ਕੈਨੇਡਾ ਵਿਚ ਮੁੜ ਵਧੇ ਕਾਰ ਬੀਮੇ, ਲੋਕਾਂ ਦੀਆਂ ਨਿਕਲੀਆਂ ਚੀਕਾਂ
ਕੈਨੇਡਾ ਵਿਚ ਗੱਡੀਆਂ ਚੋਰੀ ਦੀਆਂ ਵਾਰਦਾਤਾਂ ਭਾਵੇਂ ਘਟਦੀਆਂ ਨਜ਼ਰ ਆ ਰਹੀਆਂ ਹਨ ਪਰ ਕਾਰ ਇੰਸ਼ੋਰੈਂਸ ਦਾ ਖਰਚਾ ਮੁੜ ਵਧ ਗਿਆ ਹੈ। ਰੇਟਹੱਬ ਡਾਟ ਸੀ.ਏ. ਦੇ ਤਾਜ਼ਾ ਸਰਵੇਖਣ ਮੁਤਾਬਕ 48 ਫੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਟੋ ਇੰਸ਼ੋਰੈਂਸ ਪ੍ਰੀਮੀਅਮ ਹਾਲ ਹੀ ਦੇ ਸਮੇਂ ਦੌਰਾਨ ਵਧ ਗਿਆ।;
ਟੋਰਾਂਟੋ : ਕੈਨੇਡਾ ਵਿਚ ਗੱਡੀਆਂ ਚੋਰੀ ਦੀਆਂ ਵਾਰਦਾਤਾਂ ਭਾਵੇਂ ਘਟਦੀਆਂ ਨਜ਼ਰ ਆ ਰਹੀਆਂ ਹਨ ਪਰ ਕਾਰ ਇੰਸ਼ੋਰੈਂਸ ਦਾ ਖਰਚਾ ਮੁੜ ਵਧ ਗਿਆ ਹੈ। ਰੇਟਹੱਬ ਡਾਟ ਸੀ.ਏ. ਦੇ ਤਾਜ਼ਾ ਸਰਵੇਖਣ ਮੁਤਾਬਕ 48 ਫੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਟੋ ਇੰਸ਼ੋਰੈਂਸ ਪ੍ਰੀਮੀਅਮ ਹਾਲ ਹੀ ਦੇ ਸਮੇਂ ਦੌਰਾਨ ਵਧ ਗਿਆ। ਉਧਰ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਬੀਮਾ ਦਾਅਵਿਆਂ ਦਾ ਨਿਪਟਾਰਾ ਕਰਦਿਆਂ ਡੇਢ ਅਰਬ ਡਾਲਰ ਦੀ ਅਦਾਇਗੀ ਕੀਤੀ ਗਈ ਅਤੇ ਇਹ ਰਕਮ 2018 ਦੇ ਮੁਕਾਬਲੇ 254 ਫੀ ਸਦੀ ਵੱਧ ਬਣਦੀ ਹੈ।
ਸਾਫ ਰਿਕਾਰਡ ਵਾਲਿਆਂ ਨੂੰ ਅਦਾ ਕਰਨੇ ਪੈ ਰਹੇ ਮੋਟੇ ਪ੍ਰੀਮੀਅਮ
ਉਨਟਾਰੀਓ ਦਾ ਜ਼ਿਕਰ ਕੀਤਾ ਜਾਵੇ ਤਾਂ ਕਾਰ ਚੋਰੀ ਦੇ ਇਵਜ਼ ਦਿਤੀ ਗਈ ਰਕਮ 524 ਫੀ ਸਦੀ ਵਾਧੇ ਨਾਲ ਇਕ ਅਰਬ ਡਾਲਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਆਰ.ਐਚ. ਇੰਸ਼ੋਰੈਂਸ ਦੀ ਵਾਇਸ ਪ੍ਰੈਜ਼ੀਡੈਂਟ ਮੌਰਗਨ ਰੌਬਰਟਸ ਦਾ ਕਹਿਣਾ ਸੀ ਕਿ ਉਹ ਪਿਛਲੇ 15 ਸਾਲ ਤੋਂ ਕਾਰ ਬੀਮੇ ਦਾ ਕੰਮ ਕਰ ਰਹੀ ਹੈ ਅਤੇ ਕਾਰ ਚੋਰੀ ਦੇ ਮਾਮਲੇ ਕਦੇ ਵੀ ਖਤਮ ਨਹੀਂ ਹੋਏ ਪਰ ਪਿਛਲੇ ਕੁਝ ਵਰਿ੍ਹਆਂ ਦੌਰਾਨ ਹੈਰਾਨਕੁੰਨ ਤਰੀਕੇ ਨਾਲ ਹੋਇਆ ਵਾਧਾ ਖਤਰੇ ਦੀ ਘੰਟੀ ਵਜਾਉਂਦਾ ਹੈ। ਮਿਚ ਇੰਸ਼ੋਰੈਂਸ ਦੇ ਐਡਮ ਮਿਚਲ ਨੇ ਕਿਹਾ ਕਿ ਕਾਰ ਚੋਰੀ ਦੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਦੌਰਾਨ ਹੀ ਘਟੀਆਂ ਹਨ ਅਤੇ ਪੱਕੇ ਤੌਰ ’ਤੇ ਅੰਕੜਾ ਹੇਠਾਂ ਰਹਿਣ ਦਾ ਅਸਰ ਆਉਣ ਵਾਲੇ ਸਮੇਂ ਦੌਰਾਨ ਨਜ਼ਰ ਆਵੇਗਾ। ਭਾਵੇਂ ਤੁਹਾੜਾ ਰਿਕਾਰਡ ਬਿਲਕੁਲ ਸਾਫ ਵੀ ਕਿਉਂ ਨਾ ਹੋਵੇ, ਬੀਮਾ ਪ੍ਰੀਮੀਅਮ ਦੀ ਰਕਮ ਵਿਚ ਵਾਧਾ ਦੇਣਾ ਹੀ ਪਵੇਗਾ।
ਕਾਰ ਚੋਰੀ ਦੀਆਂ ਵਾਰਦਾਤਾਂ ਘਟਣ ਦਾ ਨਹੀਂ ਹੋਇਆ ਕੋਈ ਅਸਰ
ਇਸ ਤੋਂ ਇਲਾਵਾ ਕੁਝ ਖਾਸ ਕਾਰਾਂ’ਤੇ ਬੀਮਾ ਪ੍ਰੀਮੀਅਮ ਜ਼ਿਆਦਾ ਰੱਖੇ ਜਾ ਰਹੇ ਹਨ ਜਿਨ੍ਹਾਂ ਦੇ ਚੋਰੀ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਕੈਨੇਡਾ ਵਿਚ ਇਸ ਵੇਲੇ ਕਾਰ ਖਰੀਦਣ ਦਾ ਮਤਲਬ ਮਹਿੰਗੇ ਕਾਰ ਬੀਮੇ ਦੀ ਅਦਾਇਗੀ ਮੰਨਿਆ ਜਾ ਰਿਹਾ ਹੈ ਜਦਕਿ ਕਿਸੇ ਵੇਲੇ ਬਰੈਂਪਟਨ ਅਤੇ ਮਿਸੀਸਾਗਾ ਵਰਗੇ ਇਲਾਕਿਆਂ ਵਿਚ ਹੀ ਆਟੋ ਇੰਸ਼ੋਰੈਂਸ ਦਰਾਂ ਸਭ ਤੋਂ ਜ਼ਿਆਦਾ ਹੁੰਦੀਆਂ ਸਨ। ਰੇਟ ਹੱਬ ਦੇ ਸਰਵੇਖਣ ਦੌਰਾਨ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚ 1,250 ਜਣਿਆਂ ਦੀ ਰਾਏ ਦਰਜ ਕੀਤੀ ਗਈ। ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮਹਿੰਗਾ ਕਾਰ ਬੀਮਾ ਨਹੀਂ ਲੈਣਾ ਚਾਹੁੰਦੇ, ਉਹ ਹੌਂਡਾ ਸੀ.ਆਰ.ਵੀ., ਡੌਜ ਰੈਮ 1500 ਸੀਰੀਜ਼, ਫੌਰਡ ਐਫ 150 ਸੀਰੀਜ਼, ਲੈਕਸਸ ਆਰ.ਐਕਸ. ਸੀਰੀਜ਼ ਅਤੇ ਟੌਯੋਟਾ ਹਾਇਲੈਂਡਰ ਵਰਗੀਆਂ ਗੱਡੀਆਂ ਤੋਂ ਦੂਰ ਰਹਿਣ।