ਲੈਬਨਾਨ ਪੇਜਰ ਧਮਾਕਿਆਂ ਵਿਚ ਆਇਆ ਭਾਰਤੀ ਦਾ ਨਾਂ

ਲੈਬਨਾਨ ਵਿਚ ਹੋਏ ਪੇਜਰ ਧਮਾਕਿਆਂ ਨੂੰ ਭਾਰਤੀ ਮੂਲ ਦੇ ਕਾਰੋਬਾਰੀ ਨਾਲ ਜੋੜਿਆ ਜਾ ਰਿਹਾ ਹੈ।

Update: 2024-09-21 11:24 GMT

ਸੋਫੀਆ : ਲੈਬਨਾਨ ਵਿਚ ਹੋਏ ਪੇਜਰ ਧਮਾਕਿਆਂ ਨੂੰ ਭਾਰਤੀ ਮੂਲ ਦੇ ਕਾਰੋਬਾਰੀ ਨਾਲ ਜੋੜਿਆ ਜਾ ਰਿਹਾ ਹੈ। ਜੀ ਹਾਂ, ਕੇਰਲ ਦੇ ਵਾਇਨਾੜ ਵਿਚ ਜੰਮਿਆ ਰਿਨਸਨ ਹੋਜ਼ੇ ਨੌਰਵੇ ਦਾ ਨਾਗਰਿਕ ਹੈ ਅਤੇ ਬੁਲਗਾਰੀਆ ਦੀ ਕੰਪਨੀ ਨੌਰਟਾ ਗਲੋਬਲ ਲਿਮ. ਦੀ ਮਾਲਕੀ ਉਸ ਕੋਲ ਹੈ। ਰਿਨਸਨ ’ਤੇ ਦੋਸ਼ ਹੈ ਕਿ ਉਸ ਦੀ ਕੰਪਨੀ ਨੇ ਹਿਜ਼ਬੁੱਲਾ ਨੂੰ ਪੇਜਰ ਸਪਲਾਈ ਕੀਤੇ ਜਦਕਿ ਪੇਜਰਾਂ ਵਿਚ ਧਮਾਕੇ ਦਾ ਦੋਸ਼ ਇਜ਼ਰਾਈਲ ’ਤੇ ਲੱਗ ਰਿਹਾ ਹੈ। ਵਾਇਨਾੜ ਵਿਖੇ ਰਹਿ ਰਹੇ ਰਿਨਸਨ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ਾਨਾ ਫੋਨ ਕਰਦਾ ਸੀ ਪਰ ਪਿਛਲੇ ਕਈ ਦਿਨ ਤੋਂ ਉਸ ਦਾ ਕੋਈ ਫੋਨ ਨਹੀਂ ਆਇਆ। ਰਿਨਸਨ ਤੋਂ ਇਲਾਵਾ ਹੰਗਰੀ ਨਾਲ ਸਬੰਧਤ ਕੰਪਨੀ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਆਨੋ ਬਾਰਸੋਨੀ ਦਾ ਨਾਂ ਵੀ ਸ਼ੱਕੀਆਂ ਦੀ ਸੂਚੀ ਵਿਚ ਸ਼ਾਮਲ ਹੈ।

ਕੇਰਲ ਦੇ ਵਾਇਨਾੜ ਨਾਲ ਸਬੰਧਤ ਹੈ ਬੁਲਗਾਰੀਅਨ ਕੰਪਨੀ ਦਾ ਮਾਲਕ

ਪੇਜਰ ਸਪਲਾਈ ਕਰਨ ਵਿਚ ਤਾਇਵਾਨ ਤੋਂ ਇਲਾਵਾ ਹੰਗਰੀ ਅਤੇ ਬੁਲਗਾਰੀਆ ਦੀਆਂ ਕੰਪਨੀਆਂ ਦੇ ਨਾਂ ਸਾਹਮਣੇ ਆਏ ਹਨ। ਦੂਜੇ ਪਾਸੇ ਬੁਲਗਾਰੀਆ ਸਰਕਾਰ ਵੱਲੋਂ ਰਿਨਸਨ ਹੋਜ਼ੇ ਨੂੰ ਕਲੀਨ ਚਿਟ ਦੇ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੌਰਟਾ ਗਲੋਬਲ ਅਪ੍ਰੈਲ 2022 ਵਿਚ ਸ਼ੁਰੂ ਹੋਈ ਅਤੇ ਬੁਲਗਾਰੀਅਨ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਨੌਰਟਾ ਗਲੋਬਲ ਵੱਲੋਂ ਕੋਈ ਸ਼ਿਪਮੈਂਟ ਨਹੀਂ ਭੇਜਿਆ ਗਿਆ। ਦੱਸ ਦੇਈਏ ਕਿ ਰਿਨਸਨ ਭਾਰਤ ਵਿਚ ਐਮ.ਬੀ.ਏ. ਕਰਨ ਮਗਰੋਂ ਨੌਰਵੇ ਚਲਾ ਗਿਆ ਅਤੇ ਆਖਰੀ ਵਾਰ ਨਵੰਬਰ 2023 ਵਿਚ ਆਪਣੇ ਪਿੰਡ ਆਇਆ ਸੀ। ਉਹ ਨਾਰਵੇ ਵਿਚ ਸਲਾਹਕਾਰ ਫਰਮ ਚਲਾਉਂਦਾ ਸੀ। ਸੂਤਰਾਂ ਨੇ ਦੱਸਿਆ ਕਿ ਰਿਨਸਨ ਇਸ ਵੇਲੇ ਅਮਰੀਕਾ ਵਿਚ ਹੈ ਅਤੇ ਉਸ ਦੀ ਨੌਰਟਾ ਗਲੋਬਲ ਇਜ਼ਰਾਈਲ ਵੱਲੋਂ ਬਣਾਈ ਫਰਜ਼ੀ ਕੰਪਨੀ ਹੋ ਸਕਦੀ ਹੈ।

ਪਿਤਾ ਨੇ ਕਿਹਾ, ਕਈ ਦਿਨ ਤੋਂ ਨਹੀਂ ਆਇਆ ਫੋਨ

ਕੇਰਲ ਪੁਲਿਸ ਉਸ ਦੇ ਮਾਪਿਆਂ ਨੂੰ ਮਿਲਣ ਘਰ ਗਈ ਪਰ ਹੁਣ ਤੱਕ ਅਧਿਕਾਰਤ ਤੌਰ ’ਤੇ ਪੁੱਛ ਪੜਤਾਲ ਨਹੀਂ ਕੀਤੀ ਜਾ ਸਕੀ। ਕਿਸੇ ਵੇਲੇ ਰਿਨਸਨ ਦੇ ਪਿਤਾ ਦਰਜੀ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਟੇਲਰ ਮਾਸਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਥੇ ਦਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਤਾਇਵਾਨੀ ਕੰਪਨੀ ਗੋਲਡ ਅਪੋਲੋ ਵੱਲੋਂ ਪੇਜਰ ਤਿਆਰ ਕੀਤੇ ਹੋਣ ਦਾ ਜ਼ਿਕਰ ਕੀਤਾ ਗਿਆ ਪਰ ਗੋਲਡ ਅਪੋਲੋ ਨੇ ਸਾਫ਼ ਨਾਂਹ ਕਰ ਦਿਤੀ। ਗੋਲਡ ਅਪੋਲੋ ਨੇ ਇਹ ਵੀ ਕਿਹਾ ਸੀ ਕਿ ਭਾਵੇਂ ਪੇਜਰਾਂ ’ਤੇ ਮਾਰਕਾ ਉਨ੍ਹਾਂ ਦੀ ਕੰਪਨੀ ਦਾ ਹੈ ਪਰ ਅਸਲ ਵਿਚ ਉਨ੍ਹਾਂ ਵੱਲੋਂ ਤਿਆਰ ਨਹੀਂ ਕੀਤੇ ਗਏ। ਸੰਭਾਵਤ ਤੌਰ ’ਤੇ ਪੇਜਰ ਹੰਗਰੀ ਦੀ ਕੰਪਨੀ ਬੀ.ਏ.ਸੀ. ਵੱਲੋਂ ਤਿਆਰ ਕੀਤੇ ਗਏ ਜਿਸ ਦਾ ਮੁੱਖ ਦਫ਼ਤਰ ਬੁਡਾਪੇਸਟ ਵਿਖੇ ਸਥਿਤ ਹੈ। ਕੰਪਨੀ ਦੀ ਮੁੱਖ ਕਾਰਜਕਾਰੀ ਅਫਸਰ ਬਾਰਸੋਨੀ 7 ਭਾਸ਼ਾਵਾਂ ਦੀ ਜਾਣਕਾਰੀ ਹੈ ਅਤੇ ਪ੍ਰੈਕਟੀਕਲ ਫਿਜ਼ਿਕਸ ਵਿਚ ਪੀ.ਐਚ.ਡੀ. ਵੀ ਕੀਤੀ ਹੋਈ ਹੈ।

Tags:    

Similar News