Trump ਦੀ mental health ਖ਼ਤਰਨਾਕ ਹੱਦ ਤੱਕ ਵਿਗੜੀ!
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਮਾਨਸਿਕ ਹਾਲਤ ਖ਼ਤਰਨਾਕ ਹੱਦ ਤੱਕ ਵਿਗੜਨ ਦੇ ਦੋਸ਼ਾਂ ਨੂੰ ਵਾਈਟ ਹਾਊਸ ਵੱਲੋਂ ਸਰਾਸਰ ਬੇਬੁਨਿਆਦ ਕਰਾਰ ਦਿਤਾ ਗਿਆ ਹੈ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਮਾਨਸਿਕ ਹਾਲਤ ਖ਼ਤਰਨਾਕ ਹੱਦ ਤੱਕ ਵਿਗੜਨ ਦੇ ਦੋਸ਼ਾਂ ਨੂੰ ਵਾਈਟ ਹਾਊਸ ਵੱਲੋਂ ਸਰਾਸਰ ਬੇਬੁਨਿਆਦ ਕਰਾਰ ਦਿਤਾ ਗਿਆ ਹੈ। ‘ਦਾ ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਟਰੰਪ ਦੀ ਮਾਨਸਿਕ ਹਾਲਤ ਵਿਚ ਕਥਿਤ ਵਿਗਾੜ ਦੇ ਲੱਛਣ ਤਾਂ ਪਹਿਲਾਂ ਵੀ ਦੇਖੇ ਗਏ ਪਰ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ’ਤੇ ਚਿਹਰੇ ’ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ ਜਿਨ੍ਹਾਂ ਨੇ ਬੀਤੇ ਦਿਨ ਟਰੰਪ ਨਾਲ ਮੁਲਾਕਾਤ ਕੀਤੀ। ਉਧਰ ਵਾਈਟ ਹਾਊਸ ਦਾ ਕਹਿਣਾ ਹੈ ਕਿ ਅਣਪਛਾਤੇ ਯੂਰਪੀ ਡਿਪਲੋਮੈਟਸ ਜਾਣ ਬੁੱਝ ਕੇ ਅਫ਼ਵਾਹਾਂ ਫੈਲਾਉਣ ਦਾ ਯਤਨ ਕਰ ਰਹੇ ਹਨ। ਡੌਨਲਡ ਟਰੰਪ ਪੰਜ ਮਹੀਨੇ ਬਾਅਦ 80 ਵਰਿ੍ਹਆਂ ਦੇ ਹੋ ਜਾਣਗੇ ਅਤੇ ਕਿਸੇ ਵੇਲੇ ਜੋਅ ਬਾਇਡਨ ਦੀ ਸਿਹਤ ਬਾਰੇ ਮਖੌਲ ਕਰਨ ਵਾਲਾ ਸ਼ਖਸ ਖੁਦ ਗੰਭੀਰ ਸਿਹਤ ਸਮੱਸਿਆਵਾਂ ਵਿਚ ਘਿਰਿਆ ਮਹਿਸੂਸ ਹੋ ਰਿਹਾ ਹੈ। ਮੀਡੀਆ ਰਿਪੋਰਟ ਕਹਿੰਦੀ ਹੈ ਕਿ ਟਰੰਪ ਨੂੰ ਕਈ ਮੌਕਿਆਂ ’ਤੇ ਆਪਣੇ ਮੁੱਦੇ ਤੋਂ ਭਟਕਦਿਆਂ ਅਤੇ ਵੱਖ ਵੱਖ ਆਗੂਆਂ ਦੇ ਨਾਂ ਰਲਗੱਡ ਕਰਦਿਆਂ ਦੇਖਿਆ ਗਿਆ। ਟਰੰਪ ਦੇ ਚੀਫ਼ ਆਫ਼ ਸਟਾਫ਼ ਵੱਲੋਂ ਕੈਬਨਿਟ ਮੰਤੀਆਂ ਨੂੰ ਬਿਲਕੁਲ ਸੰਖੇਪ ਜਾਣਕਾਰੀ ਲਿਆਉਣ ਦੀ ਹਦਾਇਤ ਦਿਤੀ ਗਈ ਹੈ।
ਵਾਈਟ ਹਾਊਸ ਨੇ ਯੂਰਪੀ ਡਿਪਲੋਮੈਟਸ ’ਤੇ ਲਾਏ ਅਫ਼ਵਾਹਾਂ ਫੈਲਾਉਣ ਦੇ ਦੋਸ਼
ਰਿਪੋਰਟ ਮੁਤਾਬਕ ਕੁਝ ਆਲੋਚਕਾਂ ਨੇ ਤਾਂ ਹੱਦ ਹੀ ਕਰ ਦਿਤੀ ਅਤੇ ਕਹਿਣ ਲੱਗੇ ਟਰੰਪ ਗੱਲਾਂ ਭੁੱਲਣ ਲੱਗੇ ਹਨ ਅਤੇ ਬੋਲਣ ਵਿਚ ਵੀ ਸਮੱਸਿਆ ਆ ਰਹੀ ਹੈ ਜੋ ਡਿਮੈਂਸ਼ੀਆ ਦੇ ਲੱਛਣ ਮੰਨੇ ਜਾ ਸਕਦੇ ਹਨ। ਸਿਰਫ਼ ਟਰੰਪ ਦੇ ਵਿਰੋਧੀ ਇਹ ਦੋਸ਼ ਨਹੀਂ ਲਾ ਰਹੇ ਸਗੋਂ ਪ੍ਰਸਿੱਧ ਸਾਇਕੌਲੋਜਿਸਟ ਡਾ. ਜੌਹਨ ਗਾਰਟਨਰ ਦਾ ਕਹਿਣਾ ਹੈ ਕਿ ਟਰੰਪ ਦੀਆਂ ਸਰਗਰਮੀਆਂ ਦੌਰਾਨ ਡਿਮੈਂਸ਼ੀਆ ਦੇ ਲੱਛਣਾਂ ਵਿਚ ਤੇਜ਼ ਵਾਧਾ ਹੋਇਆ ਹੈ। ਟਰੰਪ ਦੀ ਭਤੀਜੀ ਮੈਰੀ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਫਰੈੱਡ ਟਰੰਪ ਨੂੰ ਵੀ ਵਡੇਰੀ ਉਮਰ ਵਿਚ ਡਿਮੈਂਸ਼ੀਆ ਨੇ ਘੇਰ ਲਿਆ। ਚੇਤੇ ਰਹੇ ਕਿ ਸਵਿਟਜ਼ਰਲੈਂਡ ਵਿਖੇ ਵਰਲਡ ਇਕਨੌਮਿਕ ਫੋਰਮ ਦੇ ਸੰਮੇਲਨ ਦੌਰਾਨ ਟਰੰਪ ਗਰੀਨਲੈਂਡ ਅਤੇ ਆਈਲੈਂਡ ਦੇ ਮੁੱਦੇ ਭੰਬਲਭੂਸੇ ਵਿਚ ਨਜ਼ਰ ਆਏ ਜਦਕਿ ਅਜ਼ਰਬਾਇਜਾਨ ਨੂੰ ਅੱਬਾ ਬਾਇਜਾਨ ਕਹਿੰਦੇ ਸੁਣੇ ਗਏ। ਬਤੌਰ ਰਾਸ਼ਟਰਪਤੀ ਇਕ ਸਾਲ ਪੂਰਾ ਕਰਨ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਆਪਣੇ ਬਚਪਨ ਦੀਆਂ ਗੱਲਾਂ ਛੇੜ ਲਈਆਂ ਅਤੇ ਪੱਤਰਕਾਰਾਂ ਨੂੰ ਦੱਸਣ ਲੱਗੇ ਕਿ ਉਨ੍ਹਾਂ ਮਾਂ ਨੂੰ ਪੂਰਾ ਯਕੀਨ ਸੀ ਕਿ ਉਹ ਇਕ ਬਿਹਤਰੀਨ ਬੇਸਬਾਲ ਖਿਡਾਰੀ ਬਣਨਗੇ।
5 ਮਹੀਨੇ ਬਾਅਦ 80 ਸਾਲ ਦੇ ਹੋ ਜਾਣਗੇ ਅਮਰੀਕਾ ਦੇ ਰਾਸ਼ਟਰਪਤੀ
ਟਰੰਪ ਇਸ ਤੋਂ ਵੀ ਅੱਗੇ ਵਧ ਗਏ ਅਤੇ ਕਹਿਣ ਲੱਗੇ ਕਿ ਰੱਬ ਨੂੰ ਵੀ ਉਨ੍ਹਾਂ ਦੇ ਮੁੜ ਰਾਸ਼ਟਰਪਤੀ ਬਣਨ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਟਰੰਪ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਬਾਰੇ ਸਹਿਮਤ ਲੋਕਾਂ ਵਿਚ ਵਾਈਟ ਹਾਊਸ ਦੇ ਸਾਬਕਾ ਵਕੀਲ ਟਾਇ ਕੌਬ ਵੀ ਸ਼ਾਮਲ ਹਨ। ਉਹ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਤੈਨਾਤ ਸਨ ਅਤੇ ਉਨ੍ਹਾਂ ਨੇ ਗਰੀਨਲੈਂਡ ਬਾਰੇ ਰਾਸ਼ਟਰਪਤੀ ਦੀ ਟਿੱਪਣੀ ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਕੋਈ ਸਧਾਰਣ ਇਨਸਾਨ ਜਾਂ ਕਿਸੇ ਮੁਲਕ ਦਾ ਰਾਸ਼ਟਰਪਤੀ ਅਜਿਹੀਆਂ ਗੱਲਾਂ ਨਹੀਂ ਕਰ ਸਕਦਾ। ਦੂਜੇ ਪਾਸੇ ਟੀਮ ਟਰੰਪ ਉਨ੍ਹਾਂ ਦੀ ਸਿਹਤ ਬਾਰੇ ਕੁਝ ਵੀ ਗਲਤ ਸੁਣਨ ਨੂੰ ਤਿਆਰ ਨਹੀਂ। ਇਹ ਮੁੱਦਾ ਟਰੰਪ ਨੂੰ ਵੀ ਗੁੱਸਾ ਚੜ੍ਹਾ ਦਿੰਦਾ ਹੈ ਪਰ ਰਾਸ਼ਟਰਪਤੀ ਦੇ ਹੱਥ ’ਤੇ ਅਕਸਰ ਨਜ਼ਰ ਆਉਣ ਵਾਲਾ ਕਾਲਾ ਜਾਂ ਨੀਲ ਪੈਣ ਵਰਗਾ ਦਾਗ ਇਕ ਵੱਖਰੀ ਕਹਾਣੀ ਬਿਆਨ ਕਰ ਰਿਹਾ ਹੈ। ਟਰੰਪ ਦੇ ਕਾਰਜਕਾਲ ਦੇ ਤਿੰਨ ਵਰ੍ਹੇ ਬਾਕੀ ਹਨ ਅਤੇ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਵੀ ਅਕਸਰ ਉਨ੍ਹਾਂ ਦੇ ਮੂੰਹੋਂ ਸੁਣਿਆ ਗਿਆ ਜਿਸ ਦੀ ਇਜਾਜ਼ਤ ਅਮਰੀਕਾ ਦਾ ਸੰਵਿਧਾਨ ਨਹੀਂ ਦਿੰਦਾ।