ਦੇਵੀ ਨਹੀਂ ਡੈਣ ਸੀ ਸਿੰਗਾਪੁਰ ਦੀ ਇਹ ਧਰਮ ਗੁਰੂ, ਹੁਣ ਹੋਈ ਜੇਲ੍ਹ

ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ਵੱਲੋਂ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਵਿਚ ਸਿਰਫ਼ ਭਾਰਤ ਵਿਚ ਨਹੀਂ ਬਲਕਿ ਸਿੰਗਾਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਸਿੰਗਾਪੁਰ ਦੀ ਇਕ ਮਹਿਲਾ ਧਰਮ ਗੁਰੂ ਵੂ ਮੇ ਹੋ ਨੂੰ ਲੋਕਾਂ ਨਾਲ ਮੋਟੀ ਠੱਗੀ ਕਰਨ ਦੇ ਮਾਮਲੇ ਵਿਚ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ ਐ;

Update: 2024-06-30 12:21 GMT

ਸਿੰਗਾਪੁਰ : ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ਵੱਲੋਂ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਵਿਚ ਸਿਰਫ਼ ਭਾਰਤ ਵਿਚ ਨਹੀਂ ਬਲਕਿ ਸਿੰਗਾਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਸਿੰਗਾਪੁਰ ਦੀ ਇਕ ਮਹਿਲਾ ਧਰਮ ਗੁਰੂ ਵੂ ਮੇ ਹੋ ਨੂੰ ਲੋਕਾਂ ਨਾਲ ਮੋਟੀ ਠੱਗੀ ਕਰਨ ਦੇ ਮਾਮਲੇ ਵਿਚ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ ਐ। ਧਰਮ ਗੁਰੂ ’ਤੇ ਦੋਸ਼ ਐ ਕਿ ਉਹ ਆਪਣੇ ਭਗਤਾਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਦੱਸਦੀ ਸੀ ਕਿ ਉਹ ਇਕ ਦੇਵੀ ਐ। ਹੋਰ ਤਾਂ ਹੋਰ ਉਹ ਆਦੇਸ਼ ਦਾ ਪਾਲਣ ਨਾ ਕਰਨ ਵਾਲੇ ਭਗਤਾਂ ਨੂੰ ਅਜਿਹੀ ਸਜ਼ਾ ਦਿੰਦੀ ਸੀ, ਜਿਸ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਦੇਖੋ ਪੂਰੀ ਖ਼ਬਰ।

ਸਿੰਗਾਪੁਰ ਵਿਚ ਇਕ 54 ਸਾਲਾਂ ਦੀ ਧਰਮ ਗੁਰੂ ਵੂ ਮੇਅ ਹੋ ਨੂੰ ਆਪਣੇ ਭਗਤਾਂ ਨਾਲ 43 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸਾਢੇ 10 ਸਾਲ ਦੀ ਸਜ਼ਾ ਸੁਣਾਈ ਗਈ ਐ। ਉਸ ’ਤੇ ਆਪਣੇ ਭਗਤਾਂ ਨਾਲ ਧੋਖਾਧੜੀ ਕਰਨ ਦੇ ਨਾਲ ਨਾਲ ਉਨ੍ਹਾਂ ’ਤੇ ਤਸ਼ੱਦਦ ਕਰਨ ਸਮੇਤ ਪੰਜ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਏ। ਉਹ ਆਪਣੇ ਭਗਤਾਂ ਨੂੰ ਆਖਦੀ ਸੀ ਕਿ ਉਹ ਇਕ ਦੇਵੀ ਐ, ਉਸ ਦੇ ਆਦੇਸ਼ਾਂ ਦਾ ਪਾਲਣ ਕਰੋ ਅਤੇ ਜੇਕਰ ਕੋਈ ਆਦੇਸ਼ਾਂ ਦਾ ਪਾਲਣ ਨਹੀਂ ਕਰਦਾ ਸੀ ਤਾਂ ਉਸ ਨੂੰ ਭਿਆਨਕ ਸਜ਼ਾ ਦਿੰਦੀ ਸੀ। ਇਹ ਵੀ ਕਿਹਾ ਜਾ ਰਿਹਾ ਏ ਕਿ ਉਹ ਅਜਿਹੇ ਭਗਤਾਂ ਨੂੰ ਆਪਣਾ ਮਲ ਖਿਲਾਉਂਦੀ ਸੀ ਅਤੇ ਪਲਾਸ ਨਾਲ ਉਨ੍ਹਾਂ ਦੇ ਦੰਦ ਕੱਢਣ ਲਈ ਕਹਿੰਦੀ ਸੀ। ਇੱਥੇ ਹੀ ਬਸ ਨਹੀਂ, ਉਹ ਭਗਤਾਂ ’ਤੇ ਕੈਂਚੀ ਨਾਲ ਵਾਰ ਕਰਦੀ ਸੀ ਅਤੇ ਉਨ੍ਹਾਂ ਨੂੰ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਕੁੱਦਣ ਲਈ ਆਖ ਦਿੰਦੀ ਸੀ।

ਸਿੰਗਾਪੁਰ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਵੂ ਮੇਅ ਹੋ ਖ਼ੁਦ ਨੂੰ ਭਾਰਤੀ ਧਰਮ ਗੁਰੂ ਸ੍ਰੀ ਸ਼ਕਤੀ ਨਾਰਾਇਣੀ ਅੰਮਾ ਦਾ ਭਗਤ ਦੱਸਦੀ ਐ ਅਤੇ ਉਹ ਸਿੰਗਾਪੁਰ ਵਿਚ ਸਾਲ 2012 ਤੋਂ 30 ਭਗਤਾਂ ਦੇ ਸਮੂਹ ਵਾਲਾ ਇਕ ਆਸ਼ਰਮ ਚਲਾਉਂਦੀ ਰਹੀ ਐ। ਉਹ ਲੋਕਾਂ ਨੂੰ ਦੇਵੀ ਵਰਗਾ ਰੂਪ ਦਿਖਾਉਣ ਲਈ ਹਮੇਸ਼ਾਂ ਦੇਵੀ ਵਾਂਗ ਸਾੜ੍ਹੀ ਅਤੇ ਮੇਕਅੱਪ ਕਰਕੇ ਰੱਖਦੀ ਸੀ। ਸਾਲ 2012 ਵਿਚ ਉਸ ਨੇ ਖ਼ੁਦ ਨੂੰ ਦੇਵਤਿਆਂ ਅਤੇ ਆਤਮਾਵਾਂ ਨਾਲ ਗੱਲ ਕਰਨ ਵਾਲੀ ਦੇਵੀ ਦੇ ਰੂਪ ਵਿਚ ਪ੍ਰਚਾਰਿਤ ਕੀਤਾ, ਜਿਸ ਤੋਂ ਬਾਅਦ ਉਸ ਦੇ ਕੋਲ ਬਹੁਤ ਸਾਰੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗ ਪਏ।

ਅਦਾਲਤ ਵਿਚ ਹੂ ਮੇਅ ਦੇ ਭਗਤਾਂ ਨੇ ਦੱਸਿਆ ਕਿ ਅਸੀਂ ਆਪਣੀਆ ਬਿਮਾਰੀਆਂ ਠੀਕ ਕਰਨ ਅਤੇ ਜੀਵਨ ਚੰਗਾ ਬਣਾਉਣ ਲਈ ਉਸ ਦੇ ਕੋਲ ਜਾਂਦੇ ਸੀ, ਇਸੇ ਦੌਰਾਨ ਉਹ ਲੋਕਾਂ ਤੋਂ ਪੈਸੇ ਮੰਗਦੀ ਸੀ ਅਤੇ ਕਹਿੰਦੀ ਸੀ ਕਿ ਆਪਣੇ ਬੁਰਾ ਕਰਮਾਂ ਨੂੰ ਸਾਫ਼ ਕਰਨ ਲਹੀ ਭਾਰਤ ਵਿਚ ਅੰਮਾ ਨੂੰ ਪੈਸੇ ਭੇਜਣੇ ਹੋਣਗੇ। ਇਸੇ ਤਰ੍ਹਾਂ ਕਰਕੇ ਉਸ ਨੇ ਆਪਣੇ ਭਗਤਾਂ ਕੋਲੋਂ 43 ਕਰੋੜ ਰੁਪਏ ਠੱਗ ਲਏ।

ਦੱਸ ਦਈਏ ਕਿ ਹੂ ਮੇਅ ਦੇ ਭਗਤਾਂ ਨੇ ਸਾਲ 2020 ਦੇ ਸ਼ੁਰੂ ਵਿਚ ਉਸ ’ਤੇ ਮਾਰਕੁੱਟ ਕਰਨ ਦਾ ਕੇਸ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਅਕਤੂਬਰ 2020 ਵਿਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਅਦਾਲਤ ਨੇ ਉਸ ਨੂੰ ਸਾਢੇ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਐ।

Tags:    

Similar News