‘ਟਾਟਾ ਸੂਮੋ’ ਦੇ ਨਾਂਅ ਪਿੱਛੇ ਛੁਪੀ ਸ਼ਾਨਦਾਰ ਕਹਾਣੀ

‘ਟਾਟਾ ਸੂਮੋ’ ਦੇ ਨਾਂਅ ਪਿੱਛੇ ਛੁਪੀ ਸ਼ਾਨਦਾਰ ਕਹਾਣੀ

HIGHLIGHTS : ‘ਟਾਟਾ ਸੂਮੋ’ ਦੇ ਨਾਂਅ ਪਿੱਛੇ ਛੁਪੀ ਸ਼ਾਨਦਾਰ ਕਹਾਣੀ
1994 ’ਚ ਲਾਂਚ ਹੋਈ ਸੀ ਧੱਕੜ ਗੱਡੀ ‘ਟਾਟਾ ਸੂਮੋ’
‘ਟਾਟਾ ਸੂਮੋ’ ਨੇ 25 ਸਾਲਾਂ ਤੱਕ ਕੀਤਾ ਸੜਕਾਂ ’ਤੇ ਰਾਜ
ਕੰਪਨੀ ਦੇ ਵੱਡੇ ਅਫ਼ਸਰ ਦੇ ਨਾਂ ’ਤੇ ਰੱਖਿਆ ਗਿਆ ਨਾਮ
ਸੁਮੰਤ ਮੂਲਗਾਂਵਕਰ ਦੇ ਨਾਂ ’ਤੇ ਰੱਖਿਆ ਸੂਮੋ ਦਾ ਨਾਮ
ਧਰਾਤਲ ’ਤੇ ਜਾ ਕੇ ਡਰਾਇਵਰਾਂ ਤੋਂ ਜਾਣਦੇ ਸੀ ਸਮੱਸਿਆਵਾਂ

ਚੰਡੀਗੜ੍ਹ : ਟਾਟਾ ਕੰਪਨੀ ਦੀਆਂ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੀਆਂ ਹੋਣਗੀਆਂ ਅਤੇ ਬਹੁਤ ਸਾਰੀਆਂ ਚਲਾਈਆਂ ਵੀ ਹੋਣਗੀਆਂ ਪਰ ਕੀ ਤੁਸੀਂ ‘ਟਾਟਾ ਸੂਮੋ’ ਗੱਡੀ ਬਾਰੇ ਸੁਣਿਆ ਏ? ਸਾਲ 1994 ਵਿਚ ਲਾਂਚ ਹੋਈ ਇਸ ਗੱਡੀ ਨੇ 25 ਸਾਲ ਤੱਕ ਦੇਸ਼ ਦੀਆਂ ਸੜਕਾਂ ’ਤੇ ਰਾਜ ਕੀਤਾ। ਜੇਕਰ ਕੋਈ ਤਾਕਤਵਰ ਅਤੇ ਭਰੋਸੇਮੰਦ ਗੱਡੀ ਲੈਣਾ ਚਾਹੁੰਦਾ ਸੀ ਤਾਂ ਦਿਮਾਗ਼ ਵਿਚ ਇਸੇ ਗੱਡੀ ਦਾ ਨਾਮ ਆਉਂਦਾ ਸੀ।

ਕੁੱਝ ਲੋਕਾਂ ਨੂੰ ਲਗਦਾ ਹੋਵੇਗਾ ਕਿ ਸ਼ਾਇਦ ਇਸ ਦੇ ਸਾਇਜ਼ ਜਾਂ ਤਾਕਤ ਦੇਖ ਕੇ ਇਸ ਦਾ ਨਾਮ ‘ਸੂਮੋ’ ਰੱਖਿਆ ਹੋਵੇਗਾ ਜੋ ਜਪਾਨ ਦੇ ਫੇਮਸ ਸੂਮੋ ਰੈਸਲਰਾਂ ਦੇ ਨਾਲ ਮਿਲਦਾ ਜੁਲਦਾ ਏ ਪਰ ਅਜਿਹਾ ਬਿਲਕੁਲ ਵੀ ਨਹੀਂ। ਟਾਟਾ ਸੂਮੋ ਦੇ ਨਾਮ ਦਾ ਜਪਾਨੀ ਪਹਿਲਵਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਬਲਕਿ ਇਸ ਦੇ ਨਾਮ ਪਿੱਛੇ ਇਕ ਬਹੁਤ ਸ਼ਾਨਦਾਰ ਕਹਾਣੀ ਛੁਪੀ ਹੋਈ ਐ, ਜਿਸ ਨੂੰ ਸੁਣ ਕੇ ਤੁਸੀਂ ਵੀ ਰਤਨ ਟਾਟਾ ਦੀ ਸੋਚ ਨੂੰ ਸਲਾਮ ਕਰੋਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਟਾਟਾ ਕੰਪਨੀ ਨੇ ਕਿਸ ਦੇ ਨਾਂਅ ’ਤੇ ਰੱਖਿਆ ਸੀ ‘ਟਾਟਾ ਸੂਮੋ’ ਦਾ ਨਾਮ?

ਟਾਟਾ ਕੰਪਨੀ ਦੀਆਂ ਗੱਡੀਆਂ ਨੂੰ ਧੱਕੜ ਅਤੇ ਮਜ਼ਬੂਤ ਮੰਨਿਆ ਜਾਂਦਾ ਏ। ਕੰਪਨੀ ਵੱਲੋਂ ਅੱਜ ਤੱਕ ਬਹੁਤ ਸਾਰੀਆਂ ਗੱਡੀਆਂ ਲਾਂਚ ਕੀਤੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਏ ਪਰ ਸਾਲ 1994 ਵਿਚ ਟਾਟਾ ਕੰਪਨੀਆਂ ਵੱਲੋਂ ਇਕ ਐਸਯੂਵੀ ਲਾਂਚ ਕੀਤੀ ਗਈ ਸੀ, ਜਿਸ ਨੇ ਕਰੀਬ 25 ਸਾਲਾਂ ਤੱਕ ਦੇਸ਼ ਦੀਆਂ ਸੜਕਾਂ ’ਤੇ ਰਾਜ ਕੀਤਾ। ਇਸ ਧੱਕੜ, ਸ਼ਾਨਦਾਰ ਤੇ ਮਜ਼ਬੂਤ ਗੱਡੀ ਦਾ ਨਾਮ ਸੀ ‘ਟਾਟਾ ਸੂਮੋ’। ਉਸ ਸਮੇਂ ਹਰ ਪਾਸੇ ਇਸ ਗੱਡੀ ਦਾ ਜਲਵਾ ਦਿਖਾਈ ਦਿੰਦਾ ਸੀ।

ਇਸ ਦੇ ਸਾਈਜ਼ ਅਤੇ ਤਾਕਤ ਨੂੰ ਦੇਖ ਕੇ ਹਰ ਕਿਸੇ ਨੂੰ ਲਗਦਾ ਸੀ ਕਿ ਕੰਪਨੀ ਨੇ ਇਸ ਗੱਡੀ ਨਾਮ ਬਿਲਕੁਲ ਸਹੀ ਰੱਖਿਆ ਏ ਜੋ ਜਪਾਨ ਦੇ ਮਸ਼ਹੂਰ ਸੂਮੋ ਪਹਿਲਵਾਨਾਂ ਦੇ ਨਾਲ ਮਿਲਦਾ ਜੁਲਦਾ ਏ। ਬਹੁਤ ਸਾਰੇ ਲੋਕ ਤਾਂ ਇਹੀ ਸਮਝਦੇ ਨੇ ਕਿ ਕੰਪਨੀ ਨੇ ਤਾਕਤਵਰ ਜਪਾਨੀ ਸੂਮੋ ਪਹਿਲਵਾਨਾਂ ਦੇ ਨਾਂਅ ’ਤੇ ਹੀ ਇਸ ਦਾ ਨਾਮ ਰੱਖਿਆ ਹੋਵੇਗਾ ਪਰ ਅਜਿਹਾ ਬਿਲਕੁਲ ਨਹੀਂ।

ਕੰਪਨੀ ਨੇ ਇਸ ਦਾ ਨਾਮ ਕੰਪਨੀ ਦੇ ਇਨਹਾਊਸ ‘ਪਹਿਲਵਾਨ’ ਸੁਮੰਤ ਮੂਲਗਾਂਵਕਰ ਦੇ ਨਾਂਅ ’ਤੇ ਰੱਖਿਆ ਸੀ ਪਰ ਉਹ ਪਰ ਉਹ ਕੁਸ਼ਤੀ ਲੜਨ ਵਾਲੇ ਪਹਿਲਵਾਨ ਨਹੀਂ ਸੀ ਬਲਕਿ ਕੰਪਨੀ ਲਈ ਪਹਿਲਵਾਨ ਸਨ। ਯਾਨੀ ਕਿ ਕੰਮ ਦੇ ਮਾਮਲੇ ਵਿਚ ਧਾਕੜ ਅਤੇ ਦਿਲ ਲਗਾ ਕੇ ਕੰਮ ਕਰਨ ਵਾਲੇ।

ਜਦੋਂ ਟਾਟਾ ਸੂਮੋ ਗੱਡੀ ਲਾਂਚ ਹੋਈ ਸੀ, ਉਦੋਂ ਸੁਮੰਤ ਮੂਲਗਾਂਵਕਰ ਟਾਟਾ ਮੋਟਰਜ਼ ਵਿਚ ਮੈਨੇਜਿੰਗ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਦੇ ਸਨ। ਸੁਮੰਤ ਅਤੇ ਉਨ੍ਹਾਂ ਦੀ ਟੌਪ ਐਗਜ਼ੀਕਿਊਟਿਵ ਟੀਮ ਵੱਲੋਂ ਉਦੋਂ ਇਸ ਗੱਡੀ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਉਸ ਸਮੇਂ ਕੰਪਨੀ ਦੀ ਇਹ ਸਾਰੀ ਟੀਮ ਇਕੱਠੇ ਬੈਠ ਕੇ ਖਾਣਾ ਖਾਂਦੀ ਸੀ ਪਰ ਐਨ ਮੌਕੇ ’ਤੇ ਸੁਮੰਤ ਗਾਇਬ ਹੋ ਜਾਂਦੇ ਸੀ ਅਤੇ ਫਿਰ ਘੰਟਿਆਂ ਤੱਕ ਵਾਪਸ ਨਹੀਂ ਆਉਂਦੇ ਸੀ।
ਹੌਲੀ ਹੌਲੀ ਕੰਪਨੀ ਵਿਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਸੁਮੰਤ ਉਨ੍ਹਾਂ ਦੇ ਨਾਲ ਦੁਪਹਿਰ ਦਾ ਖਾਣਾ ਨਹੀਂ ਖਾਣਾ ਚਾਹੁੰਦੇ ਕਿਉਂਕਿ ਕੁੱਝ ਲੋਕਾਂ ਨੂੰ ਲਗਦਾ ਸੀ ਕਿ ਉਹ ਨਾਲ ਦੇ ਫਾਈਵ ਸਟਾਰ ਹੋਟਲ ਵਿਚ ਟਾਟਾ ਡੀਲਰਾਂ ਨਾਲ ਖਾਣਾ ਖਾਣ ਲਈ ਜਾਂਦੇ ਨੇ।

ਜਦੋਂ ਰੋਜ਼ ਰੋਜ਼ ਅਜਿਹਾ ਹੋਣ ਲੱਗਿਆ ਤਾਂ ਟੀਮ ਦੇ ਕੁੱਝ ਕਰਮਚਾਰੀਆਂ ਨੇ ਇਕ ਦਿਨ ਦੁਪਹਿਰ ਦੇ ਖਾਣੇ ਸਮੇਂ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਨ੍ਹਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਸੁਮੰਤ ਮੂਲਗਾਂਵਕਰ ਨੂੰ ਹਾਈਵੇਅ ਦੇ ਕਿਨਾਰੇ ਬਣੇ ਇਕ ਢਾਬੇ ’ਤੇ ਖਾਣਾ ਖਾਂਦੇ ਦੇਖਿਆ। ਦਫ਼ਤਰ ਤੋਂ ਨਿਕਲੇ ਸੁਮੰਤ ਨਾ ਸਿਰਫ਼ ਢਾਬੇ ’ਤੇ ਬੈਠ ਕੇ ਖਾਣਾ ਖਾ ਰਹੇ ਸੀ ਬਲਕਿ ਉਹ ਉਥੇ ਬੈਠੇ ਹੋਰ ਟਰੱਕ ਡਰਾਇਵਰਾਂ ਦੇ ਨਾਲ ਗੱਪਾਂ ਵੀ ਮਾਰ ਰਹੇ ਸੀ।

ਬਾਅਦ ਵਿਚ ਪਤਾ ਚੱਲਿਆ ਕਿ ਸੁਮੰਤ ਟਰੱਕ ਡਰਾਇਵਰਾਂ ਦੇ ਨਾਲ ਅਸਲ ਵਿਚ ਕੰਮ ਦੀ ਰਿਸਰਚ ਕਰ ਰਹੇ ਸੀ, ਉਹ ਟਾਟਾ ਦੀਆਂ ਗੱਡੀਆਂ ਬਾਰੇ ਡਰਾਇਵਰਾਂ ਦੇ ਦਿਲ ਦੀ ਗੱਲ ਜਾਣਨਾ ਚਾਹੁੰਦੇ ਸੀ। ਡਰਾਇਵਰਾਂ ਨੂੰ ਸੜਕਾਂ ’ਤੇ ਗੱਡੀਆਂ ਵਿਚ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਗੱਲ ਕਰਦੇ ਸੀ ਅਤੇ ਫਿਰ ਪੂਰੀ ਜਾਣਕਾਰੀ ਟਾਟਾ ਦੇ ਡਿਜ਼ਾਇਨ ਅਤੇ ਰਿਸਰਚ ਐਂਡ ਡਿਵੈਲਪਮੈਂਟ ਨਾਲ ਸਾਂਝੀ ਕਰਦੇ ਸੀ।

ਸੁਮੰਤ ਦੇ ਇਸ ਤਰੀਕੇ ਨਾਲ ਕੰਮ ਕਰਨ ਦੀ ਖ਼ਬਰ ਰਤਨ ਟਾਟਾ ਤੱਕ ਵੀ ਪਹੁੰਚ ਗਈ। ਇਸ ਤੋਂ ਬਾਅਦ ਕੰਪਨੀ ਨੇ ਉਸ ਦਾ ਭਵਿੱਖ ਬਦਲਣ ਵਾਲੀ ਗੱਡੀ ਦਾ ਨਾਮ ‘ਸੁਮੰਤ ਮੂਲਗਾਂਵਕਰ’ ਦੇ ਨਾਂਅ ’ਤੇ ਰੱਖਣ ਦਾ ਫ਼ੈਸਲਾ ਕੀਤਾ। ਕੰਪਨੀ ਨੇ ਉਸ ਦੇ ਨਾਮ ਦੇ ਪਹਿਲੇ ਅੱਖਾਂ ਨੂੰ ਮਿਲਾ ਕੇ ਨਾਮ ਬਣਾਇਆ ‘ਸੂਮੋ’।

ਬਸ ਫਿਰ ਕੀ ਸੀ, ਇਸ ਗੱਡੀ ਦੇ ਲਾਂਚ ਹੋਣ ਦੀ ਦੇਰ ਸੀ, ਮਹਿਜ਼ ਤਿੰਨ ਸਾਲਾਂ ਦੇ ਅੰਦਰ ਹੀ ਟਾਟਾ ਸੂਮੋ ਨੇ ਇਕ ਲੱਖ ਦਾ ਅੰਕੜਾ ਪਾਰ ਕਰ ਲਿਆ ਅਤੇ ਫਿਰ ਇਹ ਗੱਡੀ 25 ਸਾਲ ਤੱਕ ਲੋਕਾਂ ਦੀ ਹਰਮਨ ਪਿਆਰੀ ਬਣੀ ਰਹੀ, ਜੋ ਗੱਡੀਆਂ ਦੇ ਮਾਮਲੇ ਵਿਚ ਕਿਸੇ ਇਤਿਹਾਸ ਤੋਂ ਘੱਟ ਨਹੀਂ। ਭਾਵੇਂ ਕਿ ਕੰਪਨੀ ਨੇ ਸਾਲ 2019 ਵਿਚ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਸੀ ਪਰ ਅੱਜ ਵੀ ਜਦੋਂ ਕਿਤੇ ਇਹ ਗੱਡੀ ਪਹਿਲਵਾਨ ਦੀ ਤਰ੍ਹਾਂ ਸੜਕਾਂ ’ਤੇ ਚਲਦੀ ਨਜ਼ਰ ਆਉਂਦੀ ਐ ਤਾਂ ਇਸ ਦੀ ਚਰਚਾ ਜ਼ਰੂਰ ਹੁੰਦੀ ਐ।

ਸੁਮੰਤ ਮੂਲਗਾਂਵਕਰ ਭਾਵੇਂ ਕੁਸ਼ਤੀ ਲੜਨ ਵਾਲੇ ਪਹਿਲਵਾਨ ਨਹੀਂ ਸਨ ਪਰ ਆਟੋ ਇੰਡਸਟਰੀ ਦੇ ਲਈ ਉਹ ਵਾਕਈ ਕਿਸੇ ਪਹਿਲਵਾਨ ਤੋਂ ਘੱਟ ਨਹੀਂ ਸਨ। ਅੱਗੇ ਚੱਲ ਕੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਭੂਸ਼ਣ ਦੇ ਨਾਲ ਨਿਵਾਜ਼ਿਆ ਗਿਆ ਸੀ।

‘ਟਾਟਾ ਸੂਮੋ’ ਕੰਪਨੀ ਵੱਲੋਂ ਇਕ ਵੱਡੀ ਰਿਸਰਚ ਤੋਂ ਬਾਅਦ ਲਾਂਚ ਕੀਤੀ ਗਈ ਸੀ, ਉਸ ਸਮੇਂ ਕੰਪਨੀ ਲੋਕਾਂ ਵਿਚ ਜਾ ਕੇ ਉਨ੍ਹਾਂ ਦੇ ਵਿਚਾਰ ਜਾਣਦੀ ਸੀ ਕਿ ਉਹ ਕਿਹੋ ਜਿਹੇ ਗੱਡੀ ਚਾਹੁੰਦੇ ਨੇ। ਜਦੋਂ ਵੀ ਕਿਸੇ ਕੰਪਨੀ ਨੇ ਅਜਿਹਾ ਕੀਤਾ, ਤਾਂ ਉਨ੍ਹਾਂ ਗੱਡੀਆਂ ਨੇ ਜ਼ਰੂਰ ਇਤਿਹਾਸ ਸਿਰਜਿਆ।

ਸੋ ਟਾਟਾ ਸੂਮੋ ਗੱਡੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਆਪਣੀ ਰਾਇ ਕੁਮੈਂਟ ਜ਼ਰੀਏ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…