ਕੈਨੇਡਾ ਪੋਸਟ ਵੱਲੋਂ ਡਾਕ ਟਿਕਟਾਂ 25 ਫੀ ਸਦੀ ਮਹਿੰਗੀਆਂ ਕਰਨ ਦੀ ਤਿਆਰੀ
ਤਿੰਨ ਅਰਬ ਡਾਲਰ ਦੇ ਘਾਟੇ ਵਿਚ ਚੱਲ ਰਹੀ ਕੈਨੇਡਾ ਪੋਸਟ ਵੱਲੋਂ ਡਾਕ ਟਿਕਟਾਂ ਦੀ ਕੀਮਤ ਵਿਚ 25 ਫੀ ਸਦੀ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।;
ਟੋਰਾਂਟੋ : ਤਿੰਨ ਅਰਬ ਡਾਲਰ ਦੇ ਘਾਟੇ ਵਿਚ ਚੱਲ ਰਹੀ ਕੈਨੇਡਾ ਪੋਸਟ ਵੱਲੋਂ ਡਾਕ ਟਿਕਟਾਂ ਦੀ ਕੀਮਤ ਵਿਚ 25 ਫੀ ਸਦੀ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਨਵੀਆਂ ਦਰਾਂ ਅਗਲੇ ਸਾਲ ਤੋਂ ਲਾਗੂ ਹੋਣਗੀਆਂ ਅਤੇ ਕ੍ਰਾਊਨ ਕਾਰਪੋਰੇਸ਼ਨ ਨੂੰ 8 ਕਰੋੜ ਡਾਲਰ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਚਿੱਠੀਆਂ ਦੀ ਗਿਣਤੀ ਵਿਚ ਪਿਛਲੇ 20 ਸਾਲ ਦੌਰਾਨ 60 ਫੀ ਸਦੀ ਕਮੀ ਆਈ ਹੈ ਜਦਕਿ ਘਰਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ।
3 ਅਰਬ ਡਾਲਰ ਦੇ ਘਾਟੇ ਵਿਚ ਚੱਲ ਰਹੀ ਹੈ ਕ੍ਰਾਊਨ ਕਾਰਪੋਰੇਸ਼ਨ
150 ਸਾਲ ਤੋਂ ਵੱਧ ਪੁਰਾਣੇ ਡਾਕ ਵਿਭਾਗ ਦਾ ਕਹਿਣਾ ਹੈ ਕਿ 2006 ਦੌਰਾਨ ਹਰ ਕੈਨੇਡੀਅਨ ਘਰ ਵਿਚ ਔਸਤਨ ਸੱਤ ਚਿੱਠੀਆਂ ਹਰ ਹਫ਼ਤੇ ਆਉਂਦੀਆਂ ਸਨ ਪਰ ਹੁਣ ਇਹ ਗਿਣਤੀ ਸਿਰਫ ਦੋ ਚਿੱਠੀਆਂ ਤੱਕ ਸੀਮਤ ਹੋ ਗਈ ਹੈ। ਅਗਸਤ ਵਿਚ ਕੈਨੇਡਾ ਪੋਸਟ ਨੇ ਲੇਖਾ ਜੋਖਾ ਜਾਰੀ ਕਰਦਿਆਂ ਦੱਸਿਆ ਕਿ 2018 ਤੋਂ 2023 ਦਰਮਿਆਨ 3 ਅਰਬ ਡਾਲਰ ਦਾ ਘਾਟਾ ਪਿਆ। ਡਾਕ ਟਿਕਟਾਂ ਦੀ ਵਧੀ ਹੋਈ ਕੀਮਤ 13 ਜਨਵਰੀ 2025 ਤੋਂ ਲਾਗੂ ਹੋ ਸਕਦੀ ਹੈ ਜਿਸ ਨਾਲ ਖਰਚੇ ਚਲਾਉਣ ਵਿਚ ਮਦਦ ਮਿਲੇਗੀ। ਕੈਨੇਡਾ ਪੋਸਟ ਦੇ ਚੋਟੀ ਦੇ ਅਫਸਰ ਲਗਾਤਾਰ ਨਿਘਰ ਰਹੀ ਹਾਲਤ ਦਾ ਜ਼ਿਕਰ ਕਰ ਰਹੇ ਹਨ ਪਰ ਫੈਡਰਲ ਸਰਕਾਰ ਸਮੱਸਿਆ ਦਾ ਹੱਲ ਤਲਾਸ਼ ਕਰਨ ਪ੍ਰਤੀ ਬਹੁਤੀ ਗੰਭੀਰ ਨਜ਼ਰ ਨਹੀਂ ਆਉਂਦੀ। ਟਰੂਡੋ ਸਰਕਾਰ ਵੱਲੋਂ 2024 ਦੇ ਬਜਟ ਦੌਰਾਨ ਕੈਨੇਡਾ ਪੋਸਟ ਦੀ ਹਾਲਤ ਬਿਹਤਰ ਬਣਾਉਣ ਬਾਰੇ ਜ਼ਿਕਰ ਕੀਤਾ ਗਿਆ ਪਰ ਜ਼ਮੀਨੀ ਪੱਧਰ ’ਤੇ ਉਸ ਕਿਸਮ ਦੇ ਕੰਮ ਸੰਭਾਵਤ ਤੌਰ ’ਤੇ ਨਹੀਂ ਹੋ ਰਹੇ।