ਅਮਰੀਕਾ ਦੇ 40 ਹਵਾਈ ਅੱਡਿਆਂ ’ਤੇ ਮੰਡਰਾਇਆ ਖਤਰਾ
ਅਮਰੀਕਾ ਦੇ 40 ਹਵਾਈ ਅੱਡੇ ਕਿਸੇ ਵੀ ਵੇਲੇ ਬੰਦ ਹੋ ਸਕਦੇ ਹਨ ਅਤੇ ਹਜ਼ਾਰਾਂ ਮੁਸਾਫ਼ਰਾਂ ਦੇ ਵੱਖ ਵੱਖ ਸ਼ਹਿਰਾਂ ਵਿਚ ਫਸਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ
ਵਾਸ਼ਿੰਗਟਨ : ਅਮਰੀਕਾ ਦੇ 40 ਹਵਾਈ ਅੱਡੇ ਕਿਸੇ ਵੀ ਵੇਲੇ ਬੰਦ ਹੋ ਸਕਦੇ ਹਨ ਅਤੇ ਹਜ਼ਾਰਾਂ ਮੁਸਾਫ਼ਰਾਂ ਦੇ ਵੱਖ ਵੱਖ ਸ਼ਹਿਰਾਂ ਵਿਚ ਫਸਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਬਰਾਇਨ ਬੈਡਫੋਰਡ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਹਵਾਈ ਆਵਾਜਾਈ ਵਿਚ 10 ਫ਼ੀ ਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਉਧਰ, ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਕਿ ਏਅਰ ਟ੍ਰੈਫ਼ਿਕ ਕੰਟਰੋਲਰਾਂ ਉਤੇ ਦਬਾਅ ਘਟਾਉਣ ਵਾਸਤੇ ਇਹ ਕਦਮ ਲਾਜ਼ਮੀ ਹੋ ਗਿਆ ਕਿਉਂਕਿ ਸ਼ਟਡਾਊਨ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ।
ਏਅਰ ਟ੍ਰੈਫ਼ਿਕ ਵਿਚ 10 ਫ਼ੀ ਸਦੀ ਕਟੌਤੀ ਦਾ ਐਲਾਨ
ਪ੍ਰਭਾਵਤ ਹਵਾਈ ਅੱਡਿਆਂ ਵਿਚ ਹਾਰਟਸਫ਼ੀਲਡ ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰਪੋਰਟ, ਬੋਸਟਨ ਲੋਗਨ ਇੰਟਰਨੈਸ਼ਨਲ, ਸ਼ਾਰਲਟ ਡਗਲਸ ਇੰਟਰਨੈਸ਼ਨਲ, ਡੈਨਵਰ ਇੰਟਰਨੈਸ਼ਨਲ, ਡੈਲਸ ਫੋਰਟ ਵਰਥ ਇੰਟਰਨੈਸ਼ਨਲ, ਨਿਊ ਅਰਕ ਲਿਬਰਟੀ ਇੰਟਰਨੈਸ਼ਨਲ, ਜਾਰਜ ਬੁਸ਼ ਹਿਊਸਟਨ ਇੰਟਰਕੌਂਟੀਨੈਂਟਲ, ਇੰਡਿਆਨਾਪੌਲਿਸ ਇੰਟਰਨੈਸ਼ਨਲ ਅਤੇ ਨਿਊ ਯਾਰਕ ਦੇ ਲਾਗੁਆਡੀਆ ਏਅਰਪੋਰਟ ਦੇ ਨਾਂ ਪ੍ਰਮੁੱਖ ਤੌਰ ’ਤੇ ਲਏ ਜਾ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਸ਼ਟਡਾਊਨ ਕਰ ਕੇ 4 ਕਰੋੜ ਲੋੜਵੰਦ ਅਮਰੀਕਾ ਵਾਸੀਆਂ ਨੂੰ ਗਰੌਸਰੀ ਦੀ ਸਪਲਾਈ ਰੁਕ ਗਈ ਹੈ। ਖੇਤੀ ਵਿਭਾਗ ਨੂੰ ਇਹ ਯੋਜਨਾ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਹੈ। ਦੂਜੇ ਪਾਸੇ 6.7 ਲੱਖ ਸਰਕਾਰੀ ਮੁਲਾਜ਼ਮ ਛੁੱਟੀ ’ਤੇ ਭੇਜੇ ਜਾ ਚੁੱਕੇ ਹਨ ਅਤੇ 7.3 ਲੱਖ ਮੁਲਾਜ਼ਮ ਬਗੈਰ ਤਨਖਾਹ ਤੋਂ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ ਹਜ਼ਾਰਾਂ ਏਅਰ ਟ੍ਰੈਫ਼ਿਕ ਕੰਟਰੋਲਰ ਵੀ ਸ਼ਾਮਲ ਹਨ।
ਸ਼ਟਡਾਊਨ ਕਰ ਕੇ ਪੈਦਾ ਹੋ ਰਹੀਆਂ ਵੱਡੀਆਂ ਮੁਸ਼ਕਲਾਂ
ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਹੈਲਥ ਕੇਅਰ ਪ੍ਰੋਗਰਾਮ ਦੀ ਸਬਸਿਡੀ ਵਧਾਉਣ ਨੂੰ ਤਿਆਰ ਨਹੀਂ ਜਿਸ ਕਰ ਕੇ ਸੈਨੇਟ ਵਿਚ ਖਰਚਾ ਬਿਲ ਪਾਸ ਕਰਵਾਉਣਾ ਔਖਾ ਹੋ ਗਿਆ ਹੈ। ਬਿਲ ਉਤੇ 14 ਬਾਰ ਵੋਟਿੰਗ ਹੋ ਚੁੱਕੀ ਹੈ ਪਰ ਬਹੁਮਤ ਵਾਸਤੇ ਲੋੜੀਂਦੀਆਂ 60 ਵੋਟਾਂ ਹਾਸਲ ਨਹੀਂ ਹੋ ਸਕੀਆਂ। ਟਰੰਪ ਸਰਕਾਰ ਦੀਆਂ ਮੁਸ਼ਕਲਾਂ ਇਥੇ ਹੀ ਖ਼ਤਮ ਨਹੀਂ ਹੁੰਦੀਆਂ, ਫੂਡ ਸਪਲਾਈ ਪ੍ਰੋਗਰਾਮ ਬੰਦ ਹੋਣ ਮਗਰੋਂ ਨਿਊ ਯਾਰਕ, ਕੈਲੇਫੋਰਨੀਆ ਅਤੇ ਮੈਸਾਚਿਊਸੈਟਸ ਸਣੇ 25 ਰਾਜਾਂ ਵੱਲੋਂ ਟਰੰਪ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਲੱਖਾਂ ਲੋਕਾਂਦੀ ਫੂਡ ਸਪਲਾਈ ਰੋਕਣੀ ਸਰਾਸਰ ਗੈਰਕਾਨੂੰਨੀ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਸ਼ਟਡਾਊਨ ਜਲਦ ਖ਼ਤਮ ਨਾ ਹੋਇਆ ਤਾਂ ਅਮਰੀਕਾ ਦੇ ਜੀ.ਡੀ.ਪੀ. ਵਿਚ ਚੌਥੀ ਤਿਮਾਹੀ ਦੌਰਾਨ 2 ਫ਼ੀ ਸਦੀ ਤੱਕ ਗਿਰਾਵਟ ਆ ਸਕਦੀ ਹੈ।