ਕੈਨੇਡਾ ਵਾਲਿਆਂ ਨੂੰ ਮੁਫ਼ਤ ਮਿਲੇਗੀ ਡਾਇਬਟੀਜ਼ ਦੀ ਦਵਾਈ

ਕੈਨੇਡਾ ਦੇ ਲੋਕਾਂ ਨੂੰ ਡਾਇਬਟੀਜ਼ ਦੀ ਦਵਾਈ ਅਤੇ ਬਰਥ ਕੰਟਰੋਲ ਪਿਲਜ਼ ਮੁਫ਼ਤ ਮਿਲਣ ਦਾ ਰਾਹ ਪੱਧਰਾ ਹੋ ਗਿਆ ਜਦੋਂ ਸੈਨੇਟ ਵੱਲੋਂ ਫਾਰਮਾਕੇਅਰ ਬਿਲ ਨੂੰ ਪ੍ਰਵਾਨਗੀ ਮਗਰੋਂ ਇਸ ਉਤੇ ਸ਼ਾਹੀ ਮੋਹਰ ਵੀ ਲੱਗ ਗਈ।;

Update: 2024-10-11 11:56 GMT

ਔਟਵਾ : ਕੈਨੇਡਾ ਦੇ ਲੋਕਾਂ ਨੂੰ ਡਾਇਬਟੀਜ਼ ਦੀ ਦਵਾਈ ਅਤੇ ਬਰਥ ਕੰਟਰੋਲ ਪਿਲਜ਼ ਮੁਫ਼ਤ ਮਿਲਣ ਦਾ ਰਾਹ ਪੱਧਰਾ ਹੋ ਗਿਆ ਜਦੋਂ ਸੈਨੇਟ ਵੱਲੋਂ ਫਾਰਮਾਕੇਅਰ ਬਿਲ ਨੂੰ ਪ੍ਰਵਾਨਗੀ ਮਗਰੋਂ ਇਸ ਉਤੇ ਸ਼ਾਹੀ ਮੋਹਰ ਵੀ ਲੱਗ ਗਈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਫਾਰਮਾਕੇਅਰ ਬਿਲ ਲੱਖਾਂ ਕੈਨੇਡੀਅਨਜ਼ ਦੀ ਜ਼ਿੰਦਗੀ ਬਦਲ ਦੇਵੇਗਾ। ਦੂਜੇ ਪਾਸੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਬਿਲ ਪਾਸ ਹੋਣ ’ਤੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਘੱਟ ਗਿਣਤੀ ਲਿਬਰਲ ਸਰਕਾਰ ਅਤੇ ਐਨ.ਡੀ.ਪੀ. ਦਰਮਿਆਨ ਹੋਇਆ ਸਮਝੌਤਾ ਭਾਵੇਂ ਟੁੱਟ ਚੁੱਕਾ ਹੈ ਪਰ ਫਾਰਮਾਕੇਅਰ ਬਿਲ ਇਸ ਤੋਂ ਪਹਿਲਾਂ ਹੀ ਹਾਊਸ ਆਫ਼ ਕਾਮਨਜ਼ ਵਿਚ ਪਾਸ ਹੋ ਚੁੱਕਾ ਸੀ ਅਤੇ ਹੁਣ ਸੈਨੇਟ ਤੋਂ ਵੀ ਪ੍ਰਵਾਨਗੀ ਮਿਲ ਗਈ। ਇਸ ਰਾਹੀਂ ਭਵਿੱਖ ਵਿਚ ਯੂਨੀਵਰਸਲ ਫ਼ਾਰਮਾਕੇਅਰ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਫ਼ਾਰਮਾਕੇਅਰ ਬਿਲ ਸੈਨੇਟ ਵਿਚ ਪਾਸ ਹੋਣ ਮਗਰੋਂ ਲੱਗੀ ਸ਼ਾਹੀ ਮੋਹਰ

ਯੂਨੀਵਰਸਲ ਹੈਲਥ ਕੇਅਰ ਵਾਲੇ ਮੁਲਕਾਂ ਵਿਚੋਂ ਕੈਨੇਡਾ ਇਕੋ ਇਕ ਦੇਸ਼ ਹੈ ਜਿਥੇ ਯੂਨੀਵਰਸਲ ਫਾਰਮਾਕੇਅਰ ਮੌਜੂਦ ਨਹੀਂ। ਫਾਰਮਾਕੇਅਰ ਬਿਲ ਦੇ ਕਾਨੂੰਨ ਬਣਨ ਮਗਰੋਂ ਡਾਇਬਟੀਜ਼ ਅਤੇ ਬਰਥ ਕੰਟਰੋਲ ਪਿਲਜ਼ ਨੂੰ ਪਬਲਿਕ ਹੈਲਥ ਸਿਸਟਮ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਐਨ.ਡੀ.ਪੀ. ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਪੀਟਰ ਜੂਲੀਅਨ ਨੇ ਕਿਹਾ ਕਿ ਅੱਜ ਦਾ ਦਿਨ ਕੈਨੇਡਾ ਵਾਸੀਆਂ ਲਈ ਇਤਿਹਾਸਕ ਹੈ ਕਿਉਂਕਿ 1940 ਦੇ ਦਹਾਕੇ ਵਿਚ ਟੌਮੀ ਡਗਲਸ ਵੱਲੋਂ ਦੇਖਿਆ ਸੁਪਨਾ ਪੂਰਾ ਹੋ ਗਿਆ। ਨੈਸ਼ਨਲ ਸਿੰਗਲ ਪੇਅਰ ਫਾਰਮਾਕੇਅਰ ਰਾਹੀਂ ਸਿਹਤ ਸੰਭਾਲ ਹੋਰ ਸੁਖਾਲੀ ਹੋ ਜਾਵੇਗੀ। ਦੂਜੇ ਪਾਸੇ ਪੂਰੇ ਮੁਲਕ ਦਾ ਫ਼ਾਰਮਾਕੇਅਰ ਕਾਨੂੰਨ ਦੇ ਲਾਭ ਪਹੁੰਚਾਉਣ ਲਈ ਫੈਡਰਲ ਸਰਕਾਰ ਨੂੰ ਸੂਬਾ ਸਰਕਾਰਾਂ ਨਾਲ ਸਮਝੌਤੇ ਕਰਨੇ ਹੋਣਗੇ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਦੀਆਂ ਸਰਕਾਰਾਂ ਫੈਡਰਲ ਸਰਕਾਰ ਨਾਲ ਸਮਝੌਤੇ ਸਹੀਬੱਧ ਕਰ ਚੁੱਕੀਆਂ ਹਨ ਅਤੇ ਸਿਹਤ ਮੰਤਰੀ ਨੂੰ ਉਮੀਦ ਹੈ ਕਿ ਅਗਲੇ ਸਾਲ ਬਸੰਤ ਰੁੱਤ ਤੋਂ ਪਹਿਲਾਂ ਸਾਰੇ ਸੂਬੇ ਅਤੇ ਟੈਰੇਟ੍ਰੀਜ਼ ਸਮਝੌਤੇ ਕਰਨ ਲਈ ਸਹਿਮਤ ਹੋ ਜਾਣਗੇ। ਐਲਬਰਟਾ ਸਰਕਾਰ ਪਹਿਲਾਂ ਹੀ ਫਾਰਮਾਕੇਅਰ ਵਿਚੋਂ ਬਾਹਰ ਰਹਿਣ ਦਾ ਐਲਾਨ ਕਰ ਚੁੱਕੀ ਹੈ। ਸਿਹਤ ਮੰਤਰੀ ਮਾਰਕ ਹਾਲੈਂਡ ਦਾ ਮੰਨਣਾ ਹੈ ਕਿ ਮੁਢਲੇ ਤੌਰ ਡੇਢ ਅਰਬ ਡਾਲਰ ਦਾ ਖਰਚ ਆ ਸਕਦਾ ਹੈ ਪਰ ਇਸ ਦੇ ਨਾਲ ਰਾਜ ਸਰਕਾਰਾਂ ਅਤੇ ਟੈਰੇਟ੍ਰੀਜ਼ ਨਾਲ 13 ਸਮਝੌਤਿਆਂ ਨੂੰ ਸਹੀਬੱਧ ਕਰਨਾ ਵੀ ਲਾਜ਼ਮੀ ਹੋਵੇਗਾ।

ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ ਫ਼ਾਰਮਾਕੇਅਰ ਬਿਲ : ਸਿਹਤ ਮੰਤਰੀ

ਇਸੇ ਦੌਰਾਨ ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਜੌਇਲ ਵਾਕਰ ਨੇ ਸਵਾਲ ਉਠਾਇਆ ਕਿ ਓਜ਼ੈਂਪਿਕ ਵਰਗੀ ਦਵਾਈ ਨੂੰ ਫਾਰਮਾਕੇਅਰ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ। ਦੱਸ ਦੇਈਏ ਕਿ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸ਼ਰਤ ਰੱਖੀ ਸੀ ਕਿ ਫਾਰਮਾਕੇਅਰ ਬਿਲ ਪਹਿਲੀ ਮਾਰਚ ਤੋਂ ਪਹਿਲਾਂ ਸੰਸਦ ਵਿਚ ਪੇਸ਼ ਨਾ ਕੀਤਾ ਗਿਆ ਤਾਂ ਟਰੂਡੋ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਹੋਣਗੇ। ਚੇਤੇ ਰਹੇ ਕਿ ਕੈਨੇਡਾ ਵਿਚ ਤਕਰੀਬਨ 37 ਲੱਖ ਲੋਕ ਡਾਇਬਟੀਜ਼ ਤੋਂ ਪੀੜਤ ਹਨ ਜਿਨ੍ਹਾਂ ਨੂੰ ਦਵਾਈ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ ਪਰ ਖਰਚੇ ਜ਼ਿਆਦਾ ਹੋਣ ਕਾਰਨ ਹਰ ਚਾਰ ਮਰੀਜ਼ਾਂ ਵਿਚੋਂ ਇਕ ਦਵਾਈਆਂ ਖਰੀਦਣ ਦੇ ਸਮਰੱਥ ਨਹੀਂ ਹੁੰਦਾ। ਸਮੇਂ ਸਿਰ ਦਵਾਈ ਨਾ ਲੈਣ ’ਤੇ ਅੰਨ੍ਹਾਪਣ ਅਤੇ ਅੰਗਾਂ ਦੇ ਵਿਗਾੜ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ ਵਿਚ ਡਾਇਬਟੀਜ਼ ਦੀ ਦਵਾਈ ਪਬਲਿਕ ਹੈਲਥ ਸਿਸਟਮ ਅਧੀਨ ਆਉਣ ’ਤੇ ਲੋਕਾਂ ਨੂੰ ਸੰਘਰਸ਼ ਨਹੀਂ ਕਰਨਾ ਪਵੇਗਾ ਅਤੇ ਸੁਖਾਲੀਆਂ ਸਿਹਤ ਸੇਵਾਵਾਂ ਹਾਸਲ ਕਰਨ ਦੇ ਸਮਰੱਥ ਹੋ ਸਕਣਗੇ।

Tags:    

Similar News