ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਵੱਲੋਂ ਅਸਤੀਫ਼ਾ
ਵਿਵਾਦਾਂ ਵਿਚ ਘਿਰੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਬਿਰਜੂ ਦਤਾਨੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿਤਾ ਹੈ। ਯਹੂਦੀਆਂ ਨਾਲ ਸਬੰਧਤ ਇਕ ਜਥੇਬੰਦੀ ਵੱਲੋਂ ਬਿਰਜੂ ਦਤਾਨੀ ਵਿਰੁੱਧ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਾਏ ਜਾਣ ਮਗਰੋਂ ਮਾਮਲਾ ਭਖ ਗਿਆ
ਔਟਵਾ : ਵਿਵਾਦਾਂ ਵਿਚ ਘਿਰੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਬਿਰਜੂ ਦਤਾਨੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿਤਾ ਹੈ। ਯਹੂਦੀਆਂ ਨਾਲ ਸਬੰਧਤ ਇਕ ਜਥੇਬੰਦੀ ਵੱਲੋਂ ਬਿਰਜੂ ਦਤਾਨੀ ਵਿਰੁੱਧ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਾਏ ਜਾਣ ਮਗਰੋਂ ਮਾਮਲਾ ਭਖ ਗਿਆ ਅਤੇ ਅਹੁਦਾ ਸੰਭਾਲਣ ਤੋਂ ਇਕ ਦਿਨ ਪਹਿਲਾਂ ਬਿਰਜੂ ਦਤਾਨੀ ਨੇ ਛੁੱਟੀ ’ਤੇ ਜਾਣ ਦਾ ਐਲਾਨ ਕਰ ਦਿਤਾ। ਕੈਨੇਡਾ ਦੇ ਨਿਆਂ ਮੰਤਰੀ ਆਰਿਫ਼ ਵਿਰਾਨੀ ਵੱਲੋਂ ਬਿਰਜੂ ਦਤਾਨੀ ਵਿਰੁੱਧ ਆਈਆਂ ਸ਼ਿਕਾਇਤਾਂ ਦੀ ਪੜਤਾਨ ਕਰਨ ਦੇ ਹੁਕਮ ਦਿਤੇ ਗਏ ਅਤੇ 31 ਜੁਲਾਈ ਨੂੰ ਫੈਡਰਲ ਮੰਤਰੀ ਕੋਲ ਰਿਪੋਰਟ ਪੁੱਜ ਗਈ। ਆਰਿਫ ਵਿਰਾਨੀ ਨੇ ਕਿਹਾ ਕਿ ਬਿਰਜੂ ਦਤਾਨੀ ਦਾ ਪੱਖ ਵੀ ਜਾਣਿਆ ਗਿਆ ਅਤੇ ਹੁਣ ਉਨ੍ਹਾਂ ਵੱਲੋਂ ਚੀਫ਼ ਕਮਿਸ਼ਨਰ ਦਾ ਅਹੁਦਾ ਛੱਡਣ ਬਾਰੇ ਫੈਸਲਾ ਪ੍ਰਵਾਨ ਕਰ ਲਿਆ ਗਿਆ ਹੈ।
ਅਹੁਦਾ ਸੰਭਾਲਣ ਤੋਂ ਇਕ ਦਿਨ ਪਹਿਲਾਂ ਛੁੱਟੀ ’ਤੇ ਗਏ ਸਨ ਬਿਰਜੂ ਦਤਾਨੀ
ਮਨੁੱਖੀ ਅਧਿਕਾਰ ਕਮਿਸ਼ਨ ਵਿਚ ਕੈਨੇਡਾ ਵਾਸੀਆਂ ਦਾ ਵਿਸ਼ਵਾਸ ਕਾਇਮ ਰੱਖਣਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਜਲਦ ਹੀ ਨਵੇਂ ਕਮਿਸ਼ਨਰ ਦੀ ਭਾਲ ਸ਼ੁਰੂ ਕਰ ਦਿਤੀ ਜਾਵੇਗੀ। ਨਵੇਂ ਕਮਿਸ਼ਨਰ ਦੀ ਨਿਯੁਕਤੀ ਹੋਣ ਤੱਕ ਸ਼ਾਰਲਟ ਐਨੀ ਮੈਲੀਸ਼ੈਵਸਕੀ ਕਾਰਜਕਾਰੀ ਕਮਿਸ਼ਨਰ ਬਣੇ ਰਹਿਣਗੇ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਜਦੋਂ ਵਿਰਾਨੀ ਦੀ ਪ੍ਰੈਸ ਸਕੱਤਰ ਨੂੰ ਇਹ ਪੁੱਛਿਆ ਗਿਆ ਕਿ ਕੀ ਬਿਰਜੂ ਦਤਾਨੀ ਨੂੰ ਛੁੱਟੀਆਂ ਦੀ ਤਨਖਾਹ ਦਿਤੀ ਜਾਵੇਗੀ ਤਾਂ ਉਨ੍ਹਾਂ ਨਾਂਹ ਵਿਚ ਜਵਾਬ ਦਿਤਾ। ਉਧਰ ਯਹੂਦੀਆਂ ਨਾਲ ਸਬੰਧਤ ਜਥੇਬੰਦੀ ਸੀ.ਆਈ.ਜੇ.ਏ. ਨੇ ਦੋਸ਼ ਲਾਇਆ ਕਿ ਬਿਰਜੂ ਦਤਾਨੀ ਆਨਲਾਈਨ ਸਰਗਰਮੀਆਂ ਦੌਰਾਨ ਆਪਣਾ ਨਾਂ ਮੁਜਾਹਿਦ ਦਤਾਨੀ ਲਿਖਦਾ ਰਿਹਾ ਹੈ। ਇਸ ਦੇ ਉਲਟ ਪ੍ਰਿਵੀ ਕੌਂਸਲ ਦਫ਼ਤਰ ਵੱਲੋਂ ਪਿਛੋਕੜ ਦੀ ਪੜਤਾਲ ਕਰਦਿਆਂ ਅਜਿਹਾ ਕੋਈ ਨਾਂ ਸਾਹਮਣੇ ਨਹੀਂ ਆਇਆ ਪਰ ਰਿਪੋਰਟ ਵਿਚ ਇਸ ਗੱਲ ਦਾ ਸਪੱਸ਼ਟ ਤੌਰ ’ਤੇ ਜ਼ਿਕਰ ਨਹੀਂ ਕੀਤਾ ਗਿਆ ਕਿ ਕੀ ਬਿਰਜੂ ਦਤਾਨੀ ਨੂੰ ਮਨੁੱਖੀ ਅਧਿਕਾਰ ਕਮਿਸ਼ਨਰ ਦਾ ਅਹੁਦਾ ਸੰਭਾਲ ਲੈਣਾ ਚਾਹੀਦਾ ਹੈ। ਰਿਪੋਰਟ ਦਾਅਵਾ ਕਰਦੀ ਹੈ ਕਿ ਬਿਰਜੂ ਦਤਾਨੀ ਦੇ ਯਹੂਦੀ ਵਿਰੋਧੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।
ਯਹੂਦੀ ਵਿਰੋਧੀ ਹੋਣ ਦੇ ਲੱਗੇ ਸਨ ਦੋਸ਼
ਇਸੇ ਦੌਰਾਨ ਸੋਸ਼ਲ ਮੀਡੀਆ ਰਾਹੀਂ ਅਸਤੀਫ਼ੇ ਦਾ ਐਲਾਨ ਕਰਦਿਆਂ ਬਿਰਜੂ ਦਤਾਨੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੰਮ ਵਿਚ ਉਨ੍ਹਾਂ ਨੂੰ ਪੂਰਾ ਯਕੀਨ ਹੈ ਅਤੇ ਇਹ ਸੰਸਥਾ ਕਿਸੇ ਵੀ ਲੋਕਤੰਤਰ ਵਾਸਤੇ ਬੇਹੱਦ ਲਾਜ਼ਮੀ ਹੈ। ਉਧਰ ਕੰਜ਼ਰਵੇਟਿਵ ਪਾਰਟੀ ਦੀ ਉਪ ਆਗੂ ਮੈਲਿਜ਼ਾ ਲੈਂਟਸਮੈਨ ਨੇ ਦਤਾਨੀ ਦੀ ਨਿਯੁਕਤੀ ਬਾਰੇ ਪੜਤਾਲ ਕਰਵਾਉਣ ਦੀ ਮੰਗ ਕਰ ਦਿਤੀ। ਬਿਰਜੂ ਦਤਾਨੀ ਵੱਲੋਂ ਅਸਤੀਫਾ ਦੇ ਐਲਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਰ ਆਏ ਦਰੁਸਤ ਆਏ। ਕੈਨੇਡਾ ਸਰਕਾਰ ਵਿਚ ਯਹੂਦੀ ਵਿਰੋਧੀਆਂ ਵਾਸਤੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਖਾਸ ਤੌਰ ’ਤੇ ਜਦੋਂ ਮੁਲਕ ਵਾਸੀਆਂ ਦੇ ਹੱਕਾਂ ਅਤੇ ਆਜ਼ਾਦੀ ਨਾਲ ਸਬੰਧਤ ਮਸਲਾ ਹੋਵੇ। ਸੈਂਟਰ ਫੌਰ ਇਜ਼ਰਾਈਲ ਐਂਡ ਜਿਊਇਸ਼ ਅਫੇਅਰਜ਼ ਦੇ ਵਾਇਸ ਪ੍ਰੈਜ਼ੀਡੈਂਟ ਰਿਚਰਡ ਮਾਰਸੋ ਨੇ ਕਿਹਾ ਕਿ ਕਿਹਾ ਕਿ ਬਿਰਜੂ ਦਤਾਨੀ ਨੇ ਅਸਤੀਫਾ ਦੇਣ ਬਾਰੇ ਸਹੀ ਫੈਸਲਾ ਲਿਆ। ਦੂਜੇ ਪਾਸੇ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਕਿਹਾ ਕਿ ਪੜਤਾਲ ਰਿਪੋਰਟ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੌਂਸਲ ਦੀ ਐਡਵੋਕੇਸੀ ਅਫਸਰ ਫਾਤਿਮਾ ਅਬਦੇਲਾ ਨੇ ਕਿਹਾ ਕਿ ਬੇਬੁਨਿਆਦ ਦੋਸ਼ਾਂ ਦੇ ਆਧਾਰ ’ਤੇ ਘੱਟ ਗਿਣਤੀ ਤਬਕੇ ਦੇ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਬਿਰਜੂ ਦਤਾਨੀ ਵੱਲੋਂ ਆਰਿਫ ਵਿਰਾਨੀ ਨੂੰ ਲਿਖੇ ਪੱਤਰ ਵਿਚ ਦੱਸਿਆ ਗਿਆ ਕਿ ਉਨ੍ਹਾਂ ਦਾ ਜਲਮ ਹਿੰਦੂ ਪਰਵਾਰ ਵਿਚ ਹੋਇਆ ਪਰ 2001 ਵਿਚ ਮੁਸਲਮਾਨ ਬਣ ਗਏ। ਧਰਮ ਬਦਲਣ ਮਗਰੋਂ ਉਨ੍ਹਾਂ ਨੇ ਆਪਣਾ ਨਾਂ ਮੁਜਾਹਿਦ ਦਤਾਨੀ ਰੱਖਆ ਪਰ 2017 ਵਿਚ ਮੁੜ ਬਿਰਜੂ ਦਤਾਨੀ ਰੱਖ ਲਿਆ।