ਕੈਨੇਡਾ ਵੱਲੋਂ ਇੰਮੀਗ੍ਰੇਸ਼ਨ ਫ਼ੀਸਾਂ ਵਿਚ ਵਾਧਾ
ਕੈਨੇਡਾ ਦਾ ਜਹਾਜ਼ ਚੜ੍ਹਨਾ ਪੰਜਾਬੀਆਂ ਵਾਸਤੇ ਮਹਿੰਗਾ ਹੋ ਗਿਆ ਹੈ
ਟੋਰਾਂਟੋ : ਕੈਨੇਡਾ ਦਾ ਜਹਾਜ਼ ਚੜ੍ਹਨਾ ਪੰਜਾਬੀਆਂ ਵਾਸਤੇ ਮਹਿੰਗਾ ਹੋ ਗਿਆ ਹੈ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਵੱਖ ਵੱਖ ਸ਼੍ਰੇਣੀਆਂ ਦੀ ਇੰਮੀਗ੍ਰੇਸ਼ਨ ਫ਼ੀਸ ਵਿਚ ਵਾਧਾ ਲਾਗੂ ਕਰ ਦਿਤਾ ਗਿਆ ਹੈ ਅਤੇ ਸਭ ਤੋਂ ਵੱਧ ਬੋਝ ਕੈਨੇਡਾ ਵਿਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ’ਤੇ ਪਵੇਗਾ ਜਿਨ੍ਹਾਂ ਨੂੰ ਨਵੇਂ ਵਰ੍ਹੇ ਦੌਰਾਨ 2 ਲੱਖ 53 ਹਜ਼ਾਰ ਵੀਜ਼ਾ ਐਕਸਟੈਨਸ਼ਨ ਜਾਰੀ ਕਰਨ ਦਾ ਟੀਚਾ ਫ਼ੈਡਰਲ ਸਰਕਾਰ ਵੱਲੋਂ ਮਿੱਥਿਆ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕੇ ਗਏ ਜਾਂ ਮੁਲਕ ਵਿਚ ਰਿਹਾਇਸ਼ ਦੌਰਾਨ ਵੀਜ਼ਾ ਮਿਆਦ ਲੰਘਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵਾਧੂ ਅਦਾਇਗੀ ਕਰਨੀ ਹੋਵੇਗੀ। ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ ਵਰਕ ਪਰਮਿਟ ਦੀ ਪ੍ਰੋਸੈਸਿੰਗ ਫ਼ੀਸ ਵਿਚ ਵੀ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਦੇਣੇ ਹੋਣਗੇ ਅਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਐਨੀ ਹੀ ਫ਼ੀਸ ਅਦਾ ਕਰਨੀ ਹੋਵੇਗੀ।
1 ਦਸੰਬਰ ਤੋਂ ਲਾਗੂ ਹੋਈਆਂ ਨਵੀਆਂ ਦਰਾਂ
ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋ ਗਈਆਂ ਪਰ 30 ਨਵਬੰਰ ਦੀ ਰਾਤ ਤੱਕ ਆਨਲਾਈਨ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਵਧੀ ਹੋਈ ਫ਼ੀਸ ਨਹੀਂ ਦੇਣੀ ਪਵੇਗੀ। ਕੈਨੇਡਾ ਪਰਤਣ ਲਈ ਅਧਿਕਾਰਤ ਹੋਣ ਵਾਸਤੇ ਹੁਣ 492.50 ਡਾਲਰ ਦੇਣੇ ਹੋਣਗੇ ਜਦਕਿ ਨਵੇਂ ਵਰਕ ਪਰਮਿਟ ਤੋਂ ਬਗੈਰ ਵਰਕਰ ਸਟੇਟਸ ਬਹਾਲ ਕਰਨ ਵਾਸਤੇ 246.25 ਡਾਲਰ ਅਦਾਇਗੀਯੋਗ ਹੋਣਗੇ। ਕੈਨੇਡਾ ਵਿਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾਣਗੇ ਜਦਕਿ ਨਵੇਂ ਸਟੱਡੀ ਪਰਮਿਟ ਤੋਂ ਬਗੈਰ ਵਿਦਿਆਰਥੀ ਦਰਜਾ ਬਹਾਲ ਕਰਨ ਲਈ 246.25 ਡਾਲਰ ਦੇਣੇ ਹੋਣਗੇ। ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਣੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ। ਦੱਸ ਦੇਈਏ ਕਿ ਕੈਨੇਡਾ ਸਰਕਾਰ ਦੀਆਂ ਹਦਾਇਤਾਂ ’ਤੇ ਮੁਲਕ ਛੱਡਣ ਵਾਲਿਆਂ ਨੂੰ ਵਾਪਸੀ ਕਰਨ ਵਾਸਤੇ ਆਥੋਰਾਈਜ਼ੇਸ਼ਨ ਫ਼ੀਸ ਹਰ ਹਾਲਤ ਵਿਚ ਭਰਨੀ ਹੋਵੇਗੀ।
ਸਟੱਡੀ ਵੀਜ਼ਾ ਲਈ 396.25 ਡਾਲਰ ਦੇਣੇ ਹੋਣਗੇ
ਅਜਿਹੀਆਂ ਅਰਜ਼ੀਆਂ ਨੂੰ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਨਾਲ ਦਾਖਲ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਜੇ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਜਾਂ ਵਰਕਰ ਸਟੇਟਸ ’ਤੇ ਕੈਨੇਡਾ ਪੁੱਜੇ ਕਿਸੇ ਵਿਦੇਸ਼ੀ ਨਾਗਰਿਕ ਦੀ ਵੀਜ਼ਾ ਮਿਆਦ ਖ਼ਤਮ ਹੋ ਜਾਂਦੀ ਹੈ ਤਾਂ ਉਸ ਨੂੰ ਮੁਲਕ ਛੱਡ ਕੇ ਜਾਣਾ ਪੈਂਦਾ ਹੈ ਜਾਂ 90 ਦਿਨ ਦੇ ਅੰਦਰ ਸਟੇਟਸ ਬਹਾਲ ਕਰਵਾਉਣ ਦੀ ਅਰਜ਼ੀ ਦਾਇਰ ਕਰਨੀ ਪੈਂਦੀ ਹੈ। ਕੈਨੇਡਾ ਵਿਚ ਦਾਖਲ ਹੋਣ ਦੇ ਅਯੋਗ ਮੰਨੇ ਲੋਕਾਂ ਨੂੰ ਬੇਹੱਦ ਠੋਸ ਕਾਰਨ ਦੇ ਆਧਾਰ ’ਤੇ ਦਾਖਲਾ ਮਿਲ ਸਕਦਾ ਹੈ ਪਰ ਉਨ੍ਹਾਂ ਨੂੰ ਆਰਜ਼ੀ ਵੀਜ਼ਾ ਹੀ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ ਵਰਕ ਪਰਮਿਟ ਦੇ ਮਾਮਲੇ ਵਿਚ ਨਵੀਂ ਫ਼ੀਸ ਵਧਾ ਕੇ 184.75 ਡਾਲਰ ਕਰ ਦਿਤੀ ਗਈ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਜਿਹੜੇ ਲੋਕਾਂ ਵੱਲੋਂ ਸਿਰਫ਼ ਅਰਜ਼ੀਆਂ ਮੁਕੰਮਲ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਨਵੀਆਂ ਦਰਾਂ ਮੁਤਾਬਕ ਫੀਸ ਅਦਾ ਕਰਨੀ ਹੋਵੇਗੀ।