ਲੀਡਰੀ ’ਚ ਖ਼ਤਮ ਹੋਈ ਫਰੀਦਕੋਟੀਆਂ ਦੀ ਚੜ੍ਹਤ!

ਲੀਡਰੀ ’ਚ ਖ਼ਤਮ ਹੋਈ ਫਰੀਦਕੋਟੀਆਂ ਦੀ ਚੜ੍ਹਤ!

ਫਰੀਦਕੋਟ (ਸੁਖਜਿੰਦਰ ਸਹੋਤਾ) : ਇਕ ਸਮਾਂ ਸੀ ਜਦੋਂ ਫਰੀਦਕੋਟ ਜ਼ਿਲ੍ਹੇ ਦੀ ਸਿਆਸਤ ਦੇ ਦੁਨੀਆ ਵਿਚ ਚਰਚੇ ਸਨ ਅਤੇ ਫਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਲੀਡਰ ਦੀ ਸ਼ਮੂਲੀਅਤ ਤੋਂ ਬਿਨਾਂ ਪੰਜਾਬ ਦੀ ਵਜ਼ਾਰਤ ਪੂਰੀ ਨਹੀਂ ਸੀ ਹੁੰਦੀ। ਫਰੀਦਕੋਟ ਜ਼ਿਲ੍ਹੇ ਦੇ ਤਿੰਨ ਨੇਤਾ ਮੱੁਖ ਮੰਤਰੀ ਬਣੇ, ਇਕ ਉਪ ਮੱੁਖ ਮੰਤਰੀ ਬਣਿਆ, ਇਕ ਦੇਸ਼ ਦਾ ਰਾਸ਼ਟਰਪਤੀ ਬਣਿਆ, ਇਸ ਦੇ ਨਾਲ ਨਾਲ ਕੇਂਦਰੀ ਵਜ਼ਾਰਤ ਵਿਚ ਵੀ ਫਰੀਦਕੋਟ ਜ਼ਿਲ੍ਹੇ ਨੇ ਕਈ ਵਾਰ ਸ਼ਮੂਲੀਅਤ ਕੀਤੀ।

ਪੰਜਾਬ ਦਾ ਸ਼ਾਇਦ ਹੀ ਕੋਈ ਹੋਰ ਅਜਿਹਾ ਜ਼ਿਲ੍ਹਾ ਹੋਵੇ, ਜਿਥੋਂ ਦਾ ਕੋਈ ਸਿਆਸਤਦਾਨ ਰਾਸ਼ਟਰਪਤੀ ਅਤੇ 3-3 ਮੁੱਖ ਮੰਤਰੀ ਪੈਦਾ ਕਰਨ ਵਾਲਾ ਹੋਵੇ। ਇਹ ਉਹ ਸਮਾਂ ਸੀ ਜਦੋਂ ਸਿਆਸਤ ਨੂੰ ਲੋਕ ਸੇਵਾ ਮੰਨਿਆ ਜਾਂਦਾ ਸੀ ਪਰ ਪਿਛਲੇ ਕੁਝ ਇਕ ਦਹਾਕੇ ਤੋਂ ਸਿਆਸਤ ਵੀ ਇਕ ਕਾਰੋਬਾਰ ਬਣ ਕੇ ਰਹਿ ਗਈ, ਜਿਸ ਦੇ ਚਲਦੇ ਸਿਅਸੀ ਨੇਤਾ ਵੀ ਬਦਲੇ ਅਤੇ ਉਹਨਾਂ ਦੇ ਕਿਰਦਾਰ ਵੀ ਬਦਲੇ।

ਅਜਿਹੇ ਵਿਚ ਵੱਡੇ ਫੇਰਬਦਲ ਹੋਣਾ ਲਾਜ਼ਮੀਂ ਸੀ ਅਤੇ ਇਸੇ ਫੇਰਬਦਲ ਦੀ ਬਦੌਲਤ ਅੱਜ ਫਰੀਦਕੋਟ ਜ਼ਿਲ੍ਹਾ ਸਿਆਸਤ ਪੱਖੋਂ ਪੂਰੀ ਤਰ੍ਹਾਂ ਨਾਲ ਪਛੜ ਚੁੱਕਾ ਹੈ। ਇਥੋਂ ਦੇ ਸਿਆਸੀ ਨੇਤਾ ਲੋਕ ਸੇਵਾ ਨੂੰ ਭੁੱਲ ਆਪਣੇ ਨਿੱਜੀ ਸੁਆਰਥਾਂ ਨੂੰ ਪਹਿਲ ਦੇਣ ਲੱਗੇ ਹਨ ਜਿਸ ਦੀ ਤਾਜ਼ਾ ਮਿਸਾਲ ਪਿਛਲੇ ਕਰੀਬ ਇਕ ਦਾਹਕੇ ਤੋਂ ਚਲਦੀ ਆ ਰਹੀ ਸਿਆਸੀ ਉਥਲ ਪੁਥਲ ਤੋਂ ਸਹਿਜੇ ਹੀ ਮਿਲ ਜਾਂਦੀ ਹੈ।

ਕਰੀਬ ਪੰਜ ਸਾਲ ਪਹਿਲਾਂ ਫਰੀਦਕੋਟ ਵਿਚ ਹੋਈ ਲੋਕ ਸਭਾ ਚੋਣਾਂ ਵਿਚ ਹੀ ਇਹ ਸੰਕੇਤ ਮਿਲ ਗਏ ਸਨ ਕਿ ਫਰੀਦਕੋਟ ਦੇ ਸਿਅਸੀ ਲੀਡਰਾਂ ਦਾ ਸਿਅਸਤ ਵਿਚ ਹੁਣ ਉਹ ਰੁਤਬਾ ਨਹੀਂ ਰਿਹਾ ਜੋ ਕਦੀ ਗਿਆਨੀ ਜ਼ੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਹਰਚਰਨ ਸਿੰਘ ਬਰਾੜ ਹੁਰਾਂ ਵੇਲੇ ਹੁੰਦਾ ਸੀ।

ਲਗਭਗ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਕੋਈ ਵੀ ਕਿਸੇ ਵੀ ਲੋਕਲ ਲੀਡਰ ਤੇ ਇਨਾਂ ਭਰੋਸਾ ਨਹੀਂ ਸੀ ਰਿਹਾ ਜਿਸ ਨੂੰ ਉਹ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਭੇਜ ਸਕਦੇ। ਇਸ ਦੇ ਉਲਟ ਜਿਸ ਪਾਰਟੀ ਨੇ ਲੋਕਲ ਲੀਡਰ ਅਤੇ ਤਤਕਾਲੀ ਮੈਂਬਰ ਪਾਰਲੀਮੈਂਟ ਤੇ ਭਰੋਸਾ ਕੀਤਾ ਉਹ ਪਾਰਟੀ ਦੇ ਭਰੋਸੇ ਤੇ ਖਰਾ ਨਾ ਉਤਰ ਸਕਿਆ ਅਤੇ ਬਾਹਰੋਂ ਲਿਆਂਦੇ ਗਏ ਇਕ ਗਾਇਕ ਨੂੰ ਲੋਕਾਂ ਨੇ ਜਿਤਵਾ ਕੇ ਲੋਕ ਸਭਾ ਭੇਜਿਆ।

ਇਸ ਵਾਰ ਵੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਦੋ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ। ਇਸ ਵਾਰ ਜਿਹੜੇ ਦੋ ਉਮੀਦਵਾਰ ਦੋ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ, ਉਨਾਂ ਦਾ ਫਰੀਦਕੋਟ ਅਤੇ ਸਿਆਸਤ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ਇਕ ਆਪਣੇ ਦੌਰ ਦਾ ਵੱਡਾ ਗਾਇਕ ਹੈ ਅਤੇ ਇਕ ਇਨ੍ਹੀਂ ਦਿਨੀ ਕਾਮੇਡੀ ਫਿਲਮਾਂ ਵਿਚ ਆਪਣੀ ਅਦਾਕਾਰੀ ਅਤੇ ਆਪਣੀ ਗਾਇਕੀ ਸਦਕਾ ਲੋਕਾਂ ਵਿਚ ਕਾਫੀ ਹਰਮਨ ਪਿਆਰਾ ਹੈ।

ਦੋਹੇਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਹਰਮਨਪਿਆਰਤਾ ਦੇ ਸਿਰ ਤੇ ਚੋਣਾਂ ਜਿੱਤਣ ਦਾ ਦਾਅਵਾ ਕਰ ਰਹੀਆ ਹਨ। ਜ਼ਿਕਰਯੋਗ ਹੈ ਕਿ ਇਹ ਦੋਹੇਂ ਪਾਰਟੀਆ ਹੀ ਪੰਜਾਬ ਲਈ ਨਵੀਆਂ ਹਨ, ਇਕ ਨੇ ਕਰੀਬ 10 ਸਾਲ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਪੈਰ ਧਰਿਆ ਸੀ ਅਤੇ ਦੂਸਰੀ ਨੇ ਪੰਜਾਬ ਵਿਚ ਪਹਿਲੀ ਵਾਰ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਇਸ ਦੇ ਨਾਲ ਹੀ ਬਾਕੀ ਬਚੀਆਂ ਦੋ ਰਵਾਇਤੀ ਪਾਰਟੀਆਂ ਜਿਨ੍ਹਾਂ ਵਿਚ ਇਕ ਖੇਤਰੀ ਪਾਰਟੀ ਹੈ ਅਤੇ ਇਕ ਨੈਸ਼ਨਲ ਪਾਰਟੀ ਹੈ, ਇਹਨਾਂ ਵੱਲੋਂ ਵੀ ਇਸ ਵਾਰ ਰਵਾਇਤੀ ਅਤੇ ਲੋਕ ਨੇਤਾਵਾਂ ਨੂੰ ਛੱਡ ਚਰਚਿਤ ਚਿਹਰਿਆਂ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾਂ ਹੈ। ਇਹ ਵੀ ਪਤਾ ਚੱਲਿਆ ਕਿ ਦੋਹਾਂ ਪਾਰਟੀਆ ਵੱਲੋਂ ਭਾਲ ਕੀਤੀ ਜਾ ਰਹੀ ਹੈ ਕਿ ਕੋਈ ਸੈਲੀਬ੍ਰੇਟੀ ਚਿਹਰਾ ਚੋਣ ਲੜਨ ਲਈ ਤਿਆਰ ਹੋ ਜਾਵੇ।

ਕੁਝ ਵੀ ਹੋਵੇ ਇਹ ਫਰੀਦਕੋਟ ਜ਼ਿਲ੍ਹੇ ਲਈ ਇਕ ਕਾਲੇ ਅਧਿਆਏ ਤੋਂ ਸਿਵਾਏ ਕੁਝ ਵੀ ਨਹੀਂ ਹੈ। ਜਿਸ ਜ਼ਿਲ੍ਹੇ ਦੀ ਸਿਆਸਤ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਸੀ, ਅੱਜ ਉਸ ਜ਼ਿਲ੍ਹੇ ਅੰਦਰ ਇਕ ਵੀ ਨੇਤਾ ਅਜਿਹਾ ਨਹੀਂ ਰਿਹਾ, ਜਿਸ ’ਤੇ ਕੋਈ ਵੀ ਸਿਆਸੀ ਪਾਰਟੀ ਭਰੋਸਾ ਕਰ ਸਕੇ ਅਤੇ ਉਸ ਨੂੰ ਚੋਣ ਮੈਦਾਨ ਵਿਚ ਉਤਾਰ ਸਕੇ। ਇਕ ਹਿਸਾਬ ਦੇ ਨਾਲ ਪੰਜਾਬ ਦੀ ਸਿਆਸਤ ਵਿਚ ਇਕ ਤਰ੍ਹਾਂ ਦੇ ਨਾਲ ਫਰੀਦਕੋਟ ਜ਼ਿਲ੍ਹੇ ਦਾ ਸਿਆਸੀ ਕਤਲ ਹੋ ਚੁੱਕਿਆ, ਜਿਸ ’ਤੇ ਫਰੀਦਕੋਟੀਏ ਤਾੜੀਆਂ ਵਜਾ ਰਹੇ ਹਨ।

ਹੁਣ ਤੱਕ ਫਰੀਦਕੋਟ ਜ਼ਿਲ੍ਹੇ ਤੋਂ ਕਿਹੜੇ ਕਿਹੜੇ ਕਿਹੜੇ ਨੇਤਾ ਰਹੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ?
ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਕਾਂਗਰਸੀ ਨੇਤਾ ਗਿਆਨੀ ਜ਼ੈਲ ਸਿੰਘ ਭਾਰਤ ਦੇਸ਼ ਦੇ 7ਵੇਂ ਰਾਸ਼ਟਰਪਤੀ ਰਹੇ। ਗਿਆਨੀ ਜ਼ੈਲ ਸਿੰਘ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।

ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ । ਉਹਨਾਂ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ, 2007 ਤੋਂ 2012 ਅਤੇ 2012 ਤੋਂ 2017 ਤੱਕ ਸੂਬੇ ਦੀ ਅਗਵਾਈ ਕੀਤੀ।

ਫਰੀਦਕੋਟ ਜ਼ਿਲ੍ਹੇ ਦੇ ਹੀ ਜੰਮਪਲ ਹਰਚਰਨ ਸਿੰਘ ਬਰਾੜ 1995 ਤੋਂ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੁਖਬੀਰ ਸਿੰਘ ਬਾਦਲ 2 ਵਾਰ ਸੂਬੇ ਦੇ ਉਪ ਮੁੱਖ ਮੰਤਰੀ ਰਹੇ। ਇਕ ਵਾਰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਰਹੇ।

ਇਸ ਦੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਦੇ ਪ੍ਰਮੁੱਖ ਨੇਤਾਵਾਂ ਵਿਚ ਗੁਰਬਿੰਦਰ ਕੌਰ ਬਰਾੜ, ਜਸਵਿੰਦਰ ਸਿੰਘ ਬਰਾੜ (ਸੰਧਵਾਂ), ਜਸਵਿੰਦਰ ਸਿੰਘ ਬਰਾੜ ਮੁਕਸਤਰ , ਹਰਭਗਵਾਨ ਸਿੰਘ ਝੱਖੜ ਵਾਲਾ, ਭਾਈ ਸ਼ਮਿੰਦਰ ਸਿੰਘ, ਜਸਮੱਤ ਸਿੰਘ ਢਿਲੋਂ, ਲਾਲਾ ਭਗਵਾਨ ਦਾਸ, ਗੁਰਦੇਵ ਸਿੰਘ ਬਾਦਲ, ਜਗਮੀਤ ਸਿੰਘ ਬਰਾੜ, ਉਪਿੰਦਰ ਕੁਮਾਰ ਸ਼ਰਮਾਂ, ਅਵਤਾਰ ਸਿੰਘ ਬਰਾੜ ਆਦਿ ਦੇ ਨਾਮ ਅਹਿਮ ਹਨ, ਜਿਨ੍ਹਾਂ ਦੀ ਸਿਆਸਤ ਦਾ ਵਿਰੋਧੀ ਵੀ ਲੋਹਾ ਮੰਨਦੇ ਸਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…