ਕੈਨੇਡਾ ਅਤੇ ਅਮਰੀਕਾ ਵਿਚ ਹੌਲਨਾਕ ਟਰੱਕ ਹਾਦਸੇ
ਕੈਨੇਡਾ ਅਤੇ ਅਮਰੀਕਾ ਵਿਚ ਬਰਫ਼ੀਲਾ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਸੜਕਾਂ ’ਤੇ ਵਾਪਰ ਰਹੇ ਹੌਲਨਾਕ ਹਾਦਸੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਹਨ
ਕੇਪ ਬਰੈਟਨ : ਕੈਨੇਡਾ ਅਤੇ ਅਮਰੀਕਾ ਵਿਚ ਬਰਫ਼ੀਲਾ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਸੜਕਾਂ ’ਤੇ ਵਾਪਰ ਰਹੇ ਹੌਲਨਾਕ ਹਾਦਸੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਹਨ। ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਇਕ ਕਾਰ ਅਤੇ ਟਰੱਕ ਦੀ ਟੱਕਰ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦਾ ਅੰਤ ਕਰ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਮਿਲਵਿਲ ਨੇੜੇ ਹਾਈਵੇਅ 105 ’ਤੇ ਬੁੱਧਵਾਰ ਸਵੇਰੇ ਤਕਰੀਬਨ ਸਵਾ ਸੱਤ ਵਜੇ ਪੂਰਬ ਵੱਲ ਜਾ ਰਹੀ ਕ੍ਰਾਈਸਲਰ 200 ਅਤੇ ਪੱਛਮ ਵੱਲ ਜਾ ਰਹੇ ਟ੍ਰਾਂਸਪੋਰਟ ਟਰੱਕ ਦੀ ਆਹਮੋ-ਸਾਹਮਣੀ ਟੱਕਰ ਹੋਣ ਦੀ ਇਤਲਾਹ ਮਿਲਣ ’ਤੇ ਐਮਰਜੰਸੀ ਕਾਮੇ ਮੌਕੇ ’ਤੇ ਪੁੱਜੇ। ਕ੍ਰਾਈਸਲਰ ਵਿਚ ਸਵਾਰ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ।
ਪਿੰਡ ਵੜਿੰਗ ਖੇੜਾ ਦੇ ਗੁਰਪ੍ਰੀਤ ਸਿੰਘ ਦੀ ਮੌਤ
ਪੁਲਿਸ ਵੱਲੋਂ ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਪੰਜਾਬ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਨ ਗਵਾਉਣ ਵਾਲਾ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵੜਿੰਗ ਖੇੜਾ ਦਾ ਗੁਰਪ੍ਰੀਤ ਸਿੰਘ ਸੀ। ਦੂਜੇ ਪਾਸੇ ਟਰੱਕ ਡਰਾਈਵਰ ਅਤੇ ਉਸ ਨਾਲ ਮੌਜੂਦ 20 ਸਾਲਾ ਨੌਜਵਾਨ ਨੂੰ ਕੋਈ ਸੱਟ ਨਾ ਵੱਜੀ। ਪੁਲਿਸ ਵੱਲੋ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿੰਡ ਵੜਿੰਗ ਖੇੜਾ ਦੇ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤ ਗੁਰਪ੍ਰੀਤ ਸਿੰਘ ਤਕਰੀਬਨ ਤਿੰਨ ਸਾਲ ਪਹਿਲਾਂ ਪਤਨੀ ਸਣੇ ਕੈਨੇਡਾ ਪੁੱਜਾ। ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਕੰਮ ਵਾਲੀ ਥਾਂ ਛੱਡ ਕੇ ਘਰ ਪਰਤ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਗੁਰਪ੍ਰੀਤ ਸਿੰਘ ਦੇ ਚਾਚਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਭਤੀਜੇ ਦੀ ਦੇਹ ਪੰਜਾਬ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਪਤਨੀ ਨੂੰ ਕੰਮ ’ਤੇ ਛੱਡ ਕੇ ਘਰ ਪਰਤ ਰਿਹਾ ਸੀ ਪੰਜਾਬੀ ਨੌਜਵਾਨ
ਇਸੇ ਦੌਰਾਨ ਅਮਰੀਕਾ ਦੇ ਔਰੇਗਨ ਸੂਬੇ ਵਿਚ ਟ੍ਰਾਂਸਪੋਰਟ ਟਰੱਕ ਸਣੇ ਕਈ ਗੱਡੀਆਂ ਦੀ ਟੱਕਰ ਦੌਰਾਨ ਅੱਗ ਲੱਗ ਗਈ। ਹਾਈਵੇਅ 97 ’ਤੇ ਵਾਪਰੇ ਹਾਦਸੇ ਦੌਰਾਨ ਬੇਕਾਬੂ ਟ੍ਰਾਂਸਪੋਰਟ ਟਰੱਕ ਸਾਹਮਣੇ ਜਾ ਰਹੇ ਪਿਕਅੱਪ ਟਰੱਕ ’ਤੇ ਜਾ ਚੜ੍ਹਿਆ ਅਤੇ ਚੰਗਿਆੜੇ ਨਿਕਲਣ ਲੱਗੇ। ਦੂਜੇ ਪਾਸੇ ਕੋਈ ਹੋਰ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਅੱਗ ਦੇ ਭਾਂਬੜ ਨਜ਼ਰ ਆਉਣ ਲੱਗੇ। ਡੌਜ ਪਿਕਅੱਪ ਟਰੱਕ ਵਿਚ ਸਵਾਰ ਦੋ ਜਣਿਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।