵਾਈਨ ਦਾ 70 ਫ਼ੀ ਸਦੀ ਵਿਦੇਸ਼ਾਂ ਤੋਂ ਆਉਂਦਾ ਹੈ।

ਸ਼ਰਾਬ ਦੀ ਵਿਕਰੀ 20 ਸਾਲ ਦੇ ਹੇਠਲੇ ਪੱਧਰ ’ਤੇ ਆਈ

ਘਰੇਲੂ ਪੱਧਰ ’ਤੇ ਤਿਆਰ ਵਾਈਨ ਦੀ ਵਿਕਰੀ ’ਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ 1.9 ਫ਼ੀ ਸਦੀ ਵਾਧੇ ਨਾਲ 230 ਕਰੋੜ ਡਾਲਰ ਦੀ ਵਾਈਨ ਕੈਨੇਡੀਅਨ ਠੇਕਿਆਂ ’ਤੇ ਵਿਕੀ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਨਟਾਰੀਓ ਵਿਚ ਵਾਈਨ ਦੀ ਵਿਕਰੀ 5.3 ਫੀ ਸਦੀ ਹੇਠਾਂ ਗਈ ਜਦਕਿ ਕਿਊਬੈਕ ਵਿਚ ਅੰਕੜਾ 4.3 ਫ਼ੀ ਸਦੀ ਦਰਜ ਕੀਤਾ ਗਿਆ। ਵਿ੍ਹਸਕੀ ਅਤੇ ਵੌਡਕਾ ਦੀ ਗੱਲ ਕੀਤੀ ਜਾਵੇ ਤਾਂ 2024-25 ਦੌਰਾਨ ਇਨ੍ਹਾਂ ਦੀ ਵਿਕਰੀ ਵਿਚ 3.2 ਫ਼ੀ ਸਦੀ ਕਮੀ ਆਈ। ਕੁਲ ਮਿਲਾ ਕੇ ਪਿਛਲੇ ਵਿੱਤੀ ਵਰ੍ਹੇ ਦੌਰਾਨ 177 ਮਿਲੀਅਨ ਲਿਟਰ ਵਿ੍ਹਸਕੀ ਅਤੇ ਵੌਡਕਾ ਵੇਚੀ ਗਈ। ਰਾਜਾਂ ਦੇ ਹਿਸਾਬ ਨਾਲ ਸਪਿਰਿਟਸ ਦੀ ਸਭ ਤੋਂ ਵੱਧ ਵਿਕਰੀ ਨੌਰਥ ਵੈਸਟ ਟੈਰੇਟ੍ਰੀਜ਼ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਵਿਚ ਹੋਈ ਜਦਕਿ ਸਾਈਡਰਜ਼ ਅਤੇ ਕੂਲਰਜ਼ ਐਲਕੌਹਲਿਕ ਉਤਪਾਦਾਂ ਦੀ ਵਿਕਰੀ ਦੌਰਾਨ ਵਾਧਾ ਦਰਜ ਵਾਲੀਆਂ ਸ਼੍ਰੇਣੀਆਂ ਸਾਬਤ ਹੋਈਆਂ।

ਭੰਗ ਤੋਂ ਤਿਆਰ ਉਤਪਾਦਾਂ ਦੀ ਵਿਕਰੀ ਵਿਚ 11.5 ਫ਼ੀ ਸਦੀ ਵਾਧਾ

ਇਥੇ ਦਸਣਾ ਬਣਦਾ ਹੈ ਕਿ 20 ਲੱਖ ਡਾਲਰ ਮੁੱਲ ਦੀ ਬੀਅਰ ਅਤੇ ਵਾਈਨ ਦੀ ਮਿਆਦ ਅਗਲੇ ਕੁਝ ਮਹੀਨੇ ਦੌਰਾਨ ਖ਼ਤਮ ਹੋ ਜਾਵੇਗੀ। ਕੈਨੇਡਾ ਵਿਚ ਇਕ ਪਾਸੇ ਸ਼ਰਾਬ ਦੀ ਵਿਕਰੀ ਘਟ ਰਹੀ ਹੈ ਤਾਂ ਦੂਜੇ ਪਾਸੇ ਭੰਗ ਅਤੇ ਇਸ ਤੋਂ ਤਿਆਰ ਉਤਪਾਦਾਂ ਦੀ ਵਿਕਰੀ ਵਧਦੀ ਜਾ ਰਹੀ ਹੈ। 31 ਮਾਰਚ 2025 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਲ ਢਾਈ ਅਰਬ ਡਾਲਰ ਮੁੱਲ ਦਾ ਰੀਕ੍ਰੀਏਸ਼ਨਲ ਕੈਨਾਬਿਸ ਵਿਕਿਆ ਅਤੇ ਵਿਕਰੀ ਵਿਚ 11.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਯੂਕੌਨ ਵਿਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਖ਼ਪਤ 384 ਡਾਲਰ ਦਰਜ ਕੀਤੀ ਗਈ ਜਦਕਿ ਸਭ ਤੋਂ ਘੱਟ ਕਿਊਬੈਕ ਵਿਚ 105 ਡਾਲਰ ਪ੍ਰਤੀ ਵਿਅਕਤੀ ਰਹੀ।

Tags:    

Similar News