ਜਸਟਿਨ ਟਰੂਡੋ ਨੂੰ ਸਟੀਲ ਕਾਰਖਾਨੇ ਦੇ ਕਿਰਤੀ ਨੇ ਕੀਤਾ ਬੇਇੱਜ਼ਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਸਟੀਲ ਕਾਰਖਾਨੇ ਦੇ ਮੁਲਾਜ਼ਮ ਨੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਸਾਫ਼ ਨਾਂਹ ਕਰ ਦਿਤੀ ਅਤੇ ਉਚੀਆਂ ਟੈਕਸ ਦਰਾਂ ਦੇ ਮਸਲੇ ’ਤੇ ਦੋਹਾਂ ਵਿਚਾਲੇ ਬਹਿਸ ਵੀ ਹੋਈ।

Update: 2024-09-02 12:55 GMT

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਸਟੀਲ ਕਾਰਖਾਨੇ ਦੇ ਮੁਲਾਜ਼ਮ ਨੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਸਾਫ਼ ਨਾਂਹ ਕਰ ਦਿਤੀ ਅਤੇ ਉਚੀਆਂ ਟੈਕਸ ਦਰਾਂ ਦੇ ਮਸਲੇ ’ਤੇ ਦੋਹਾਂ ਵਿਚਾਲੇ ਬਹਿਸ ਵੀ ਹੋਈ। ਸਟੀਲ ਵਰਕਰ ਨੇ ਟਰੂਡੋ ਦੇ ਮੂੰਹ ’ਤੇ ਆਖ ਦਿਤਾ ਕਿ ਤੁਹਾਡੀ ਨੀਤੀਆਂ ਕਾਰ ਸਾਡਾ ਪਰਵਾਰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਵਾਸਤੇ ਸੰਘਰਸ਼ ਕਰ ਰਿਹਾ ਹੈ। ਉਨਟਾਰੀਓ ਦੇ ਸੂ ਸੇਂਟ ਮਰੀ ਸ਼ਹਿਰ ਵਿਚ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਵਿਚ ਟਰੂਡੋ ਸਟੀਲ ਕਾਰਖਾਨੇ ਦੇ ਕਾਮਿਆਂ ਕੋਲ ਜਾ ਕੇ ਡੋਅਨਟਸ ਦੀ ਪੇਸ਼ਕਸ਼ ਕਰਦੇ ਹਨ ਪਰ ਇਕ ਅਣਪਛਾਤਾ ਕਿਰਤੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਉਚੀਆਂ ਟੈਕਸ ਦਰਾਂ ਅਤੇ ਮੈਡੀਕਲ ਬਿਲਾਂ ਦੀ ਸ਼ਿਕਾਇਤ ਕਰਨ ਲਗਦਾ ਹੈ।

ਹੱਥ ਮਿਲਾਉਣ ਤੋਂ ਕੀਤਾ ਇਨਕਾਰ

ਐਲਗੋਮਾ ਸਟੀਲ ਦੇ ਮੁਲਾਜ਼ਮ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿਚ ਜਸਟਿਨ ਟਰੂਡੋ ਕਹਿੰਦੇ ਹਨ ਕਿ ਤੁਹਾਡਾ ਰੁਜ਼ਗਾਰ ਕਾਇਮ ਰੱਖਣ ਲਈ ਅਸੀਂ ਵਿਦੇਸ਼ੀ ਇਸਪਾਤ ’ਤੇ ਟੈਕਸ ਦਰਾਂ ਵਿਚ ਵਾਧਾ ਕੀਤਾ ਪਰ ਇਸੇ ਦੌਰਾਨ ਮੁਲਾਜ਼ਮ ਕਹਿੰਦਾ ਹੈ ਕਿ ਉਨ੍ਹਾਂ 40 ਫੀ ਸਦੀ ਟੈਕਸਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਮੈਂ ਅਦਾ ਕਰ ਰਿਹਾ ਹਾਂ? ਅਤੇ ਮੇਰੇ ਕੋਲ ਡਾਕਟਰ ਦੀ ਸਹੂਲਤ ਵੀ ਨਹੀਂ। ਇਸ ਮਗਰੋਂ ਟਰੂਡੋ ਜਵਾਬ ਦਿੰਦੇ ਹਨ ਕਿ ਕੈਨੇਡਾ ਸਰਕਾਰ ਵੱਲੋਂ ਕਰੋੜਾਂ ਡਾਲਰ ਦਾ ਨਿਵੇਸ਼ ਤੁਹਾਡੀ ਨੌਕਰੀ ਕਈ ਸਾਲ ਤੱਕ ਕਾਇਮ ਰੱਖਣ ਵਿਚ ਮਦਦ ਕਰੇਗਾ। ਟਰੂਡੋ ਦੀ ਗੱਲ ਖਤਮ ਨਹੀਂ ਹੁੰਦੀ ਕਿ ਮੁਲਾਜ਼ਮ ਕਹਿੰਦਾ ਹੈ ਕਿ ਉਸ ਨੂੰ ਉਮੀਦ ਹੈ ਕਿ ਟਰੂਡੋ ਸੱਤਾ ਤੋਂ ਲਾਂਭੇ ਹੋ ਜਾਣਗੇ। ਪ੍ਰਧਾਨ ਮੰਤਰੀ ਮੁੜ ਜਵਾਬ ਦਿੰਦੇ ਹਨ ਕਿ ਚੋਣਾਂ ਇਸੇ ਵਾਸਤੇ ਹੁੰਦੀਆਂ ਹਨ।

ਉਚੀਆਂ ਟੈਕਸ ਦਰਾਂ ਦੇ ਮੁੱਦੇ ’ਤੇ ਕੀਤੀ ਪ੍ਰਧਾਨ ਮੰਤਰੀ ਨਾਲ ਬਹਿਸ

ਲਿਬਰਲ ਸਰਕਾਰ ਚਾਹੁੰਦੀ ਹੈ ਕਿ ਹਰ ਵੋਟਰ ਆਪਣੇ ਹੱਕ ਦੀ ਵਰਤੋਂ ਕਰੇ ਅਤੇ ਅਸੀਂ ਤੁਹਾਡੇ ਵਾਸਤੇ ਅਤੇ ਤੁਹਾਡੀ ਨੌਕਰੀ ਵਾਸਤੇ ਨਿਵੇਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਮਗਰੋਂ ਸਟੀਲ ਵਰਕਰ ਕਹਿੰਦਾ ਹੈ, ‘‘ਮੈਂ ਤੁਹਾਡੇ ਉਤੇ ਇਕ ਪਲ ਵਾਸਤੇ ਵੀ ਯਕੀਨ ਨਹੀਂ ਕਰ ਸਕਦਾ।’’ ਟਰੂਡੋ ਜਦੋਂ ਆਪਣੀ ਸਰਕਾਰ ਵੱਲੋਂ ਆਰੰਭੀ ਡੈਂਟਲ ਕੇਅਰ ਯੋਜਨਾ ਦਾ ਜ਼ਿਕਰ ਕਰਨ ਲਗਦੇ ਹਨ ਤਾਂ ਸਟੀਲ ਵਰਕਰ ਕਹਿੰਦਾ ਹੈ ਕਿ ਉਸ ਦੇ ਪਰਵਾਰ ਨਾਲੋਂ ਬਿਹਤਰ ਅਤੇ ਕਿਫਾਇਤੀ ਹੈਲਥ ਕੇਅਰ ਸਹੂਲਤ ਬੇਰੁਜ਼ਗਾਰ ਕੈਨੇਡੀਅਨਜ਼ ਨੂੰ ਮਿਲ ਰਹੀ ਹੈ। ਇਸੇ ਦੌਰਾਨ ਟਰੂਡੋ, ਸਟੀਲ ਵਰਕਰ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਉਥੋਂ ਰਵਾਨਾ ਹੋ ਜਾਂਦੇ ਹਨ। ਇਥੇ ਦਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ 17 ਜੁਲਾਈ ਨੂੰ ਇਕ ਫੇਸਬੁਕ ਪੋਸਟ ਵਿਚ ਲਿਖਿਆ ਸੀ ਕਿ ਜਦੋਂ ਤੱਕ ਕੈਨੇਡਾ ਵਾਸੀਆਂ ਦੀ ਜੇਬ ’ਤੇ ਬੋਝ ਨਹੀਂ ਘਟਦਾ ਅਤੇ ਮੌਰਗੇਜ ਦਰਾਂ ਸਸਤੀਆਂ ਨਹੀਂ ਹੁੰਦੀਆਂ, ਉਦੋਂ ਤੱਕ ਫਰਜ਼ ਪੂਰਾ ਨਹੀਂ ਸਮਝਿਆ ਜਾ ਸਕਦਾ।’’ ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਅਕਤੂਬਰ 2025 ਵਿਚ ਹੋਣੀਆਂ ਹਨ ਪਰ ਸਿਆਸੀ ਮਾਹਰਾਂ ਮੁਤਾਬਕ ਘੱਟ ਗਿਣਤੀ ਲਿਬਰਲ ਸਰਕਾਰ ਉਸ ਤੋਂ ਪਹਿਲਾਂ ਹੀ ਡਿੱਗ ਸਕਦੀ ਹੈ।

Tags:    

Similar News