ਅਮਰੀਕਾ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ
ਅਮਰੀਕਾ ਵਿਚ ਵਾ-ਵਰੋਲਿਆਂ ਕਹਿਰ ਢਾਹ ਦਿਤਾ ਅਤੇ ਘਰਾਂ ਸਣੇ ਵੱਖ ਵੱਖ ਇਮਾਰਤਾਂ ਦੀਆਂ ਛੱਤਾਂ ਹਵਾ ਵਿਚ ਉਡਦੀਆਂ ਨਜ਼ਰ ਆਈਆਂ
ਮਿਸ਼ੀਗਨ : ਅਮਰੀਕਾ ਵਿਚ ਵਾ-ਵਰੋਲਿਆਂ ਕਹਿਰ ਢਾਹ ਦਿਤਾ ਅਤੇ ਘਰਾਂ ਸਣੇ ਵੱਖ ਵੱਖ ਇਮਾਰਤਾਂ ਦੀਆਂ ਛੱਤਾਂ ਹਵਾ ਵਿਚ ਉਡਦੀਆਂ ਨਜ਼ਰ ਆਈਆਂ ਜਦਕਿ ਹਾਈਵੇਅ ਤੋਂ ਲੰਘ ਰਹੀਆਂ ਗੱਡੀਆਂ ਹਵਾ ਵਿਚ ਕਈ ਫੁੱਟ ਤੱਕ ਉਛਲਣ ਮਗਰੋਂ ਮੂਧੀਆਂ ਵੱਜ ਗਈਆਂ। ਮਿਸ਼ੀਗਨ ਅਤੇ ਓਕਲਾਹੋਮਾ ਵਿਚ ਹੁਣ 6 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ 12 ਹੋਰ ਜ਼ਖਮੀ ਹੋ ਗਏ। ਕੁਝ ਲੋਕਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਵਾਵਰੋਲੇ ਦੀ ਵੀਡੀਓ ਬਣਾਉਣ ਨੂੰ ਤਰਜੀਹ ਦਿਤੀ ਅਤੇ ਹਵਾ ਵਿਚ ਉਡਦਾ ਮਲਬਾ ਵੱਜਣ ਕਰ ਕੇ ਜ਼ਖਮੀ ਹੋ ਗਏ। 32 ਮਿਲੀਅਨ ਅਮੈਰਿਕਨਜ਼ ਨੂੰ ਖ਼ਰਾਬ ਮੌਸਮ ਦੀ ਚਿਤਾਵਨੀ ਦਿਤੀ ਗਈ ਹੈ ਅਤੇ ਹਾਲਾਤ ਮੁੜ ਵਿਗੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੈਸ਼ਨਲ ਸਟੌਰਮ ਪ੍ਰਡਿਕਸ਼ਨ ਸੈਂਟਰ ਦਾ ਕਹਿਣਾ ਹੈ ਕਿ ਕੈਨਸਸ ਸਿਟੀ, ਟਲਸਾ ਅਤੇ ਓਮਾਹਾ ਸ਼ਹਿਰਾਂ ਉਤੇ ਸਭ ਤੋਂ ਵੱਧ ਖ਼ਤਰਾ ਮੰਡਰਾਅ ਰਿਹਾ ਹੈ ਪਰ ਮੁਲਕ ਦੇ ਮੱਧ ਪੱਛਮੀ ਇਲਾਕਿਆਂ ਵਿਚ ਵੀ ਤੂਫ਼ਾਨ ਦਸਤਕ ਦੇ ਸਕਦਾ ਹੈ।
ਘਰਾਂ ਦੀਆਂ ਛੱਤਾਂ ਉਡੀਆਂ, 6 ਜਣਿਆਂ ਦੀ ਮੌ.ਤ
ਸਭ ਤੋਂ ਵੱਧ ਪ੍ਰਭਾਵਤ ਸੂਬੇ ਮਿਸ਼ੀਗਨ ਦੀ ਬਰਾਂਚ ਕਾਊਂਟੀ ਵਿਚ ਹਵਾਵਾਂ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਤੱਕ ਪੁੱਜ ਗਈ। ਯੂਨੀਅਨ ਸਿਟੀ ਦੀ ਵਸਨੀਕ ਲਿਜ਼ਾ ਪਾਈਪਰ ਸਣੇ ਹੋਰਨਾਂ ਲੋਕਾਂ ਵੱਲੋਂ ਰਿਕਾਰਡ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਵਾ-ਵਰੋਲੇ ਨੇ ਵੱਡੇ ਵੱਡੇ ਦਰੱਖਤ ਜੜੋਂ ਪੁੱਟ ਦਿਤੇ ਅਤੇ ਕਈ ਥਾਵਾਂ ’ਤੇ ਘਰਾਂ ਦਾ ਨਾਮੋ-ਨਿਸ਼ਾਨ ਖ਼ਤਮ ਹੋ ਗਿਆ। ਇਸੇ ਕਿਸਮ ਦੇ ਇਕ ਵਾ-ਵਰੋਲੇ ਦੀ ਮਾਰ ਹੇਠ ਹਾਈਵੇਅ ’ਤੇ ਜਾਂਦੀਆਂ ਮਾਵਾਂ-ਧੀਆਂ ਆ ਗਈਆਂ ਜਿਨ੍ਹਾਂ ਦੀ ਕਾਰ ਤੇਜ਼ ਹਵਾਵਾਂ ਨੇ ਪਲਟਾ ਕੇ ਸੁੱਟ ਦਿਤੀ ਅਤੇ ਦੋਹਾਂ ਦੀ ਮੌਤ ਹੋ ਗਈ। ਨੈਸ਼ਨਲ ਵੈਦਰ ਸਰਵਿਸ ਦਾ ਕਹਿਣਾ ਹੈ ਕਿ ਮਿਸ਼ੀਗਨ ਵਿਚ ਸਾਲਾਨਾ 15 ਟੌਰਨੈਡੋ ਆਉਂਦੇ ਹਨ ਅਤੇ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਇਸ ਵਾਰ ਟੌਰਨੈਡੋ ਦੀ ਤੀਬਰਤਾ ਕੁਝ ਜ਼ਿਆਦਾ ਹੀ ਦਰਜ ਕੀਤੀ ਗਈ। ਦੂਜੇ ਪਾਸੇ ਟੈਕਸਸ ਵਰਗੇ ਰਾਜਾਂ ਵਿਚ ਇਕ ਸਾਲ ਦੌਰਾਨ ਔਸਤਨ 155 ਵਾਵਰੋਲੇ ਵੀ ਆ ਸਕਦੇ ਹਨ। ਓਕਲਾਹੋਮਾ ਦਾ ਜ਼ਿਕਰ ਕੀਤਾ ਜਾਵੇ ਤਾਂ ਇਥੇ 4 ਮੀਲ ਦੇ ਘੇਰੇ ਵਾਲੇ ਟੌਰਨੈਡੋ ਨੇ ਤਬਾਹੀ ਮਚਾਈ ਅਤੇ ਲੋਕਾਂ ਦੇ ਸਾਹ ਸੂਤ ਦਿਤੇ।
ਹਾਈਵੇਅ ਤੋਂ ਲੰਘਦੀਆਂ ਗੱਡੀਆਂ ਮੂਧੀਆਂ ਵੱਜੀਆਂ
ਸੂਬੇ ਦੇ ਗਵਰਨਰ ਕੈਵਿਨ ਸਟਿਟ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਬੈਗਜ਼ ਅਤੇ ਟਲਸਾ ਵਿਖੇ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਫੇਅਰਵਿਊ ਕਸਬੇ ਨਾਲ ਸਬੰਧਤ ਇਕ ਵੀਡੀਓ ਵਾਇਰਲ ਹੋ ਰਹੀ ਹੈ ਅਸਮਾਨੀ ਬਿਜਲੀ ਚਮਕਦੀ ਦੇਖੀ ਜਾ ਸਕਦੀ ਹੈ। ਫ਼ੇਅਰਵਿਊ ਕਸਬੇ ਦੇ ਇਕ ਇੰਟਰਸੈਕਸ਼ਨ ’ਤੇ ਮਹਿਲਾ ਅਧਿਆਪਕ ਅਤੇ ਉਸ ਦੀ 13 ਸਾਲਾ ਬੇਟੀ ਦੀਆਂ ਲਾਸ਼ਾਂ ਇਕ ਕਾਰ ਵਿਚੋਂ ਮਿਲੀਆਂ। ਇੰਡਿਆਨਾ ਸੂਬੇ ਦੇ ਨਾਲ ਲਗਦੀ ਮਿਸ਼ੀਗਨ ਦੀ ਸੇਂਟ ਜੋਸਫ਼ ਕਾਊਂਟੀ ਦੇ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਟਿਕਾਣੇ ਵੱਲ ਜਾਣ ਦੀ ਹਦਾਇਤ ਦਿਤੀ ਗਈ ਹੈ ਜਿਥੇ 100 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਟੌਰਨੈਡੋ ਤਬਾਹੀ ਮਚਾ ਸਕਦਾ ਹੈ। ਉਧਰ, ਮੌਸਮ ਵਿਗਿਆਨੀਆਂ ਮੁਤਾਬਕ ਮੈਕਸੀਕੋ ਦੀ ਖਾੜੀ ਵਿਚੋਂ ਉਠ ਰਹੀਆਂ ਨਮੀ ਭਰੀਆਂ ਹਵਾਵਾਂ ਦਾ ਮੇਲ ਗਰਮ ਹਵਾਵਾਂ ਨਾਲ ਹੋਣ ਮਗਰੋਂ ਮੌਸਮ ਖ਼ਤਰਨਾਕ ਰੂਪ ਅਖਤਿਆਰ ਕਰ ਰਿਹਾ ਹੈ। ਮੈਸਾਚਿਊਸੈਟਸ, ਰੋਡ ਆਇਲੈਂਡ ਅਤੇ ਕਨੈਕਟੀਕਟ ਰਾਜਾਂ ਵਿਚ ਹਾਲਾਤ ਸੁਖਾਵੇਂ ਰਹਿਣ ਦੇ ਆਸਾਰ ਹਨ ਪਰ ਦੱਖਣੀ ਰਾਜਾਂ ਵਿਚ ਗਰਮੀ ਰੰਗ ਦਿਖਾ ਰਹੀ ਹੈ ਜਿਥੇ ਤਾਪਮਾਨ ਆਮ ਨਾਲੋਂ 5 ਤੋਂ 10 ਡਿਗਰੀ ਵੱਧ ਚੱਲ ਰਿਹਾ ਹੈ।