ਮਿਲ਼ੋ 3 ਫ਼ੁੱਟ ਦੇ MBBS ਡਾਕਟਰ ਨੂੰ, ਡਾਕਟਰ ਬਣਨ ਲਈ ਲੜਨੀਆਂ ਪਈਆਂ ਕਾਨੂੰਨੀ ਜੰਗਾਂ
ਗੁਜਰਾਤ ਦੇ ਡਾ. ਗਣੇਸ਼ ਬਾਰੀਆ ਬਹੁਤ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਡਾਕਟਰੀ ਦਾ ਅਭਿਆਸ ਕਰਨ ਅਤੇ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ ਸਨ। ਕਾਨੂੰਨੀ ਔਕੜਾਂ ਨਾਲ ਭਰਿਆ ਉਨ੍ਹਾਂ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ

By : Mehtab-Ud-Din
ਪਹਿਲਾਂ MCI ਨੇ ਵੀ ਕਰ ਦਿੱਤਾ ਸੀ ਇਨਕਾਰ
ਭਾਵਨਗਰ (ਗੁਜਰਾਤ): ਗੁਜਰਾਤ ਦੇ ਡਾ. ਗਣੇਸ਼ ਬਾਰੀਆ ਬਹੁਤ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਡਾਕਟਰੀ ਦਾ ਅਭਿਆਸ ਕਰਨ ਅਤੇ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ ਸਨ। ਕਾਨੂੰਨੀ ਔਕੜਾਂ ਨਾਲ ਭਰਿਆ ਉਨ੍ਹਾਂ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਮੈਡੀਕਲ ਕੌਂਸਲ ਆਫ਼ ਇੰਡੀਆ (MCI) ਨੇ 2018 ਵਿੱਚ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੇ ਕੱਦ ਕਾਰਨ MBBS ਪ੍ਰੋਗਰਾਮ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਦਰਅਸਲ, ਡਾ. ਬਾਰੀਆ ਦਾ ਕੱਦ ਸਿਰਫ਼ ਤਿੰਨ ਫੁੱਟ ਹੈ। ਬੌਣੇਪਣ ਕਾਰਨ ਉਨ੍ਹਾਂ ਦਾ ਕੁੱਲ ਵਜ਼ਨ 20 ਕਿਲੋਗ੍ਰਾਮ ਤੋਂ ਵੀ ਘੱਟ ਹੈ। ਉਨ੍ਹਾਂ ਨੂੰ ਚੱਲਣ–ਫਿਰਨ ਵਿੱਚ ਵੀ ਔਕੜ ਪੇਸ਼ ਆਉਂਦੀ ਹੈ। MCI ਨੇ ਸ਼ੁਰੂ ਵਿੱਚ ਇਨ੍ਹਾਂ ਸਰੀਰਕ ਸੀਮਾਵਾਂ ਦਾ ਹਵਾਲਾ ਦਿੰਦਿਆਂ ਆਖਿਆ ਸੀ ਕਿ ਇਹ ਸੀਮਾਵਾਂ ਡਾਕਟਰ ਵਜੋਂ ਕੰਮ ਕਰਨ ਦੀ ਉਨ੍ਹਾਂ ਦੀ ਯੋਗਤਾ ਵਿੱਚ ਰੁਕਾਵਟ ਪਾ ਸਕਦੀਆਂ ਹਨ।
ਡਾ. ਬਾਰੀਆ ਦੀ ਮੁਢਲੀ ਸਿੱਖਿਆ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਸ਼ਹਿਰ ਤਲਾਜਾ 'ਚ ਸਥਿਤ ਨੀਲਕੰਠ ਵਿਦਿਆਪੀਠ ਤੋਂ ਹਾਸਲ ਕੀਤੀ ਸੀ। ਕੁਦਰਤ ਨੇ ਭਾਵੇਂ ਉਨ੍ਹਾਂ ਦਾ ਕੱਦ–ਕਾਠ ਘੱਟ ਰੱਖਿਆ ਹੈ ਪਰ ਉਨ੍ਹਾਂ ਵਿੱਚ ਆਤਮ–ਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਨੇ ਮੈਡੀਕਲ ਕੌਂਸਲ ਦੇ ਅਜਿਹੇ ਨਾਂਹ–ਪੱਖੀ ਫੈਸਲੇ ਨੂੰ ਚੁਣੌਤੀ ਦਿੱਤੀ। ਉਨ੍ਹਾਂ ਗੁਜਰਾਤ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ, ਜਿਸਦਾ ਸਮਰਥਨ ਉਨ੍ਹਾਂ ਦੇ ਸਕੂਲ ਪ੍ਰਿੰਸੀਪਲ, ਡਾ. ਦਲਪਤਭਾਈ ਕਟਾਰੀਆ ਨੇ ਕੀਤਾ। ਉਨ੍ਹਾਂ ਨੇ ਕਾਨੂੰਨੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜੋ ਭਾਵਨਗਰ ਵਿੱਚ ਉਨ੍ਹਾਂ ਦਾ ਕਿਸਾਨ ਪਰਿਵਾਰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਹਾਲਾਂਕਿ ਹਾਈ ਕੋਰਟ ਨੇ ਸ਼ੁਰੂ ਵਿੱਚ ਭਾਰਤੀ ਮੈਡੀਕਲ ਕੌਂਸਲ (MCI) ਦੇ ਇਨਕਾਰ ਨੂੰ ਬਰਕਰਾਰ ਰੱਖਿਆ। ਪਰ ਡਾ. ਬਾਰੀਆ ਨੇ ਡਾਕਟਰ ਬਣਨ ਦੇ ਸੁਪਨਿਆਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਅਸਥਾਈ ਤੌਰ 'ਤੇ B.Sc. ਵਿੱਚ ਦਾਖਲਾ ਲਿਆ। ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਕਾਨੂੰਨੀ ਜੰਗ ਸੁਪਰੀਮ ਕੋਰਟ ਤੱਕ ਚਲੀ ਗਈ। ਸਿਖਰਲੀ ਅਦਾਲਤ ਜਾਣ ਤੋਂ ਚਾਰ ਮਹੀਨੇ ਬਾਅਦ, ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ 'ਗਨੇਸ਼' ਨੂੰ ਉਨ੍ਹਾਂ ਦੇ ਤਿੰਨ ਫੁੱਟ ਕੱਦ ਕਾਰਨ ਦਾਖਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਦ ਜਾ ਕੇ ਕਿਤੇ ਉਨ੍ਹਾਂ ਦੀ ਡਾਕਟਰੀ ਡਿਗਰੀ ਪ੍ਰਾਪਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਦਾ ਰਸਤਾ ਸਾਫ਼ ਹੋ ਗਿਆ।
ਅਦਾਲਤ ਦੀ ਮਦਦ ਨਾਲ਼ ਡਾ. ਬਾਰੀਆ ਨੇ 2019 ਵਿੱਚ ਭਾਵਨਗਰ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ ਅਤੇ ਬਾਅਦ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਨਿਰਧਾਰਤ ਇੰਟਰਨਸ਼ਿਪ ਪੂਰੀ ਕਰਨ ਤੋਂ ਬਾਅਦ, ਡਾ. ਬਾਰੀਆ ਹੁਣ ਆਮ ਲੋਕਾਂ ਦੀ ਮਦਦ ਕਰ ਰਹੇ ਹਨ।
ਡਾ. ਬਾਰੀਆ ਨੇ ਆਖਿਆ, "ਮੈਂ ਪੇਂਡੂ ਖੇਤਰਾਂ ਵਿੱਚ ਗਰੀਬ ਲੋਕਾਂ ਦਾ ਇਲਾਜ ਕਰਨਾ ਚਾਹੁੰਦਾ ਹਾਂ। ਇਹੀ ਉਹ ਥਾਂ ਹੈ ਜਿੱਥੇ ਲੋੜ ਸਭ ਤੋਂ ਵੱਧ ਹੈ।" ਉਨ੍ਹਾਂ ਦੱਸਿਆ ਕਿ ਆਮ ਮਰੀਜ਼ਾਂ ਦਾ ਰਵੱਈਆ ਕਈ ਵਾਰ ਤਾਂ ਉਨ੍ਹਾਂ ਦਾ ਕੱਦ–ਕਾਠ ਵੇਖ ਕੇ ਪਹਿਲਾਂ ਕੁਝ ਹੋਰ ਤਰ੍ਹਾਂ ਹੁੰਦਾ ਹੈ। ਪਰ ਜਦੋਂ ਉਹ ਥੋੜ੍ਹੀ ਗੱਲਬਾਤ ਕਰਦੇ ਹਨ, ਤਾਂ ਫਿਰ ਉਹ ਠੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਡਾਕਟਰ ਮੰਨਦੇ ਹਨ।
ਉਨ੍ਹਾਂ ਆਖਿਆ,"ਜਦੋਂ ਵੀ ਮਰੀਜ਼ ਮੈਨੂੰ ਦੇਖਦੇ ਹਨ ਤਾਂ ਉਹ ਪਹਿਲਾਂ ਥੋੜ੍ਹਾ ਹੈਰਾਨ ਹੁੰਦੇ ਹਨ ਪਰ ਫਿਰ ਉਹ ਮੈਨੂੰ ਸਵੀਕਾਰ ਕਰਦੇ ਹਨ ਅਤੇ ਮੈਂ ਵੀ ਉਨ੍ਹਾਂ ਦੇ ਸ਼ੁਰੂਆਤੀ ਵਿਵਹਾਰ ਨੂੰ ਸਵੀਕਾਰ ਕਰਦਾ ਹਾਂ। ਉਹ ਮੇਰੇ ਨਾਲ ਸੁਹਿਰਦਤਾ ਅਤੇ ਸਕਾਰਾਤਮਕਤਾ ਨਾਲ ਪੇਸ਼ ਆਉਂਦੇ ਹਨ। ਉਹ ਖੁਸ਼ ਵੀ ਹੋ ਜਾਂਦੇ ਹਨ।"


