ਡੇਟਨ ਸ਼ਹਿਰ ਦੀਆਂ ਸੰਗਤਾਂ ਨੇ ਸਫ਼ਰ ਏ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਬਾਣੀ ਦੇ ਜਾਪ ਕੀਤੇ

ਡੇਟਨ ਸ਼ਹਿਰ ਦੀਆਂ ਸੰਗਤਾਂ ਨੇ ਸਫ਼ਰ ਏ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਬਾਣੀ ਦੇ ਜਾਪ ਕੀਤੇ

ਨਿਊਯਾਰਕ, (ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ਉਹਾਇਉ ਸੂਬੇ ਦੇ ਸ਼ਹਿਰ ਡੇਟਨ ਦੀਆਂ ਸਿੱਖ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਆਨੰਦਪੁਰ ਦਾ ਕਿਲਾ ਛੱਡਣ ਤੋ ਲੈ ਕੇ ਪਰਿਵਾਰ ਵਿਛੋੜਾ, ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਸਾਹਿਬ ਨੇ ਇਕੱਲਿਆਂ ਮਾਛੀਵਾੜੇ ਦੇ ਜੰਗਲਾਂ ਵਿੱਚ ਰਾਤਾਂ ਗੁਜ਼ਾਰਨੀਆਂ , ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਦੀ ਗ੍ਰਿਫ਼ਤਾਰੀ ਤੋਂ ਸਰਹੰਦ ਸ਼ਹਿਰ ਵਿੱਚ ਸ਼ਹਾਦਤ ਤੱਕ ਦੇ ਇਤਿਹਾਸ ਨੂੰ ਯਾਦ ਕਰਦਿਆਂ 22 ਦਸੰਬਰ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਅਤੇ ਦਿਨ ਐਤਵਾਰ ਮਿਤੀ 24 ਦਸੰਬਰ ਨੂੰ ਪਾਠਾਂ ਦੀ ਸਮਾਪਤੀ ਉਪਰੰਤ ਬੱਚਿਆਂ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਦਰਸ਼ਨ ਸਿੰਘ ਜੀ ਭਾਈ ਹੇਮ ਸਿੰਘ ਜੀ ਬੀਬੀ ਪ੍ਰਿਤਪਾਲ ਕੌਰ ਜੀ ਨਾਲ ਸਹਿਯੋਗ ਕਰਦਿਆਂ ਤਬਲਾ ਵਾਦਿਕ ਯਤਨ ਸਿੰਘ ਲਖਵਿੰਦਰ ਸਿੰਘ ਅਤੇ ਅਵਤਾਰ ਸਿੰਘ ਸਪਰਿੰਗਫੀਲਡ ਵੱਲੋਂ ਕੀਰਤਨ ਕਵਿਤਾਵਾਂ ਤੋ ਇਲਾਵਾ ਸਫ਼ਰ ਏ ਸ਼ਹਾਦਤ ਦੀ ਦਾਸਤਾਨ ਸੰਗਤਾਂ ਨਾਲ ਸਾਂਝੀ ਕੀਤੀ ਗਈ ਜਿਸ ਵਿੱਚੋਂ ਬੱਚਿਆਂ ਨੂੰ ਪ੍ਰਸ਼ਨ ਉੱਤਰ ਯਾਦ ਕਰਨ ਲਈ ਪ੍ਰੇਰਿਆ ਗਿਆ ਅਤੇ ਇੱਕ ਹਫ਼ਤੇ ਬਾਅਦ ਬੱਚਿਆਂ ਤੋਂ ਸੁਆਲ ਜੁਆਬ ਤਲਬ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਸਫ਼ਰ ਏ ਸ਼ਹਾਦਤ ਦੀ ਦਾਸਤਾਨ ਸੁਣਦਿਆਂ ਸੰਗਤਾਂ ਦੇ ਮਨ ਵੈਰਾਗ ਨਾਲ ਭਰ ਆਏ ਅਤੇ ਦੀਵਾਨ ਹਾਲ ਵਿੱਚ ਖ਼ਾਮੋਸ਼ੀ ਛਾਈ ਰਹੀ। ਅਖੰਡ ਪਾਠ ਦੌਰਾਨ ਤਿੰਨ ਦਿਨ ਸੰਗਤਾਂ ਦੀ ਆਵਾਜਾਈ ਗੁਰਦੁਆਰਾ ਵਿਖੇ ਨਿਰੰਤਰ ਜਾਰੀ ਰਹੀ ਅਤੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਸੰਗਤਾਂ ਲਈ ਮਿੱਸੇ ਲੰਗਰਾਂ ਦੇ ਪ੍ਰਵਾਹ ਚਲਾਏ ਗਏ। ਐਤਵਾਰ ਬਾਅਦ ਦੁਪਹਿਰ ਦੋ ਵਜੇ ਤੋਂ ਬਾਅਦ ਸੰਗਤਾਂ ਭਰੇ ਮਨਾ ਨਾਲ ਘਰਾਂ ਨੂੰ ਰਵਾਨਾ ਹੋਈਆਂ।