ਵਿਦੇਸ਼ੀ ਦਖਲ ਬਾਰੇ ਖੁਫੀਆ ਜਾਣਕਾਰੀ ਲੀਕ ਹੋਣ ਤੋਂ ਜਸਟਿਨ ਟਰੂਡੋ ਗੁੱਸੇ

ਵਿਦੇਸ਼ੀ ਦਖਲ ਬਾਰੇ ਖੁਫੀਆ ਜਾਣਕਾਰੀ ਲੀਕ ਹੋਣ ਤੋਂ ਜਸਟਿਨ ਟਰੂਡੋ ਗੁੱਸੇ

ਔਟਵਾ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ 2019 ਅਤੇ 2021 ਦੀਆਂ ਚੋਣਾਂ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਹੋਈਆਂ ਪਰ ਬੇਹੱਦ ਸੰਜੀਦਾ ਖੁਫੀਆ ਜਾਣਕਾਰੀ ਮੀਡੀਆ ਵਿਚ ਲੀਕ ਹੋਣ ਨਾਲ ਮੁਲਕ ਵਾਸੀਆਂ ਦੇ ਲੋਕਤੰਤਰ ਉਪਰ ਭਰੋਸੇ ਨੂੰ ਵੱਡੀ ਢਾਹ ਲੱਗੀ। ਵਿਦੇਸ਼ੀ ਦਖਲ ਦੀ ਪੜਤਾਲ ਕਰ ਰਹੇ ਕਮਿਸ਼ਨ ਅੱਗੇ ਪੇਸ਼ ਹੁੰਦਿਆਂ ਪ੍ਰਧਾਨ ਮੰਤਰੀ ਨੇ ਮੰਨਿਆ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਟੋਰਾਂਟੋ ਦੀ ਡੌਨ ਵੈਲੀ ਨੌਰਥ ਰਾਈਡਿੰਗ ਵਿਚ ਚੀਨੀ ਦਖਲ ਬਾਰੇ ਖੁਫੀਆ ਏਜੰਸੀ ਵੱਲੋਂ ਸੁਚੇਤ ਕੀਤਾ ਗਿਆ ਪਰ ਲਿਬਰਲ ਉਮੀਦਵਾਰ ਹੈਨ ਡੌਂਗ ਨੂੰ ਹਟਾਉਣ ਵਾਸਤੇ ਸਬੂਤ ਕਾਫੀ ਨਹੀ ਸਨ।

ਪੜਤਾਲ ਕਮਿਸ਼ਨ ਅੱਗੇ ਪੇਸ਼ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ

ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲ ਰੋਕਣ ਲਈ ਲਿਬਰਲ ਸਰਕਾਰ ਨੇ ਪੁਖਤਾ ਬੰਦੋਬਸਤ ਕੀਤੇ ਗਏ ਪਰ ਮੰਦਭਾਗੇ ਤੌਰ ’ਤੇ ਮੀਡੀਆ ਰਿਪੋਰਟਾਂ ਵਿਚ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਮੀਡੀਆ ਵਿਚ ਲੀਕ ਜਾਣਕਾਰੀ ਤਸਵੀਰ ਦਾ ਸਿਰਫ ਇਕ ਪਾਸਾ ਪੇਸ਼ ਕਰ ਰਹੀ ਸੀ ਅਤੇ ਖੁਫੀਆ ਜਾਣਕਾਰੀ ਦੀ ਭਰੋਸੇਯੋਗਤਾ ਦਾ ਵਿਸ਼ਲੇਸ਼ਣ ਕੀਤੇ ਬਗੈਰ ਇਸ ਨੂੰ ਪ੍ਰਕਾਸ਼ਤ ਕਰ ਦਿਤਾ ਗਿਆ। ਟਰੂਡੋ ਨੇ ਦਾਅਵਾ ਕੀਤਾ ਕਿ ਮੀਡੀਆ ਰਿਪੋਰਟਾਂ ਵਿਚ ਕਈ ਗੱਲਾਂ ਸਰਾਸਰ ਗਲਤ ਛਾਪੀਆਂ ਗਈਆਂ ਜਦਕਿ ਕੁਝ ਲੋਕ ਇਨ੍ਹਾਂ ਨੂੰ ਸਨਸਨੀਖੇਜ਼ ਦਾਅਵਾ ਕਰਾਰ ਦਿੰਦੇ ਰਹੇ। ਉਨ੍ਹਾਂ ਅੱਗੇ ਕਿਹਾ, ‘‘ਜੇ ਅਸੀਂ ਕੁਝ ਖਾਸ ਚੀਜ਼ਾਂ ਵੱਲ ਤਵੱਜੋ ਦੇਵਾਂਗੇ ਜਾਂ ਹੋਰਨਾਂ ਚੀਜ਼ਾਂ ਤੋਂ ਮੂੰਹ ਮੋੜਨ ਦਾ ਯਤਨ ਕਰਾਂਗੇ ਤਾਂ ਆਪਣੇ ਵਿਰੋਧੀਆਂ ਅੱਗੇ ਸਾਰਾ ਭੇਤ ਖੋਲ੍ਹ ਦਿਆਂਗੇ ਕਿ ਅਸੀਂ ਵਿਦੇਸ਼ੀ ਦਖਲ ਦੇ ਯਤਨਾਂ ਦੀ ਪਛਾਣ ਕਿਵੇਂ ਕਰਦੇ ਹਾਂ।’’

2019 ਅਤੇ 2021 ਦੀਆਂ ਚੋਣਾਂ ਆਜ਼ਾਦ ਤੇ ਨਿਰਪੱਖ ਹੋਣ ਦਾ ਦਾਅਵਾ

ਇਥੇ ਦਸਣਾ ਬਣਦਾ ਹੈ ਕਿ ਲਿਬਰਲ ਐਮ.ਪੀ. ਹੈਨ ਡੌਂਗ ਨੂੰ ਪਿਛਲੇ ਸਾਲ ਪਾਰਟੀ ਛੱਡਣੀ ਪਈ ਕਿਉਂਕਿ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਹੈਨ ਡੌਂਗ ਦੇ ਕਹਿਣ ’ਤੇ ਹੀ ਚੀਨ ਵਿਚ ਗ੍ਰਿਫ਼ਤਾਰ ਮਾਈਕਲ ਕੌਵਰਿਗ ਅਤੇ ਮਾਈਕਲ ਸਪੈਵਰ ਦੀ ਰਿਹਾਈ ਲਟਕ ਰਹੀ ਹੈ। ਹੈਨ ਡੌਂਗ ਵੱਲੋਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ। ਜਸਟਿਨ ਟਰੂਡੋ ਨੇ ਪੇਸ਼ੀ ਦੌਰਾਨ ਆਖਿਆ ਕਿ ਹੈਨ ਡੌਂਗ ’ਤੇ ਲੱਗੇ ਦੋਸ਼ ਬਿਲਕੁਲ ਝੂਠ ਸਨ ਪਰ ਕੌਮੀ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਉਹ ਵਿਸਤਾਰਤ ਜਾਣਕਾਰੀ ਪੇਸ਼ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਨੇ ਜਾਂਚ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 2015 ਵਿਚ ਸੱਤਾ ਸੰਭਾਲਣ ਵੇਲੇ ਤੋਂ ਹੀ ਵਿਦੇਸ਼ੀ ਦਖਲ ਨਾਲ ਨਜਿੱਠਣ ਦੀ ਰਣਨੀਤੀ ਘੜ ਲਈ ਸੀ। ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੈਨੇਡਾ ਸਰਕਾਰ ਹਰ ਸੰਭਵ ਕਦਮ ਉਠਾ ਰਹੀ ਹੈ।

ਲਿਬਰਲ ਉਮੀਦਵਾਰ ਹੈਨ ਡੌਂਗ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਟਰੂਡੋ ਨੇ ਆਖਿਆ ਕਿ ਕੈਨੇਡਾ ਵਿਚ ਵਸਦੇ ਘੱਟ ਗਿਣਤੀਆਂ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ, ਭਾਵੇਂ ਇਸ ’ਤੇ ਉਨ੍ਹਾਂ ਦੇ ਜੱਦੀ ਮੁਲਕਾਂ ਦੀਆਂ ਸਰਕਾਰਾਂ ਨੂੰ ਇਤਰਾਜ਼ ਕਿਉਂ ਨਾ ਹੋਵੇ। ਦੱਸ ਦੇਈਏ ਕਿ ਲੰਘੀਆਂ ਸੁਣਵਾਈਆਂ ਦੌਰਾਨ ਪੜਤਾਲ ਕਮਿਸ਼ਨ ਨੂੰ ਦੱਸਿਆ ਜਾ ਚੁੱਕਾ ਹੈ ਕਿ ਵਿਦੇਸ਼ੀ ਤਾਕਤਾਂ ਵੱਲੋਂ ਦਖਲ ਦੇਣ ਦਾ ਯਤਨ ਕੀਤਾ ਗਿਆ ਪਰ ਇਸ ਗੱਲ ਦਾ ਪੁਖਤਾ ਸਬੂਤ ਮੌਜੂਦ ਨਹੀਂ ਕਿ ਵਿਦੇਸ਼ੀ ਤਾਕਤਾਂ ਆਪਣੇ ਮਕਸਦ ਵਿਚ ਕਾਮਯਾਬ ਹੋਈਆਂ ਜਾਂ ਨਹੀਂ।

ਹਰਦੀਪ ਸਿੰਘ ਨਿੱਜਰ ਦੇ ਮੁੱਦੇ ’ਤੇ ਕਿਹਾ, ਕੈਨੇਡਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾ ਰਹੇ

ਦੂਜੇ ਪਾਸੇ 2017 ਤੋਂ 2019 ਤੱਕ ਲੋਕਤੰਤਰੀ ਸੰਸਥਾਵਾਂ ਬਾਰੇ ਮੰਤਰੀ ਬਾਰੇ ਮੰਤਰੀ ਰਹੀ ਕਰੀਨੀ ਗੂਲਡ ਨੇ ਕਮਿਸ਼ਨ ਅੱਗੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀ ਵਿਦੇਸ਼ ਦਖਲ ਦੀਆਂ ਸਰਗਰਮੀਆਂ ਬਾਰੇ ਸੰਕੇਤ ਦਿਤੇ ਗਏ। ਸਾਬਕਾ ਮੰਤਰੀ ਮੁਤਾਬਕ ਇਨ੍ਹਾਂ ਸਰਗਰਮੀਆਂ ਨਾਲ ਕੈਨੇਡਾ ਵਾਸੀਆਂ ਦੀ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਵੋਟ ਪਾਉਣ ਦੀ ਸਮਰੱਥਾਂ ’ਤੇ ਕੋਈ ਅਸਰ ਨਹੀਂ ਪਿਆ। ਕਰੀਨਾ ਗੂਲਡ ਤੋਂ ਬਾਅਦ ਇਹ ਮਹਿਕਮਾ ਡੌਮੀਨਿਕ ਲੀਬਲੈਂਕ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਵਿਦੇਸ਼ੀ ਦਖਲ ਬਾਰੇ ਸ਼ਾਇਦ ਹੀ ਕੋਈ ਖੁਫੀਆ ਜਾਣਕਾਰੀ ਮਿਲ ਸਕੀ। ਇਸੇ ਦੌਰਾਨ ਬੁੱਧਵਾਰ ਸ਼ਾਮ ਇਕ ਪਾਰਲੀਮਾਨੀ ਕਮੇਟੀ ਨੇ ਵਿਦੇਸ਼ੀ ਦਖਲ ਦੇ ਮੁੱਦੇ ’ਤੇ ਲੰਮੀ-ਚੌੜੀ ਰਿਪੋਰਟ ਜਾਰੀ ਕਰ ਦਿਤੀ। ਰਿਪੋਰਟ ਵਿਚ 29 ਸਿਫਾਰਸ਼ਾਂ ਕੀਤੀਆਂ ਗਈਆਂ ਹਨ।

Related post

ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ ਕੀ ਮਿਲਣਗੀਆਂ ਸਹੂਲਤਾਂ

ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ…

ਟੋਰਾਂਟੋ, 20 ਮਈ, ਪਰਦੀਪ ਸਿੰਘ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ…
ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਫਤਿਹਗੜ੍ਹ ਸਾਹਿਬ, 20 ਮਈ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ…
8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਲਖਨਊ, 20 ਮਈ, ਨਿਰਮਲ : ਇੱਕ ਵਿਅਕਤੀ ਵੱਲੋਂ ਕਈ ਵਾਰ ਵੋਟ ਪਾਉਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ…