ਅਮਰੀਕਾ : ‘ਅਣਖ ਖਾਤਰ ਕਤਲ’ ਮਾਮਲੇ ਵਿਚੋਂ ਮਾਪੇ ਬਰੀ

ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਕਥਿਤ ਤੌਰ ’ਤੇ ਜਾਨੋ ਮਾਰਨ ਦਾ ਯਤਨ ਕਰਨ ਵਾਲੇ ਮਾਪਿਆਂ ਨੂੰ ਇਰਾਦਾ ਕਤਲ ਦੇ ਦੋਸ਼ਾਂ ਤੋਂ ਮੁਕਤ ਕਰ ਦਿਤਾ ਗਿਆ ਹੈ

Update: 2025-08-02 11:55 GMT

ਲੇਸੀ : ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਕਥਿਤ ਤੌਰ ’ਤੇ ਜਾਨੋ ਮਾਰਨ ਦਾ ਯਤਨ ਕਰਨ ਵਾਲੇ ਮਾਪਿਆਂ ਨੂੰ ਇਰਾਦਾ ਕਤਲ ਦੇ ਦੋਸ਼ਾਂ ਤੋਂ ਮੁਕਤ ਕਰ ਦਿਤਾ ਗਿਆ ਹੈ ਪਰ ਪਿਤਾ ਅਹਿਮਸਾਨ ਅਲੀ ਨੂੰ ਕੁੱਟਮਾਰ ਕਰਨ ਸਣੇ ਬੇਟੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਘਰ ਵਿਚ ਬੰਦ ਰੱਖਣ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਦੂਜੇ ਪਾਸੇ ਮਾਂ ਜ਼ਾਹਰਾ ਮੋਹਸਿਨ ਅਲੀ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਦੋਸ਼ੀ ਠਹਿਰਾਇਆ ਗਿਆ ਹੈ। ਜਿਊਰੀ ਨੇ ਲਗਾਤਾਰ ਤਿੰਨ ਦਿਨ ਤੱਕ ਕੀਤੇ ਵਿਚਾਰ ਵਟਾਂਦਰੇ ਮਗਰੋਂ ਫੈਸਲਾ ਸੁਣਾਇਆ। ਇਥੇ ਦਸਣਾ ਬਣਦਾ ਹੈ ਕਿ ਅਹਿਸਾਨ ਅਲੀ ਅਤੇ ਉਸ ਦੀ ਪਤਨੀ ਜ਼ਾਹਰਾ ਮੋਹਸਿਨ ਅਲੀ ਵੱਲੋਂ ਵਾਸ਼ਿੰਗਟਨ ਸੂਬੇ ਦੇ ਲੇਸੀ ਸ਼ਹਿਰ ਵਿਖੇ ਟਿੰਬਰਲਾਈਨ ਸਕੂਲ ਦੇ ਬਾਹਰ ਵਾਰਦਾਤ ਨੂੰ ਅੰਜਾਮ ਦਿਤਾ ਗਿਆ।

17 ਸਾਲ ਦੀ ਧੀ ਮਾਰਨ ਦੀ ਕੋਸ਼ਿਸ਼ ਦੇ ਲੱਗੇ ਸਨ ਦੋਸ਼

17 ਸਾਲਾ ਕੁੜੀ ਦੀ ਪਛਾਣ ਫਾਤਿਮਾ ਅਲੀ ਵਜੋਂ ਕੀਤੀ ਗਈ ਜਿਸ ਨੂੰ ਉਸ ਦੇ ਮਾਪੇ ਜ਼ਬਰਦਸਤੀ ਇਰਾਕ ਭੇਜਣਾ ਚਾਹੁੰਦੇ ਸਨ ਪਰ ਉਹ ਦੌੜ ਕੇ ਸਕੂਲ ਵੱਲ ਚਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਆਪਣੇ ਮਾਪਿਆਂ ਦੀ ਮਰਜ਼ੀ ਮੁਤਾਬਕ ਵਿਆਹ ਨਹੀਂ ਸੀ ਕਰਨਾ ਚਾਹੁੰਦੀ। ਉਧਰ ਕੁੜੀ ਦੇ ਬੁਆਏ ਫਰੈਂਡ ਦੇ ਪਿਤਾ ਨੇ ਦੱਸਿਆ ਕਿ ਕੁੜੀ ਦੇ ਮਾਪੇ ਪੁਲਿਸ ਲੈ ਕੇ ਉਸ ਦੇ ਘਰ ਪਹੁੰਚ ਗਏ ਅਤੇ ਪਤੇ-ਟਿਕਾਣੇ ਬਾਰੇ ਪੁੱਛਣ ਲੱਗੇ। ਕੁੜੀ ਦੇ ਮਾਪੇ ਵਾਰਦਾਤ ਤੋਂ ਦੋ ਹਫ਼ਤੇ ਪਹਿਲਾਂ ਉਸ ਨੂੰ ਸਕੂਲ ਵਿਚੋਂ ਹਟਾ ਚੁੱਕੇ ਸਨ ਪਰ ਸ਼ੱਕ ਹੋਣ ’ਤੇ ਸਕੂਲ ਵੱਲ ਚਲੇ ਗਏ। ਮਾਪਿਆਂ ਨੇ ਦੇਖਿਆ ਕਿ ਕੁੜੀ ਆਪਣੇ ਬੁਆਏ ਫਰੈਂਡ ਨਾਲ ਸਕੂਲ ਨੇੜਲੇ ਬੱਸ ਸਟੌਪ ਵੱਲ ਜਾ ਰਹੀ ਸੀ। ਕੁੜੀ ਦਾ ਪਿਤਾ ਅਹਿਸਾਨ ਉਸ ਵੱਲ ਦੌੜਿਆ ਅਤੇ ਗਲ ਘੁੱਟਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਬੁਆਏ ਫਰੈਂਡ ਨੇ ਉਸ ਨੂੰ ਬਚਾ ਲਿਆ। ਰਾਹਗੀਰਾਂ ਨੂੰ ਲੱਗਿਆ ਕਿ ਸਕੂਲੀ ਵਿਦਿਆਰਥੀ ਲੜ ਰਹੇ ਹਨ ਜਦਕਿ ਅਸਲ ਵਿਚ ਮਾਮਲਾ ਬੇਹੱਦ ਗੰਭੀਰ ਸੀ। ਇਸੇ ਦੌਰਾਨ ਕੁੜੀ ਦੀ ਮਾਂ ਨੇ ਵੀ ਉਸ ਦਾ ਗਲਾ ਦੱਬਣ ਦਾ ਯਤਨ ਕੀਤਾ ਪਰ ਉਸ ਵੇਲੇ ਤੱਕ ਭੀੜ ਇਕੱਤਰ ਹੋ ਚੁੱਕੀ ਸੀ। ਕੁੜੀ ਦੇ ਮਾਪਿਆਂ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਥਰਸਟਨ ਕਾਊਂਟੀ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ।

ਕੁੱਟਮਾਰ ਦੇ ਮਾਮਲੇ ਵਿਚ ਪਿਤਾ ਨੂੰ ਹੋ ਸਕਦੀ ਹੈ ਸਜ਼ਾ

ਅਹਿਸਾਨ ਅਲੀ ਨੂੰ ਕੁੱਟਮਾਰ ਦੇ ਮਾਮਲੇ ਵਿਚ 14 ਮਹੀਨੇ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ ਜਦਕਿ ਕੁੜੀ ਨੂੰ ਘਰ ਵਿਚ ਬੰਦ ਰੱਖਣ ਦੇ ਮਾਮਲੇ ਵਿਚ 12 ਮਹੀਨੇ ਦੀ ਕੈਦ ਹੋ ਸਕਦੀ ਹੈ। ਇਸ ਦੇ ਉਲਟ ਜ਼ਾਹਰਾ ਅਲੀ ਨੂੰ ਸਖ਼ਤ ਸ਼ਰਤਾਂ ਦੇ ਆਧਾਰ ’ਤੇ ਰਿਹਾਅ ਕਰ ਦਿਤਾ ਗਿਆ ਜਿਨ੍ਹਾਂ ਵਿਚ ਆਪਣੀ ਬੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰਨਾ ਸ਼ਾਮਲ ਹੈ। ਚੇਤੇ ਰਹੇ ਕਿ ਅਕਤੂਬਰ 2024 ਦੌਰਾਨ ਇਹ ਮਾਮਲਾ ਅਮੈਰੀਕਨ ਮੀਡੀਆ ਦੀਆਂ ਸੁਰਖੀਆਂ ਵਿਚ ਰਿਹਾ। ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਕਿ ਹਮਲਾ ਸੋਚੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਅਤੇ ਫਾਤਿਮਾ ਦੇ ਮਾਪੇ ਉਸ ਨੂੰ ਜਾਨੋ ਮਾਰਨਾ ਚਾਹੁੰਦੇ ਸਨ ਜਦਕਿ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਜ਼ਾਹਰਾ ਆਪਣੀ ਬੇਟੀ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ। ਇਸ ਦੇ ਉਲਟ ਫਾਤਿਮਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਸੀ ਕਿ ਉਸ ਦੇ ਮਾਪਿਆਂ ਨੇ ਉਨ੍ਹਾਂ ਦੀ ਮਰਜ਼ੀ ਮੁਤਾਬਕ ਵਿਆਹ ਨਾ ਕਰਵਾਉਣ ’ਤੇ ਕਈ ਵਾਰ ਜਾਨੋ ਮਾਰਨ ਦੀ ਧਮਕੀ ਦਿਤੀ।

Tags:    

Similar News